ਅਕਾਲੀ ਦਲ ਦਾ ਵਫਦ ਕੇਂਦਰੀ ਸਿੱਖਿਆ ਮੰਤਰੀ ਨੂੰ ਮਿਲ ਕੇ ਗਲਤ ਵਿਆਖਿਆ ਵਾਪਸ ਲੈਣ ਅਤੇ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਪੰਜਾਬ ਦੇ ਇਤਿਹਾਸ ਨੂੰ ਬਣਦਾ ਸਥਾਨ ਦੇਣ ਦੀ ਮੰਗ ਕਰੇਗਾ
ਸਾਰੀਆਂ ਪਾਰਟੀਆਂ ਨੂੰ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਲਈ ਇਕ ਮੰਚ ’ਤੇ ਇਕਜੁੱਟ ਹੋਣ ਦਾ ਸੱਦਾ
ਚੰਡੀਗੜ੍ਹ, 10 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਆਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦੀ ਏਜੰਡਾ ਦੱਸਣ ਦੀ ਨਿਖੇਧੀ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਇਹ ਸਭ ਕੁਝ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਗਿਆ ਹੈ ਤੇ ਪਾਰਟੀ ਨੇ ਇਹ ਵੀ ਕਿਹਾ ਕਿ ਆਨੰਦਪੁਰ ਸਾਹਿਬ ਮਤਾ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਗੱਲ ਕਰਦਾ ਹੈ ਤੇ ਇਸ ਵਿਚ ਸਿਰਫ ਸੰਵਿਧਾਨ ਦੇ ਦਾਇਰੇ ਵਿਚ ਸੰਘੀ ਢਾਂਚੇ ਨੂੰ ਪ੍ਰਫੁੱਲਤ ਕਰਨ ਦੀ ਗੱਲ ਕੀਤੀ ਗਈ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਇਸ ਗਲਤ ਵਿਆਖਿਆ ਨੂੰ ਤੁਰੰਤ ਹਟਾਇਆ ਜਾਵੇ। ਉਹਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ’ਤੇ ਅਕਾਲੀ ਦਲ ਦਾ ਵਫਦ ਕੇਂਦਰੀ ਸਿੱਖਿਆ ਮੰਤਰੀ ਨਾਲ ਮੁਲਾਕਾਤ ਕਰੇਗਾ ਅਤੇ ਉਹਨਾਂ ਨੂੰ ਦੱਸੇਗਾ ਕਿ ਆਨੰਦਪੁਰ ਸਾਹਿਬ ਦੇ ਮਤੇ ਤੇ ਸ਼੍ਰੋਮਣੀ ਅਕਾਲੀ ਦਲ ਬਾਰੇ ਪ੍ਰਮੁੱਖ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ ਤੇ ਉਹਨਾਂ ਮੰਗ ਕੀਤੀ ਕਿ ਇਸ ਮਾਮਲੇ ਵਿਚ ਦਰੁੱਸਤੀ ਤਾਂ ਹੀ ਸੰਭਵ ਹੈ ਜੇਕਰ ਇਸ ਮਕਸਦ ਵਾਸਤੇ ਪੰਜਾਬ ਦੇ ਇਤਿਹਾਸਕਾਰਾਂ ਦੀ ਕਮੇਟੀ ਗਠਿਤ ਕੀਤੀ ਜਾਵੇ।ਇਹਨਾਂ ਆਗੂਆਂ ਨੇ ਇਹ ਵੀ ਦੱਸਿਆ ਕਿ ਉਹ ਇਹ ਵੀ ਮੰਗ ਕਰਨਗੇ ਕਿ ਐਨ ਸੀ ਈ ਆਰ ਟੀ ਦੀਆਂ ਕਿਤਾਬਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਹਰੀ ਸਿੰਘ ਨਲੂਆ ਵਰਗੇ ਸਿੱਖ ਜਰਨੈਲਾਂ ਸਮੇਤ ਪੰਜਾਬ ਦੇ ਇਤਿਹਾਸ ਨੂੰ ਬਣਦੀ ਥਾਂ ਦਿੱਤੀ ਜਾਵੇ।
ਅਕਾਲੀ ਆਗੂਆਂ ਨੇ ਵਿਰੋਧੀ ਪਾਰਟੀਆਂ ਨੂੰ ਵੀ ਅਪੀਲ ਕੀਤੀ ਕਿ ਦੇਸ਼ ਵਿਚ ਸਹੀ ਸੰਘੀ ਢਾਂਚਾ ਸਥਾਪਿਤ ਕਰਨ ਜਿਸਦੀ ਕਿ ਇਸ ਵੇਲੇ ਲੋੜ ਹੈ, ਵਾਸਤੇ ਉਹ ਇਕ ਮੰਚ ’ਤੇ ਇਕਜੁੱਟ ਹੋਣ।
ਵੇਰਵੇ ਸਾਂਠੇ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਦੇਸ਼ ਭਰ ਵਿਚ ਸਿੱਖ ਕੌਮ ਦੇ ਅਕਸ ਨੂੰ ਖਰਾਬ ਕਰਨ ਵਾਸਤੇ ਜਾਣ ਬੁੱਝ ਕੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਮੌਜੂਦਾ ਸਰਕਾਰ ਕਾਂਗਰਸ ਪਾਰਟੀ ਦੇ ਰਾਹ ’ਤੇ ਚਲ ਰਹੀ ਹੈ ਜਿਸਨੇ ਸਮੁੱਚੀ ਸਿੱਖ ਕੌਮ ਨੂੰ ਸਿਆਸੀ ਹਿੱਤਾਂ ਵਾਸਤੇ ਬਦਨਾਮ ਕੀਤਾ। ਉਹਨਾਂ ਦੱਸਿਆ ਕਿ ਮੌਜੂਦਾ ਸਿੱਖ ਕੌਮ ਨੂੰ ਗਲਤ ਦਰਸਾਉਣ ਲਈ ਤੱਥਾਂ ਨੂੰ ਤੋੜਨਾ ਮਰੋੜਾ ਬਹੁਤ ਖਤਰਨਾਕ ਹੈ ਤੇ ਇਹ ਦੇਸ਼ ਦੇ ਹਿੱਤਾਂ ਦੇ ਖਿਲਾਫ ਹੈ।
ਆਨੰਦਪੁਰ ਸਾਹਿਬ ਮਤੇ ਦੀ ਗੱਲ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਨੇ ਇਹ ਮਤਾ ਪ੍ਰਵਾਨ ਕੀਤਾ ਤੇ ਕੇਂਦਰ-ਰਾਜ ਸੰਬੰਧਾਂ ਦੀ ਸਮੀਖਿਆ ਵਾਸਤੇ ਸਰਕਾਰੀਆ ਕਮਿਸ਼ਨ ਗਠਿਤ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਉਪਰੰਤ ਧਾਰਾ 356 ਦੀ ਦੁਰਵਰਤੋਂ ਸ਼ੁਰੂ ਹੋਈ ਜਿਸ ਨਾਲ ਲੋਕਤੰਤਰੀ ਢੰਗ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਅਸਥਿਰ ਕਰ ਕੇ ਖਤਮ ਕੀਤਾ ਗਿਆ। ਉਹਨਾਂ ਕਿਹਾ ਕਿ ਸਾਰੀਆਂ ਖੇਤਰੀ ਪਾਰਟੀਆਂ ਨੇ ਇਸ ਦਸਤਾਵੇਜ਼ ਦੀ ਸ਼ਲਾਘਾ ਕੀਤੀ ਕਿ ਇਹ ਦੇਸ਼ ਦੇ ਲੋਕਾਂ ਦੀਆਂ ਖੇਤਰੀ ਇੱਛਾਵਾਂ ਦਾ ਝਲਕਾਰਾ ਹੈ।
ਪ੍ਰੋ. ਚੰਦੂਮਾਜਰਾ ਤੇ ਡਾ. ਚੀਮਾ ਨੇ ਕਿਹਾ ਕਿ ਸਿੱਖ ਇਕ ਦੇਸ਼ ਭਗਤ ਕੌਮ ਹੈ ਜਿਸਨੇ ਵੰਡ ਵੇਲੇ ਨਾ ਸਿਰਫ ਪਾਕਿਸਤਾਨ ਵਿਚ ਆਪਣੀਆਂ ਜ਼ਮੀਨ ਜਾਇਦਾਦਾਂ ਛੱਡੀਆਂ ਬਲਕਿ ਸ੍ਰੀ ਨਨਕਾਣਾ ਸਾਹਿਬ ਵਰਗੇ ਪਵਿੱਤਰ ਗੁਰਧਾਮਾਂ ਵਾਲੀਆਂ ਥਾਵਾਂ ਵੀ ਛੱਡੀਆਂ। ਉਹਨਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਅਤੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਤੇ ਦੇਸ਼ ਨੂੰ ਅਨਾਜ ਦੇ ਮਾਮਲੇ ਵਿਚ ਆਤਮ ਨਿਰਭਰ ਬਣਾਉਣ ਵਿਚ ਕੌਮ ਉਹਨਾਂ ਕਿਹਾ ਕਿ ਇਸੇ ਤਰੀਕੇ ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਵਾਸਤੇ ਹਾਂ ਪੱਖੀ ਭੂਮਿਕਾ ਨਿਭਾਈ ਜਿਸਦਾ ਐਨ ਸੀ ਈ ਆਰ ਟੀ ਵੱਲੋਂ ਕੋਈ ਜ਼ਿਕਰ ਨਹੀਂ ਕੀਤਾ ਗਿਆ।
ਇਸ ਦੌਰਾਨ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਦਿੱਲੀ ਤੇ ਦੇਸ਼ ਦੇ ਹੋਰ ਭਾਗਾਂ ਵਿਚ 1984 ਦੇ ਸਿੱਖ ਕਤਲੇਆਮ ਬਾਰੇ ਅਧਿਆਏ ਨੂੰ ਵੀ ਐਨ ਸੀ ਈ ਆਰ ਟੀ ਨੇ ਸਹੀ ਢੰਗ ਨਾਲ ਪੇਸ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਭਾਵੇਂ ਨਾਨਾਵਤੀ ਕਮਿਸ਼ਨ ਨੇ ਸਿੱਖਾਂ ਦੇ ਕਤਲੇਆਮ ਲਈ ਸਿਆਸੀ ਪਾਰਟੀ ਤੇ ਕਾਂਗਰਸੀ ਆਗੂਆਂ ਨੂੰ ਜ਼ਿੰਮੇਵਾਰ ਠਹਿਰਾਇਆ ਪਰ ਐਨ ਸੀ ਈ ਆਰ ਟੀ ਨੇ ਇਸ ’ਤੇ ਚੁੱਪੀ ਧਾਰੀ ਹੋਈ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਿੱਖ ਕੌਮ ਨਾਲ ਹੋਏ ਅਨਿਆਂ ਦੇ ਮਾਮਲੇ ਵਿਚ ਨਿਆਂ ਦੇਣ ਵਾਸਤੇ ਕੀਤੀ ਗਈ ਕਾਰਵਾਈ ਦਾ ਵੀ ਕੋਈ ਵੇਰਵਾ ਇਸ ਵਿਚ ਸ਼ਾਮਲ ਨਹੀਂ ਕੀਤਾ ਗਿਆ।