ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਪੂਰਨ ਭਰੋਸਾ ਪ੍ਰਗਟਾਇਆ ਤੇ ਕਿਹਾ ਕਿ ਪਾਰਟੀ ਪ੍ਰਧਾਨ ਹੀ ਇਸ ਮੌਕੇ ਪਾਰਟੀ ਦੀ ਅਗਵਾਈ ਕਰਨ ਲਈ ਸਭ ਤੋਂ ਸਮਰਥ
ਫਤਿਹਗੜ੍ਹ ਸਾਹਿਬ 1 ਅਗਸਤ : ਸ਼੍ਰੋਮਣੀ ਅਕਾਲੀ ਦਲ ਦੀ ਫਤਿਹਗੜ੍ਹ ਸਾਹਿਬ ਇਕਾਈ ਨੇ ਅੱਜ ਸਰਬਸੰਮਤੀ ਨਾਲ ਮਤਾ ਪਾਸ ਕਰ ਕੇ ਪਾਰਟੀ ਹਾਈ ਕਮਾਂਡ ਨੂੰ ਅਪੀਲ ਕੀਤੀ ਕਿ ਜ਼ਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਭੁੱਟਾ ਤੇ ਉਹਨਾਂ ਦੇ ਸਾਥੀਆਂ ਵੱਲੋਂ ਵਿਰੋਧੀ ਪਾਰਟੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਇਸ਼ਾਰੇ ’ਤੇ ਅਕਾਲੀ ਦਲ ਨੂੰ ਕਮਜੋਰ ਕਰਨ ਲਈ ਸਾਜ਼ਿਸ਼ ਰਚਣ ’ਤੇ ਤੁਰੰਤ ਪਾਰਟੀ ਵਿਚੋਂ ਬਾਹਰ ਕੱਢਿਆ ਜਾਵੇ।
ਜ਼ਿਲ੍ਹਾ ਇਕਾਈ, ਜਿਸਦੀ ਮੀਟਿੰਗ ਪ੍ਰਧਾਨ ਸਰਦਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਹੋਈ, ਨੇ ਅਕਾਲੀ ਦਲ ਤੇ ਇਸਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ ਬੇਬੁਨਿਆਦ ਦੋਸ਼ ਲਗਾ ਕੇ ਪਿੱਠ ਵਿਚ ਛੁਰਾ ਮਾਰਨ ਵਾਲਿਆਂ ਨੂੰ ਲੋਕਤੰਤਰੀ ਕਦਰਾਂ ਕੀਮਤਾਂ ਮੁਤਾਬਕ ਢੁਕਵੀਂ ਕਾਰਵਾਈ ਦਾ ਸਾਹਮਣਾ ਕਨ ਲਈ ਤਿਆਰ ਰਹਿਣ ਵਾਸਤੇ ਚੇਤਾਵਨੀ ਵੀ ਦਿੱਤੀ।
ਜ਼ਿਲ੍ਹਾ ਇਕਾਈ ਜਿਸ ਵਿਚ ਸਰਕਲ ਜਥੇਦਾਰ, ਸ਼੍ਰੋਮਣੀ ਕਮੇਟੀ ਮੈਂਬਰ, ਯੂਥ ਅਕਾਲੀ ਦਲ ਤੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਮੈਂਬਰ ਸ਼ਾਮਲ ਸਨ, ਨੇ ਮਤਾ ਪਾਸ ਕਰ ਕੇ ਅਕਾਲੀ ਦਲ ਹਾਈ ਕਮਾਂਡ ਨੁੰ ਅਪੀਲ ਕੀਤੀ ਕਿ ਮੌਕਾਪ੍ਰਸਤ ਆਗੂਆਂ ਨੂੰ ਹਮੇਸ਼ਾ ਲਈ ਪਾਰਟੀ ਵਿਚੋਂ ਕੱਢਿਆ ਜਾਵੇ ਤੇ ਇਹ ਸ਼ਰਤ ਰੱਖੀ ਜਾਵੇ ਕਿ ਇਹਨਾਂ ਨੁੰ ਕਦੇ ਵੀ ਮੁੜ ਪਾਰਟੀ ਵਿਚ ਨਹੀਂ ਲਿਆ ਜਾਵੇਗਾ। ਉਹਨਾਂ ਕਿਹਾ ਕਿ ਜੇਕਰ ਇਹ ਦਲ ਬਦਲੂ ਫਿਰ ਤੋਂ ਪਾਰਟੀ ਵਿਚ ਆ ਗਏ ਤਾਂ ਪਾਰਟੀ ਦੇ ਅਸਲ ਵਫਾਦਾਰ ਵਰਕਰਾਂ ਦੇ ਹੌਂਸਲੇ ਪਸਤ ਹੁੰਦੇ ਹਨ।
ਇਕੱਠ ਨੂੰ ਸੰਬੋਧਨ ਕਰਦਿਆਂ ਸਰਦਾਰ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਸਾਬਕਾ ਚੇਅਰਮੈਨ ਤੇ ਉਹਨਾਂ ਦੀ ਜੁੰਡਲੀ ਨੇ ਪਿਛਲੇ 10 ਸਾਲਾਂ ਤੋਂ ਲਗਾਤਾਰ ਤਾਕਤਾਂ ਹਥਿਆਈਆਂ ਹੋਈਆਂ ਸਨ ਤੇ ਆਪਣੇ ਲਈ ਵੱਧ ਤੋਂ ਵੱਧ ਲਾਭ ਲਏ। ਹੁਣ ਜਦੋਂ ਚੋਣਾਂ ਵਿਚ ਪਾਰਟੀ ਦੀ ਹਾਰ ਹੋਈ ਹੈ ਤਾਂ ਉਹ ਪਾਰਟੀ ਪ੍ਰਧਾਨ ’ਤੇ ਨਿਸ਼ਾਨਾ ਬਣਾਉਣ ਲਈ ਸਾਡੇ ਵਿਰੋਧੀਆਂ ਦੇ ਹੱਥਾਂ ਵਿਚ ਕਠਪੁਤਲੀ ਬਣ ਗਏ ਹਨ। ਉਹਨਾਂ ਕਿਹਾ ਕਿ ਪਾਰਟੀ ਸਰਦਾਰ ਸੁਖਬੀਰ ਸਿੰਘ ਬਾਦਲ ਨਾਲ ਚੱਟਾਨ ਵਾਂਗੂ ਖੜ੍ਹੀ ਹੈ ਤੇ ਉਹਨਾਂ ਦੀ ਲੀਡਰਸ਼ਿਪ ’ਤੇ ਪੂਰਾ ਭਰੋਸਾ ਕਰਦੀ ਹੈ। ਸਰਦਾਰ ਬਾਦਲ ਹੀ ਅਕਾਲੀ ਦਲ ਦੀ ਅਗਵਾਈ ਕਰਨ ਦੇ ਸਭ ਤੋਂ ਸਮਰਥ ਆਗੂ ਹਨ ਜੋ ਸੰਕਟ ਵੇਲੇ ਪਾਰਟੀ ਦੀ ਅਗਵਾਈ ਕਰ ਸਕਦੇ ਹਨ ਤੇ ਸਾਨੂੰ ਸਾਰਿਆਂ ਨੁੰ ਉਹਨਾਂ ਦੇ ਹੱਥ ਮਜ਼ਬੂਤ ਕਰਨੇ ਚਾਹੀਦੇ ਹਨ।
ਅਮਲੋਹ ਤੋਂ ਪਾਰਟੀ ਦੇ ਆਗੂ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਝੂੰਦਾਂ ਕਮੇਟੀ ਦੀ ਰਿਪੋਰਟ ਦੀ ਗੱਲ ਕਰਦਿਆਂ ਕਿਹਾ ਕਿ ਕਮੇਟੀ ਨੇ ਕਿਤੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ’ਤੇ ਸਵਾਲ ਨਹੀਂ ਚੁੱਕੇ। ਇਸਨੇ 42 ਸਿਫਾਰਸ਼ਾਂ ਕੀਤੀਆਂ ਹਨ ਜੋ ਪਾਰਟੀ ਦੀ ਕੋਰ ਕਮੇਟੀ ਨੂੰ ਸੌਂਪੀਆਂ ਗਈਆਂ ਤੇ ਇਹ ਸਿਫਾਰਸ਼ਾਂ ਸਮੇਂ ਦੇ ਲਿਹਾਜ਼ ਨਾਲ ਲਾਗੂ ਕੀਤੀਆਂ ਜਾਣਗੀਆਂ।ਉਹਨਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸ਼ਿਕਾਇਤ ਹੈ ਤਾਂ ਉਹ ਪਾਰਟੀ ਹਾਈ ਕਮਾਂਡ ਕੋਲ ਪਹੁੰਚ ਕਰ ਸਕਦਾ ਹੈ ਪਰ ਪਾਰਟੀ ਦੀ ਪਿੱਠ ਵਿਚ ਛੁਰਾ ਮਾਰਨਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਯੂਥ ਅਕਾਲੀ ਆਗੂ ਸਰਦਾਰ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪਹਿਲਾਂ 2007 ਤੋਂ 2012 ਤੇ ਫਿਰ 2012 ਤੋਂ 2017 ਤੱਕ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੇਲੇ ਲਾਮਿਸਾਲ ਵਿਕਾਸ ਕਾਰਜ ਕਰਵਾਏ ਗਏ ਤੇ ਅਨੇਕਾਂ ਨਿਵੇਕਲੀਆਂ ਸਮਾਜ ਭਲਾਈ ਸਕੀਮਾਂ ਲਾਗੂ ਕੀਤੀਆਂ ਗਈਆਂ। ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬ ਨੂੰ ਬਿਜਲੀ ਸਰਪਲੱਸ ਬਣਾਉਣ ਤੇ ਸੜਕਾਂ ਤੇ ਹਵਾਈ ਅੱਡਿਆਂ ਦੇ ਰੂਪ ਵਿਚ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਸਥਾਪਿਤ ਕਰਨ ਲਈ ਇਕੱਲਿਆਂ ਜ਼ਿੰਮੇਵਾਰ ਹਨ। ਅਕਾਲੀ ਦਲ ਨੇ ਹਮੇਸ਼ਾ ਪੰਜਾਬੀਆਂ ਦੇ ਹੱਕਾਂ ਲਈ ਲੜਾਈ ਲੜੀ ਹੈ ਤੇ ਕਦੇ ਵੀ ਉਹਨਾਂ ਨੂੰ ਹੇਠਾਂ ਨਹੀਂ ਲੱਗਣ ਦਿੱਤਾ ਜਦੋਂ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਝੂਠੇ ਵਾਅਦੇ ਕੀਤੇ ਤੇ ਆਪ ਦੇ ਕਾਰਜਕਾਲ ਵਿਚ ਤਾਂ ਹਾਲਾਤ ਹੀ ਬਹੁਤ ਮਾੜੇ ਹੋਏ ਪਏ ਹਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਸਰਦਾਰ ਰਵਿੰਦਰ ਸਿੰਘ ਖਾਲਸਾ ਤੇ ਅਵਤਾਰ ਸਿੰਘ ਰਈਆ ਨੇ ਵੀ ਸੰਬੋਧਨ ਕੀਤਾ।