ਚੰਡੀਗੜ•/09 ਅਗਸਤ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਸੰਘੀ ਖੇਤਰ ਦੇ ਪ੍ਰਸਾਸ਼ਕ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਬਣਾਉਣ ਵਾਲੇ ਨੋਟੀਫਿਕੇਸ਼ਨ ਨੂੰ ਵਾਪਸ ਲੈ ਲੈਣ।
ਅੱਜ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅਤੇ ਪਰਵੀਨ ਬਾਂਸਲ ਦੀ ਅਗਵਾਈ ਵਿਚ ਗਏ ਅਕਾਲੀ-ਭਾਜਪਾ ਦੇ ਇੱਕ ਸਾਂਝੇ ਵਫ਼ਦ ਨੇ ਯੂਟੀ ਪ੍ਰਸਾਸ਼ਕ ਨੂੰ ਜਾਣੂ ਕਰਵਾਇਆ ਕਿ ਸੁਪਰੀਮ ਕੋਰਟ ਵੱਲੋਂ ਵੀ ਸਿੱਖ ਔਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਇਸ ਮੁੱਦੇ ਉੱਤੇ ਚੰਡੀਗੜ• ਪ੍ਰਸਾਸ਼ਨ ਵੱਲੋਂ 2004 ਵਿਚ ਪਾਈ ਇੱਕ ਸਿਵਲ ਅਪੀਲ ਉੱਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਦਿੱਤਾ ਸੀ। ਵਫ਼ਦ ਨੇ ਦੱਸਿਆ ਕਿ ਉੱਚ ਅਦਾਲਤ ਨੇ ਫੈਸਲਾ ਦਿੱਤਾ ਸੀ ਕਿ ਮੋਟਰ ਵਹੀਕਲਜ਼ (ਪ੍ਰਟੈਕਟਿਵ ਹੈੱਡਗੀਅਰਜ਼) ਰੂਲਜ਼, 1980 ਦਾ ਕਲਾਜ਼ 3 ਸਿੱਖ ਔਰਤਾਂ ਨੂੰ ਹੈਲਮਟ ਪਾਉਣ ਤੋਂ ਛੋਟ ਦਿੰਦਾ ਹੈ।
ਵਫ਼ਦ ਦੇ ਮੈਂਬਰਾਂ ਵਿਚ ਸ਼ਾਮਿਲ ਡਾਕਟਰ ਦਲਜੀਤ ਸਿੰਘ ਚੀਮਾ, ਅਕਾਲੀ ਦਲ ਦੀ ਚੰਡੀਗੜ• ਇਕਾਈ ਦੇ ਪ੍ਰਧਾਨ ਸਰਦਾਰ ਹਰਦੀਪ ਸਿੰਘ ਬੁਟਰੇਲਾ ਅਤੇ ਚੰਡੀਗੜ• ਤੋਂ ਐਸਜੀਪੀਸੀ ਬੀਬੀ ਹਰਜਿੰਦਰ ਕੌਰ ਨੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਜਾਣੂ ਕਰਵਾਇਆ ਕਿ ਚੰਡੀਗੜ• ਪ੍ਰਸਾਸ਼ਨ ਨੇ ਨਿਯਮਾਂ ਵਿਚ 'ਜਾਂ ਇੱਕ ਔਰਤ' ਫਿਕਰੇ ਦੀ ਥਾਂ 'ਦਸਤਾਰ ਸਜਾਉਣ ਵਾਲਾ ਇੱਕ ਸਿੱਖ ਵਿਅਕਤੀ (ਸਣੇ ਔਰਤਾਂ)' ਇਸਤੇਮਾਲ ਕਰਕੇ ਸਿੱਖ ਔਰਤਾਂ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਵਫ਼ਦ ਨੇ ਕਿਹਾ ਕਿ ਸਿੱਖ ਰਹਿਤ ਮਰਿਆਦਾ ਤਹਿਤ ਸਿੱਖ ਔਰਤਾਂ ਲਈ ਦਸਤਾਰ ਸਜਾਉਣਾ ਲਾਜ਼ਮੀ ਨਹੀਂ ਹੈ ਅਤੇ ਜ਼ਿਆਦਾਤਰ ਸਿੱਖ ਔਰਤਾਂ ਆਪਣੇ ਸਿਰ ਦੁਪੱਟੇ ਨਾਲ ਕੱਜਦੀਆਂ ਹਨ।
ਵਫ਼ਦ ਨੇ ਕਿਹਾ ਕਿ ਇਸ ਕਾਰਵਾਈ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ ਅਤੇ ਚੰਡੀਗੜ• ਪ੍ਰਸਾਸ਼ਨ ਵੱਲੋਂ ਸਿੱਖ ਔਰਤਾਂ ਦੀ ਪਰਿਭਾਸ਼ਾ ਬਦਲਣ ਦੇ ਫੈਸਲੇ ਦੀ ਸਿੱਖਾਂ ਦੀ ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਾਰੀਆਂ ਸਿੱਖ ਧਾਰਮਿਕ ਜਥੇਬੰਦੀਆਂ ਵੱਲੋਂ ਆਲੋਚਨਾ ਕੀਤੀ ਗਈ ਹੈ।
ਇਸ ਮੁੱਦੇ ਦੀ ਸੰਵੇਦਨਸ਼ੀਲਤਾ ਨੂੰ ਧਿਆਨ ਵਿਚ ਰੱਖਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਯੂਟੀ ਪ੍ਰਸਾਸ਼ਕ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਅਤੇ ਚੰਡੀਗੜ• ਪ੍ਰਸਾਸ਼ਨ ਨੂੰ ਇਹ ਨਿਰਦੇਸ਼ ਦੇਣ ਦੀ ਅਪੀਲ ਕੀਤੀ ਕਿ ਸਿੱਖ ਔਰਤਾਂ ਲਈ ਦੋ-ਪਹੀਆ ਵਾਹਨ ਦੀ ਸਵਾਰੀ ਕਰਦਿਆਂ ਹੈਲਮਟ ਪਾਉਣਾ ਲਾਜ਼ਮੀ ਬਣਾਉਣ ਵਾਲੇ ਵਿਵਾਦਗ੍ਰਸਤ ਨੋਟੀਫਿਕੇਸ਼ਨ ਨੂੰ ਤੁਰੰਤ ਵਾਪਸ ਲਿਆ ਜਾਵੇ।
ਵਫ਼ਦ ਦੇ ਮੈਂਬਰਾਂ ਵਿਚ ਐਸਜੀਪੀਸੀ ਪ੍ਰਧਾਨ ਸਰਦਾਰ ਗੋਬਿੰਦ ਸਿੰਘ ਲੌਂਗੋਵਾਲ, ਸਰਦਾਰ ਚਰਨਜੀਤ ਸਿੰਘ ਅਟਵਾਲ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ, ਸਰਦਾਰ ਜਨਮੇਜਾ ਸਿੰਘ ਸੇਂਖੋ,ਡਾਕਟਰ ਦਲਜੀਤ ਸਿੰਘ ਚੀਮਾ, ਬੀਬੀ ਜੰਗੀਰ ਕੌਰ, ਸਰਦਾਰ ਗੁਲਜ਼ਾਰ ਸਿੰਘ ਰਣੀਕੇ, ਸਰਦਾਰ ਬਿਰਕਮ ਸਿੰਘ ਮਜੀਠੀਆ, ਸਰਦਾਰ ਸ਼ਰਨਜੀਤ ਸਿੰਘ ਢਿੱਲੋਂ, ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਬਲਦੇਵ ਸਿੰਘ ਮਾਨ, ਸਰਦਾਰ ਪਰਮਿੰਦਰ ਸਿੰਘ ਢੀਂਡਸਾ, ਸਰਦਾਰ ਲਖਬੀਰ ਸਿੰਘ ਲੋਧੀਨੰਗਲ, ਸ੍ਰੀ ਪਵਨ ਕੁਮਾਰ ਟੀਨੂੰ, ਸਰਦਾਰ ਗੁਰਪਰਤਾਪ ਸਿੰਘ ਵਡਾਲਾ, ਸ੍ਰੀ ਐਨਕੇ ਸ਼ਰਮਾ, ਸਰਦਾਰ ਬਲਦੇਵ ਸਿੰਘ ਖਹਿਰਾ, ਸਰਦਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ, ਸਰਦਾਰ ਦਿਲਰਾਜ ਸਿੰਘ ਭੂੰਦੜ, ਡਾਕਟਰ ਸੁਖਵਿੰਦਰ ਸਿੰਘ ਸੁੱਖੀ, ਸਰਦਾਰ ਚਰਨਜੀਤ ਸਿੰਘ ਬਰਾੜ ਅਤੇ ਸ੍ਰੀ ਅਸ਼ੋਕ ਨਾਰੰਗ ਸ਼ਾਮਿਲ ਸਨ।