ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਪਾਰਟੀ ਨਾਲ ਡੱਟ ਕੇ ਖੜ੍ਹੀ ਹੈ: ਅਰਸ਼ਦੀਪ ਸਿੰਘ ਕਲੇਰ
ਚੰਡੀਗੜ੍ਹ ਇਕਾਈ ਦੇ ਆਗੂਆਂ ਨੇ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਹਰਦੀਪ ਸਿੰਘ ਬੁਟਰੇਲਾ ਦੀ ਕੀਤੀ ਨਿਖੇਧੀ
ਸਿਰਫ ਚਾਰ ਦੋਸਤ ਹੀ ਬੁਟਰੇਲਾ ਨਾਲ ਗਏ: ਕਰਨੈਲ ਸਿੰਘ ਪੀਰ ਮੁਹੰਮਦ, ਹਰਜੀਤ ਭੁੱਲਰ
ਚੰਡੀਗੜ੍ਹ, 7 ਮਈ: ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪਾਰਟੀ ਆਗੂਆਂ ਨੇ ਅੱਜ ਹਰਦੀਪ ਸਿੰਘ ਬੁਟਰੇਲਾ ਵੱਲੋਂ ਸਾਰੀ ਇਕਾਈ ਉਹਨਾਂ ਦੇ ਨਾਲ ਪਾਰਟੀ ਛੱਡਣ ਦੇ ਕੀਤੇ ਗੁੰਮਰਾਹਕੁੰਨ ਦਾਅਵੇ ਲਈ ਉਹਨਾਂ ਦੀ ਨਿਖੇਧੀ ਕੀਤੀ ਅਤੇ ਕਿਹਾ ਕਿ ਯੂ ਟੀ ਇਕਾਈ ਦੇ ਸਾਰੇ ਆਗੂ ਤੇ ਵਰਕਰ ਪਾਰਟੀ ਨਾਲ ਡੱਟ ਕੇ ਖੜ੍ਹੇ ਹਨ ਤੇ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕਿਸੇ ਵੀ ਫੈਸਲੇ ਨੂੰ ਖਿੜੇ ਮੱਥੇ ਪ੍ਰਵਾਨ ਕਰਨਗੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਤੇ ਸੀਨੀਅਰ ਪਾਰਟੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਤੇ ਹਰਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਾਰਟੀ ਦੇ ਚੰਡੀਗੜ੍ਹ ਤੋਂ ਐਲਾਨੇ ਗਏ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਨੇ ਗਲਤ ਦਾਅਵਾ ਕੀਤਾ ਹੈ ਕਿ ਸਾਰੀ ਇਕਾਈ ਉਹਨਾਂ ਦੇ ਨਾਲ ਅਕਾਲੀ ਦਲ ਛੱਡ ਗਈ ਹੈ। ਉਹਨਾਂ ਕਿਹਾ ਕਿ ਬੁਟਰੇਲਾ ਦੇ ਨਾਲ ਜੋ ਗਏ ਹਨ, ਉਹ ਉਹਨਾਂ ਦੇ ਨਿੱਜੀ ਮਿੱਤਰ ਹਨ ਤੇ ਪਾਰਟੀ ਵਿਚ ਉਹਨਾਂ ਕੋਲ ਕੋਈ ਅਹੁਦਾ ਨਹੀਂ ਸੀ। ਇਹਨਾਂ ਆਗੂਆਂ ਨੇ ਅੱਜ ਅਕਾਲੀ ਦਲ ਦੇ ਮੁੱਖ ਦਫਤਰ ਵਿਚ ਹਾਜ਼ਰ ਵੱਖ-ਵੱਖ ਵਿੰਗਾਂ ਦੇ ਪ੍ਰਧਾਨਾਂ ਦੇ ਨਾਂ ਵੀ ਮੀਡੀਆ ਨਾਲ ਸਾਂਝੇ ਕੀਤੇ।
ਇਹਨਾਂ ਆਗੂਆਂ ਨੇ ਕਿਹਾ ਕਿ ਜਿਹੜੀਆਂ ਅਕਾਲੀ ਦਲ ਵਰਗੀਆਂ ਪਾਰਟੀਆਂ ਸਿਧਾਂਤਾਂ ’ਤੇ ਪਹਿਰੇ ਦਿੰਦੀਆਂ ਹਨ, ਉਹੀ ਲੋਕਾਂ ਨੂੰ ਲਾਭ ਪਹੁੰਚਾਉਂਦੀਆਂ ਹਨ। ਉਹਨਾਂ ਕਿਹਾ ਕਿ ਬੁਟਰੇਲਾ ਵਰਗੇ ਮੌਕਾਪ੍ਰਸਤ ਕਦੇ ਵੀ ਕਿਸੇ ਵੀ ਪਾਰਟੀ ਵਿਚ ਚਲੇ ਜਾਣ ਉਹ ਲੋਕਾਂ ਦੇ ਸਗੇ ਨਹੀਂ ਹੋ ਸਕਦੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਬੁਟਰੇਲਾ ਵੀ ਦੇਸ਼ ਵਿਚ ਹੋਰ ਪਾਰਟੀਆਂ ਤੋਂ ਸਿਆਸੀ ਆਗੂਆਂ ਨੂੰ ਖਿੱਚਣ ਦੀ ਮਾੜੀ ਸਾਜ਼ਿਸ਼ ਦਾ ਹਿੱਸਾ ਬਣ ਗਏ ਤੇ ਚੰਡੀਗੜ੍ਹ ਵਿਚ ਵੀ ਇਹ ਰੁਝਾਨ ਸ਼ੁਰੂ ਹੋ ਗਿਆ ਕਿਉਂਕਿ ਸੱਤਾਧਾਰੀ ਭਾਜਪਾ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੀ ਹੈ ਕਿਉਂਕਿ ਇਹ ਹਮੇਸ਼ਾ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦਾ ਹੈ। ਉਹਨਾਂ ਕਿਹਾ ਕਿ ਇਹ ਸਾਜ਼ਿਸ਼ ਕਦੇ ਵੀ ਸਫਲ ਨਹੀਂ ਹੋਵੇਗੀ ਅਤੇ ਅਕਾਲੀ ਦਲ ਇਕ ਖੇਤਰੀ ਪਾਰਟੀ ਵਜੋਂ ਸੂਬੇ ਦੇ ਹੱਕਾਂ ਲਈ ਲੜਦਾ ਰਹੇਗਾ।
ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਐਡਵੋਕੇਟ ਕਲੇਰ ਨੇ ਕਿਹਾ ਕਿ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦੇਸ਼ ਵਿਚ ਨਵੀਂ ਰੀਤ ਸ਼ੁਰੂ ਕੀਤੀ ਹੈ ਜਿਸਦੀ ਇਤਿਹਾਸ ਵਿਚ ਕੋਈ ਬਰਾਬਰੀ ਨਹੀਂ ਹੈ। ਉਹਨਾਂ ਕਿਹਾ ਕਿ ਉਹ ਪਹਿਲੇ ਮੁੱਖ ਮੰਤਰੀ ਹਨ ਜੋ ਜੇਲ੍ਹ ਵਿਚ ਬੰਦ ਹਨ ਪਰ ਉਹਨਾਂ ਅਹੁਦਾ ਛੱਡਣ ਦੀ ਕੋਈ ਨੈਤਿਕਤਾ ਨਹੀਂ ਵਿਖਾਈ। ਉਹਨਾਂ ਕਿਹਾ ਕਿ ਕੇਜਰੀਵਾਲ ਨੈਤਿਕਤਾ ਬਾਰੇ ਵੱਡੇ ਵੱਡੇ ਦਾਅਵੇ ਕਰਦੇ ਸਨ ਜੋ ਸਭ ਮੂਧੇ ਮੂੰਹ ਡਿੱਗੇ ਹਨ।