ਜਿਹੜੇ ਇੰਪਰੂਵਮੈਂਟ ਟਰੱਸਟ ਪਿਛਲੇ ਸਾਲ ਭੰਗ ਕੀਤੇ ਸਨ, ਉਹਨਾਂ ਦੇ ਚਾਰ ਚੇਅਰਮੈਨ ਨਿਯੁਕਤ ਕਰਨਾ ਹੈਰਾਨੀਜਨਕ: ਬਿਕਰਮ ਸਿੰਘ ਮਜੀਠੀਆ
ਚੰਡੀਗੜ੍ਹ, 1 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਧਾਰਾ 306 ਆਈ ਪੀ ਸੀ ਤਹਿਤ ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਵਿਅਕਤੀ ਨੂੰ ਆਨੰਦਪੁਰ ਸਾਹਿਬ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰ ਕੇ ਰਾਜਨੀਤੀ ਦਾ ਅਪਰਾਧੀਕਰਨ ਕਰਨ ਦੀ ਨਿਖੇਧੀ ਕੀਤੀ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਜਿਹੜੇ ਇੰਪਰੂਵਮੈਂਟ ਟਰੱਸਟ ਆਪ ਸਰਕਾਰ ਨੇ ਪਿਛਲੇ ਸਾਲ ਭੰਗ ਕਰ ਦਿੱਤੇ ਸਨ, ਉਹਨਾਂ ’ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ।
ਪੰਜਾਬ ਵਿਚ ਆਪ ਸਰਕਾਰ ਅਧੀਨ ਪ੍ਰਸ਼ਾਸਨ ਪੂਰੀ ਤਰ੍ਹਾਂ ਢਹਿ ਢੇਰੀ ਹੋਣ ’ਤੇ ਹੈਰਾਨੀ ਪ੍ਰਗਟ ਕਰਦਿਆਂ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਪ ਹਰ ਦਿਹਾੜੇ ਹੇਠਾਂ ਤੋਂ ਹੇਠਾਂ ਡਿੱਗਣ ਦਾ ਨਵਾਂ ਰਿਕਾਰਡ ਬਣਾ ਰਹੀ ਹੈ।
ਮੁੱਖ ਮੰਤਰੀ ਨੂੰ ਆਪਣੇ ਰਵੱਈਏ ਦਾ ਕਾਰਣ ਦੱਸਣ ਲਈ ਆਖਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਮੰਨਣਯੋਗ ਗੱਲ ਨਹੀਂ ਹੈ ਕਿ ਆਪ ਸਰਕਾਰ ਕੰਮੀਕਾਰ ਦੇ ਕੇਸ ਤੋਂ ਜਾਣੂ ਨਾ ਹੋਵੇ ਜਦੋਂ ਕਿ ਉਹ ਮੁੱਖ ਮੰਤਰੀ ਦੇ ਬਹੁਤ ਨਜ਼ਦੀਕੀ ਹਨ। ਉਹਨਾਂ ਕਿਹਾ ਕਿ ਇਕ ਵਿਅਕਤੀ ਨੇ ਭਾਖੜਾ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਤੇ ਅਜਿਹਾ ਕਰਨ ਤੋਂ ਪਹਿਲਾਂ ਉਸ ਵਿਅਕਤੀ ’ਤੇ ਉਸਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦਾ ਦੋਸ਼ ਲਾਇਆ ਤੇ ਗ੍ਰਿਫਤਾਰ ਹੋਏ ਇਸ ਵਿਅਕਤੀ ਨੂੰ ਹੀ ਸਰਕਾਰ ਨੇ ਮਾਰਕੀਟ ਕਮੇਟੀ ਚੇਅਰਮੈਨ ਨਿਯੁਕਤ ਕਰ ਦਿੱਤਾ ਹੈ ਜਿਸ ਤੋਂ ਉਸਦੀ ਮੁੱਖ ਮੰਤਰੀ ਨਾਲ ਨੇੜਤਾ ਦਾ ਪਤਾ ਲੱਗਦਾ ਹੈ।
ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਸੰਦੇਸ਼ ਜਾਂਦਾ ਹੈ ਕਿ ਇਸ ਲੋਕ ਵਿਰੋਧੀ ਤੇ ਭ੍ਰਿਸ਼ਟ ਸਰਕਾਰ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਹੈ ਅਤੇ ਇਹ ਸਭਿਅਕ ਸਮਾਜ ’ਤੇ ਇਸਦੀਆਂ ਕਾਰਵਾਈਆਂ ਦੇ ਪੈਣ ਵਾਲੇ ਅਸਰ ਤੋਂ ਬੇਪਰਵਾਹ ਹੋ ਕੇ ਆਪਣੀ ਮਰਜ਼ੀ ਮੁਤਾਬਕ ਕੰਮ ਕਰ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕੰਮੀਕਾਰ ਦੀ ਨਿਯੁਕਤੀ ਇਸ ਗੱਲ ਦਾ ਸਬੂਤ ਹੈ ਕਿ ਆਪ ਸਰਕਾਰ ਨੂੰ ਰਾਜਨੀਤੀ ਵਿਚ ਸੁਧਾਰ ਵਿਚ ਕੋਈ ਦਿਲਚਸਪੀ ਨਹੀਂ ਹੈ ਬਲਕਿ ਇਹ ਸੂਬੇ ਵਿਚ ਕਾਨੂੰਨ ਵਿਵਸਥਾ ਤੇਜ਼ੀ ਨਾਲ ਖਰਾਬ ਕਰਨ ਵਾਲੇ ਅਪਰਾਧੀਆਂ ਨੂੰ ਉਤਸ਼ਾਹਿਤ ਕਰ ਰਹੀ ਹੈ।
ਅਕਾਲੀ ਆਗੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਮੁੱਖ ਮੰਤਰੀ ਨੇ ਉਹਨਾਂ ਇੰਪਰੂਵਮੈਂਟ ਟਰੱਸਟਾਂ ਦੇ ਚਾਰ ਚੇਅਰਮੈਨ ਨਿਯੁਕਤ ਕਰ ਦਿੱਤੇਹਨ ਜੋ ਪਿਛਲੇ ਸਾਲ ਅਕਤੂਬਰ ਵਿਚ ਭੰਗ ਕਰ ਦਿੱਤਾ ਗਿਆ ਸੀ।
ਉਹਨਾਂ ਕਿਹਾ ਕਿ ਸਰਕਾਰ ਨੇ ਪਿਛਲੇ ਸਾਲ 9 ਇੰਪਰੂਵਮੈਂਟ ਟਰੱਸਟ ਇਹ ਕਹਿਕੇ ਭੰਗ ਕੀਤੇ ਸਨ ਕਿ ਇਹ ਚਿੱਟੇ ਹਾਥੀ ਹਨ ਜਿਹਨਾਂ ਦਾ ਸਰਕਾਰੀ ਖ਼ਜ਼ਾਨੇ ’ਤੇ ਬੋਝ ਪੈ ਰਿਹਾ ਹੈ। ਉਹਨਾਂ ਕਿਹਾ ਕਿ ਹੁਣ 9 ਵਿਚੋਂ 4 ਟਰੱਸਟਾਂ ਮਾਲੇਰਕੋਟਲਾ, ਮਾਛੀਵਾੜਾ, ਕਰਤਾਰਪੁਰ ਤੇ ਨੰਗਲ ਦੇ ਚੇਅਰਮੈਨ ਲਗਾ ਦਿੱਤੇ ਗਏ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਇਕ ਹੋਰ ਸਬੂਤ ਹੈ ਕਿ ਮੁੱਖ ਮੰਤਰੀ ਨੂੰ ਕਾਨੂੰਨ ਦੀ ਕੋਈ ਪਰਵਾਹ ਨਹੀਂ ਹੈ ਤੇ ਉਹ ਆਪਣੀ ਸਰਕਾਰ ਦੇ ਹੁਕਮਾਂ ਦੀ ਅਦੂਲੀ ਕਰਨ ਦੀ ਪਰਵਾਹ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਅਜਿਹਾ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਭਗਵੰਤ ਮਾਨ ਪ੍ਰਸ਼ਾਸਨ ਤੋਂ ਪਾਸੇ ਹਨ ਤੇ ਉਹ ਪੂਰੀ ਪ੍ਰਕਿਰਿਆ ਅਪਣਾਉਣ ਦੀ ਥਾਂ ਧੱਕੇ ਨਾਲ ਹੁਕਮ ਜਾਰੀ ਕਰ ਰਹੇ ਹਨ।