ਆਮ ਆਦਮੀ ਪਾਰਟੀ ਨੇ 21 ਲੱਖ ਰੁਪਏ ਕਾਗਜ਼ ਰਹਿਤ ਬਜਟ ਪੇਸ਼ ਕਰ ਕੇ ਬਚਾਉਣ ਦਾ ਪ੍ਰਚਾਰ ਕੀਤਾ ਜਦੋਂ ਕਿ 5 ਕਰੋੜ ਰੁਪਏ ਖੋਖਲੇ ਦਾਅਵਿਆਂ ਦੇ ਇਸ਼ਤਿਹਾਰਾਂ ’ਤੇ ਖਰਚ ਕੀਤੇ : ਸ. ਬਲਵਿੰਦਰ ਸਿੰਘ ਭੂੰਦੜ
ਚੰਡੀਗੜ੍ਹ, 28 ਜੂਨ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਦੇਸ਼ ਭਰ ਵਿਚ ਇਸ਼ਤਿਹਾਰਾਂ ’ਤੇ ਬਰਬਾਦ ਕੀਤੇ ਪੈਸੇ ਬਾਰੇ ਵ੍ਹਾਈਟ ਪੇਪਰ ਜਾਰੀ ਕੀਤਾ ਜਾਵੇ ਅਤੇ ਕਿਹਾ ਕਿ ਸਰਕਾਰ ਇਹ ਦਾਅਵਾ ਕਰ ਕੇ ਸਸਤੀ ਸ਼ੌਹਰਤ ਹਾਸਲ ਕਰਨ ਦਾ ਯਤਨ ਕਰ ਰਹੀ ਹੈ ਕਿ ਉਸਨੇ ਕਾਗਜ਼ਰਹਿਤ ਬਜਟ ਪੇਸ਼ ਕਰ ਕੇ 21 ਲੱਖ ਰੁਪਏ ਦੀ ਬੱਚਤ ਕੀਤੀ ਹੈ ਜਦੋਂ ਕਿ ਇਸਨੇ ਖੋਖਲੇ ਦਾਅਵਿਆਂ ਬਾਰੇ ਇਸ਼ਤਿਹਾਰਾਂ ’ਤੇ 5 ਕਰੋੜ ਰੁਪਏ ਖਰਚ ਕੀਤੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਵਿੱਤ ਮੰਤਰੀ ਇਹ ਦਾਅਵੇ ਕਰ ਰਹੇ ਹਨ ਕਿ ਉਸਨੇ ਕਾਗਜ਼ ਰਹਿਤ ਬਜਟ ਪੇਸ਼ ਕਰ ਕੇ 21 ਲੱਖ ਰੁਪਏ ਦੀ ਬੱਚਤ ਕਰ ਲਈ ਜਦੋਂ ਕਿ ਇਸਨੇ ਖਿੱਤੇ ਦੇ ਸਾਰੇ ਅਖ਼ਬਾਰਾਂ ਵਿਚ ਇਸ਼ਤਿਹਾਰਾਂ ਰਾਹੀਂ 5 ਕਰੋੜ ਰੁਪਏ ਬਰਬਾਦ ਕਰ ਦਿੱਤੇ। ਉਹਨਾਂ ਕਿਹਾ ਕਿ ਵਿੱਤ ਮੰਤਰੀ ਨੇ ਦਾਅਵਾ ਕੀਤਾ ਸੀਕਿ ਕਾਗਜ਼ਰਹਿਤ ਬਜਟ ਪੇਸ਼ ਕਰਨ ਨਾਲ 800 ਦਰੱਖਤਾਂ ਦੀ ਬੱਚਤ ਹੋਈ ਹੈ ਪਰ ਅਸਲ ਵਿਚ ਆਮ ਆਦਮੀ ਪਾਰਟੀ ਸਰਕਾਰ ਨੇ ਸਸਤੀ ਸ਼ੌਹਰਤ ਹਾਸਲ ਕਰਨ ਵਾਸਤੇ ਅਖ਼ਬਾਰਾਂ ਵਿਚ ਪੂਰੇ ਸਫੇ ਦੇ ਇਸ਼ਤਿਹਾਰ ਦੇ ਕੇ ਹਜ਼ਾਰਾਂ ਦਰੱਖਤਾਂ ਦੀ ਕੁਰਬਾਨੀ ਦੇ ਦਿੱਤੀ ਹੈ।
ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਮੰਗ ਕੀਤੀ ਕਿ ਸਰਕਾਰ ਵ੍ਹਾਈਟ ਪੇਪਰ ਨੁੰ ਲੈ ਕੇ ਰਿਕਾਰਡ ਦਰੁੱਸਤ ਕਰੇ। ਉਹਨਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਸਰਕਾਰ ਬਣੀ ਹੈ, ਇਸਨੇ ਕਰੋੜਾਂ ਰੁਪਏ ਇਸ਼ਤਿਹਾਬਾਜ਼ੀ ’ਤੇ ਖਰਚ ਕੀਤੇ ਹਨ। ਉਹਨਾਂ ਕਿਹਾ ਕਿ ਉਪਲਬਧ ਨਵੇਂ ਆਰ ਟੀ ਆਈ ਰਿਕਾਰਡ ਮੁਤਾਬਕ ਇਸਨੇ ਸਿਰਫ ਇਕ ਮਹੀਨੇ ਵਿਚ ਹੀ 24 ਕਰੋੜ ਰੁਪਏ ਇਸ਼ਤਿਹਾਰਬਾਜ਼ੀ ’ਤੇ ਖਰਚ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਤਿੰਨ ਮਹੀਨਿਆਂ ਵਿਚ ਇਹ ਇਸ਼ਤਿਹਾਰਬਾਜ਼ੀ ਦਾ ਬਿੱਲ ਇਸ ਨਾਲੋਂ ਦੁੱਗਣੇ ਤੋਂ ਵੱਧ ਹੋਣਾ ਹੈ।
ਸਰਦਾਰ ਭੂੰਦੜ ਨੇ ਕਿਹਾ ਕਿ ਵ੍ਹਾਈਟ ਪੇਪਰ ਵਿਚ ਇਹ ਵੀ ਦੱਸਿਆ ਜਾਣਾ ਸੀ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਦੇਸ਼ ਭਰ ਦੇ ਨਾਲ ਖੇਤਰੀ ਭਾਸ਼ਾਵਾਂ ਦੇ ਦੱਖਣੀ ਭਾਰਤ, ਹਿਮਾਚਲ ਪ੍ਰਦੇਸ਼ ਤੇ ਗੁਜਰਾਤ ਸਮੇਤ ਹੋਰ ਇਲਾਕਿਆਂ ਵਿਚ ਵਿਚ ਇਸ਼ਤਿਹਾਰ ਕਿਉਂ ਜਾਰੀ ਕੀਤੇ। ਉਹਨਾਂ ਕਿਹਾ ਕਿ ਵ੍ਹਾਈਟ ਪੇਪਰ ਜਾਰੀ ਕਰਨ ਸਮੇਤ ਦਿੱਤੀ ਕਮਿਸ਼ਨ ਤੇ ਰਿਸ਼ਵਤਖੋਰੀ ਦੀ ਜਾਂਚ ਵੀ ਹੋਣੀ ਚਾਹੀਦੀ ਹੈ।
ਅਕਾਲੀ ਦਲ ਦੇ ਸਕੱਤਰ ਜਨਲ ਨੇ ਇਹ ਵੀ ਮੰਗ ਕੀਤੀਕਿ ਆਮ ਆਦਮੀ ਪਾਰਟੀ ਸਰਕਾਰ ਸੂਬੇ ਦੇ ਬੇਸ਼ਕੀਮਤੀ ਸਰੋਤਾਂ ਨੂੰ ਇਸ਼ਤਿਹਾਰਬਾਜ਼ੀ ’ਤੇ ਬਰਬਾਦ ਨਾ ਕਰੇ ਸਗੋਂ ਹਿਹ ਪੈਸਾ ਸੂਬੇ ਦੀਆਂ ਸਾਰੀਆਂ ਔਰਤਾਂ ਨੁੰ 1000 ਰੁਪਏ ਪ੍ਰਤੀ ਮਹੀਨਾ ਦੇਣ, ਨੌਜਵਾਨਾਂ ਨੁੰ ਰੋਜ਼ਗਾਰ ਦੇਣ ਸਮੇਤ ਹੋਰ ਸਕੀਮਾਂ ’ਤੇ ਖਰਚ ਕਰਨਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਪੰਜਾਬੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਸਤੇ ਕੱਖ ਨਹੀਂ ਕੀਤਾ ਜਾ ਰਿਹਾ ਜਦੋਂ ਕਿ ਬੇਸ਼ਕੀਮਤੀ ਸਰੋਤ ਆਮ ਆਦਮੀ ਪਾਰਟੀ ਦੀ ਆਪਣੀ ਵਡਿਆਈ ਤੇ ਪ੍ਰਾਪੇਗੰਡੇ ’ਤੇ ਖਰਚ ਕੀਤੇ ਜਾ ਰਹੇ ਹਨ।