ਨੀਮ ਫੌਜੀ ਦਸਤੇ ਤਾਇਨਾਤ ਕਰਨ, ਫਰਜ਼ ਤੋਂ ਕੁਤਾਹੀ ਕਰਨ ਵਾਲੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਕਾਰਵਾਈ, ਪੰਜ ਬਲਾਕਾਂ ਵਿਚ ਨਾਮਜ਼ਦਗੀਆਂ ਭਰਨ ਦਾ ਸਮਾਂ ਵਧਾਉਣ ਅਤੇ ਸਮੁੱਚੀ ਚੋਣ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਦੀ ਆਗਿਆ ਦੇਣ ਦੀ ਵੀ ਮੰਗ ਕੀਤੀ
ਵਫ਼ਦ ਨੇ ਕਿਹਾ ਕਿ ਜੇਕਰ ਇਹ ਕਦਮ ਨਾ ਚੁੱਕੇ ਗਏ ਤਾਂ ਹਿੰਸਾ ਅਤੇ ਖੂਨ ਖਰਾਬਾ ਵਧ ਸਕਦਾ ਹੈ
ਚੰਡੀਗੜ•/08 ਸਤੰਬਰ:ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀਆ ਜਨਤਾ ਪਾਰਟੀ ਨੇ ਅੱਜ ਰਾਜ ਚੋਣ ਕਮਿਸ਼ਨ ਨੂੰ ਜ਼ਿਲ•ਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਾਸਤੇ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਹੋਈਆਂ ਸਾਰੀਆਂ ਹਿੰਸਾ ਦੀ ਘਟਨਾਵਾਂ ਦੀ ਤੁਰੰਤ ਉੱਚ ਪੱਧਰੀ ਜਾਂਚ ਦਾ ਹੁਕਮ ਦੇਣ ਲਈ ਆਖਿਆ ਹੈ ਅਤੇ ਇਸ ਤੋਂ ਇਲਾਵਾ ਚੋਣਾਂ ਨੂੰ 'ਸੁਤੰਤਰ ਅਤੇ ਨਿਰਪੱਖ' ਤਰੀਕੇ ਨਾਲ ਕਰਵਾਉਣ ਲਈ ਨੀਮ ਫੌਜੀ ਦਸਤੇ ਤਾਇਨਾਤ ਕਰਨ ਦੀ ਵੀ ਮੰਗ ਕੀਤੀ ਹੈ।
ਅਕਾਲੀ ਭਾਜਪਾ ਵਫ਼ਦ ਦੇ ਮੈਂਬਰਾਂ ਵਿਚ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਸ਼ਾਮਿਲ ਸਨ ਜਦਕਿ ਭਾਜਪਾ ਵੱਲੋਂ ਮਾਲਵਿੰਦਰ ਸਿੰਘ ਕੰਗ ਅਤੇ ਰਾਜ ਭਾਟੀਆ ਨੇ ਸ਼ਮੂਲੀਅਤ ਕੀਤੀ। ਵਫ਼ਦ ਨੇ ਰਾਜ ਚੋਣ ਕਮਿਸ਼ਨਰ ਜਗਪਾਲ ਸਿੱਧੂ ਨੂੰ ਉਹਨਾਂ ਸਿਵਲ ਅਤੇ ਪੁਲਿਸ ਅਧਿਕਾਰੀਆਂ ਖ਼ਿਲਾਫ ਸਖ਼ਤ ਕਾਰਵਾਈ ਕਰਨ ਲਈ ਆਖਿਆ, ਜਿਹੜੇ ਆਪਣੇ ਫਰਜ਼ਾਂ ਤੋਂ ਕੁਤਾਹੀ ਕਰਦਿਆਂ ਉਸ ਸਮੇਂ ਮੂਕ ਦਰਸ਼ਕ ਬਣੇ ਰਹੇ ਜਦੋਂ ਕਾਂਗਰਸੀ ਗੁੰਡਿਆਂ ਨੇ ਰੱਜ ਕੇ ਹਿੰਸਾ ਕੀਤੀ ਅਤੇ ਗੋਲੀਆਂ ਚਲਾਈਆਂ ਸਨ। ਉਹਨਾਂ ਨੇ ਐਸਈਸੀ ਵੱਲੋਂ ਸਮੁੱਚੀ ਚੋਣ ਪ੍ਰਕਿਰਿਆ ਦੀ ਵੀਡਿਓਗ੍ਰਾਫੀ ਬਣਾਏ ਜਾਣ ਦੀ ਲੋੜ ਉੱਤੇ ਵੀ ਜ਼ੋਰ ਦਿੱਤਾ ਜਾਂ ਉਮੀਦਵਾਰਾਂ ਨੂੰ ਇਸ ਦੀ ਆਗਿਆ ਦੇਣ ਲਈ ਆਖਿਆ।
ਸਰਦਾਰ ਬਿਕਰਮ ਮਜੀਠੀਆ ਨੇ ਚੋਣ ਕਮਿਸ਼ਨਰ ਨੂੰ ਦੱਸਿਆ ਕਿ ਕਾਂਗਰਸੀ ਗੁੰਡਿਆਂ ਦੁਆਰਾ ਅਕਾਲੀ-ਭਾਜਪਾ ਵਰਕਰਾਂ ਨੂੰ ਡਰਾਏ-ਧਮਕਾਏ ਜਾਣ ਕਰਕੇ ਪੰਜ ਬਲਾਕਾਂ ਜ਼ੀਰਾ, ਮੱਖੂ, ਗੁਰੂਹਰਸਹਾਇ, ਡੇਰਾ ਬਾਬਾ ਨਾਨਕ ਅਤੇ ਪੱਟੀ ਵਿਚ ਅਕਾਲੀ-ਭਾਜਪਾ ਦਾ ਕੋਈ ਵੀ ਉਮੀਦਵਾਰ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰ ਪਾਇਆ। ਉਹਨਾਂ ਮੰਗ ਕੀਤੀ ਕਿ ਨਾਮਜ਼ਦਗੀਆਂ ਭਰਨ ਦੇ ਸਮੇਂ ਵਿਚ ਵਾਧਾ ਕਰਕੇ ਇਹਨਾਂ ਪੰਜਾਂ ਬਲਾਕਾਂ ਦੇ ਉਮੀਦਵਾਰਾਂ ਨੂੰ ਚੋਣਾਂ ਵਿਚ ਭਾਗ ਲੈਣ ਦਾ ਮੌਕਾ ਦਿੱਤਾ ਜਾਵੇ।
ਡਾਕਟਰ ਦਲਜੀਤ ਚੀਮਾ ਨੇ ਚੋਣ ਕਮਿਸ਼ਨਰ ਨੂੰ ਦੱਸਿਆ ਕਿ ਜੇਕਰ ਇਹ ਸਾਰੇ ਕਦਮ ਨਾ ਚੁੱਕੇ ਗਏ ਤਾਂ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣਾ ਅਸੰਭਵ ਹੋਵੇਗਾ। ਉਹਨਾਂ ਕਿਹਾ ਕਿ ਪਹਿਲਾਂ ਤੋਂ ਹੀ ਖਰਾਬ ਹੋ ਚੁੱਕਿਆ ਮਾਹੌਲ ਹੋਰ ਮਾੜਾ ਹੋ ਸਕਦਾ ਹੈ ਅਤੇ ਚੋਣਾਂ ਦੌਰਾਨ ਵੱਡੀ ਪੱਧਰ ਉੱਤੇ ਖੂਨ ਖਰਾਬਾ ਹੋਣ ਦਾ ਵੀ ਡਰ ਹੈ।
ਅਕਾਲੀ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਖੋਹ ਕੇ ਪਾੜਣ, ਤਰਨ ਤਾਰਨ ਅਤੇ ਪੱਟੀ ਵਿਚ ਵਾਪਰੀਆਂ ਘਟਨਾਵਾਂ ਸਮੇਤ ਹਿੰਸਾ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਰਾਜ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਦੇਣ ਮਗਰੋਂ ਡਾਕਟਰ ਚੀਮਾ ਨੇ ਇਸ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਹਨਾਂ ਦੱਸਿਆ ਕਿ ਲੋਕ ਇਹ ਮਹਿਸੂਸ ਕਰ ਰਹੇ ਸਨ ਕਿ ਨਗਰ ਨਿਗਮ ਚੋਣਾਂ ਦੌਰਾਨ ਨੇ ਕਾਂਗਰਸ ਪਾਰਟੀ ਨੇ ਹਿੰਸਾ ਦੀਆਂ ਸਾਰੀਆਂ ਹੱਦਬੰਦੀਆਂ ਤੋੜ ਦਿੱਤੀਆਂ ਸਨ। ਪਰ ਹੁਣ ਇਹ ਲੱਗਦਾ ਹੈ ਕਿ ਉਦੋਂ ਘੱਟ ਹਿੰਸਾ ਹੋਈ ਸੀ। ਕਾਂਗਰਸੀ ਗੁੰਡਿਆਂ ਵੱਲੋਂ ਅਕਾਲੀ ਉਮੀਦਵਾਰਾਂ ਦੇ ਘਰਾਂ ਉੱਤੇ ਛਾਪੇ ਮਾਰ ਕੇ ਉਹਨਾਂ ਨੂੰ ਅਗਵਾ ਕਰਨਾ, ਪ੍ਰਬੰਧਕੀ ਕੰਪਲੈਕਸਾਂ ਦੇ ਦਰਵਾਜ਼ੇ ਬੰਦ ਕਰਕੇ ਵਿਰੋਧੀ ਉਮੀਦਵਾਰਾਂ ਨੂੰ ਅੰਦਰ ਦਾਖ਼ਲ ਨਾ ਹੋਣ ਦੇਣਾ, ਵਿਰੋਧੀ ਉਮੀਦਵਾਰਾਂ ਉੱਤੇ ਗੋਲੀਆਂ ਚਲਾਉਣਾ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਐਨਓਸੀ ਜਾਰੀ ਕਰਨ ਤੋਂ ਰੋਕਣ ਲਈ ਸਿਵਲ ਅਧਿਕਾਰੀਆਂ ਉੱਤੇ ਦਬਾਅ ਪਾਉਣਾ ਆਦਿ ਘਟਨਾਵਾਂ ਨੇ ਸੂਬੇ ਅੰਦਰ ਜੰਗਲ ਰਾਜ ਦਾ ਬੋਲਬਾਲਾ ਕਰ ਦਿੱਤਾ ਹੈ।
ਇਸ ਤੋਂ ਪਹਿਲਾਂ ਵਫ਼ਦ ਦੇ ਮੈਂਬਰਾਂ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਕੁੱਝ ਕਾਂਗਰਸੀ ਵਿਧਾਇਕ ਅਤੇ ਆਗੂ ਵਾਰ ਵਾਰ ਹਿੰਸਾ ਭੜਕਾ ਰਹੇ ਹਨ, ਜਿਸ ਕਰਕੇ ਉਹਨਾਂ ਨੂੰ ਕਾਨੂੰਨੀ ਨੱਥ ਪਾਈ ਜਾਣੀ ਚਾਹੀਦੀ ਹੈ। ਵਫ਼ਦ ਨੇ ਜ਼ੀਰਾ ਦੇ ਵਿਧਾਇਕ ਕੁਲਦੀਪ ਜ਼ੀਰਾ ਦੀ ਚੋਣ ਕਮਿਸ਼ਨਰ ਨੂੰ ਇਸ ਸੰਬੰਧੀ ਇੱਕ ਵੀਡਿਓ ਵੀ ਵਿਖਾਈ। ਇਸ ਤੋਂ ਇਲਾਵਾ ਇਹ ਦੱਸਿਆ ਕਿ ਕਿਸ ਤਰ•ਾਂ ਜਦੋ ਮਹਿਲਾ ਉਮੀਦਵਾਰ ਨਾਮਜ਼ਦਗੀ ਕਾਗਜ਼ ਦਾਖ਼ਲ ਕਰਨ ਗਈਆਂ ਤਾਂ ਉਹਨਾਂ ਨੂੰ ਵੀ ਡਰਾਇਆ-ਧਮਕਾਇਆ ਗਿਆ ਅਤੇ ਉਹਨਾਂ ਦੇ ਨਾਮਜ਼ਦਗੀ ਕਾਗਜ਼ ਖੋਹ ਲਏ ਗਏ।
ਅਕਾਲੀ-ਭਾਜਪਾ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਹ ਧੱਕੇਸ਼ਾਹੀ ਇਸ ਲਈ ਕਰ ਰਹੀ ਹੈ, ਕਿਉਂਕਿ ਲੋਕਾਂ ਅੱਗੇ ਇਸ ਦੀ ਕਾਰਗੁਜ਼ਾਰੀ ਬਿਲਕੁੱਲ ਜ਼ੀਰੋ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਜ਼ਿਲ•ਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਇਸ ਲਈ ਧੱਕੇ ਨਾਲ ਜਿੱਤਣਾ ਚਾਹੁੰਦੀ ਹੈ, ਕਿਉਂਕਿ ਇਹ ਜਾਣਦੀ ਹੈ ਕਿ ਇਹ ਆਪਣੀ ਕਾਰਗੁਜ਼ਾਰੀ ਦੇ ਦਮ ਉੱਤੇ ਲੋਕਾਂ ਵਿਚ ਨਹੀਂ ਜਾ ਸਕਦੀ। ਇਸ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਕਿਸਾਨ ਅਜੇ ਤਕ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੀ ਉਡੀਕ ਰਹੇ ਹਨ। ਨੌਜਵਾਨਾਂ ਨੂੰ 'ਘਰ ਘਰ ਨੌਕਰੀ'ਸਕੀਮ ਦੇ ਲਾਗੂ ਹੋਣ ਦਾ ਇੰਤਜ਼ਾਰ ਹੈ। ਇੱਥੋਂ ਤਕ ਕਿ ਦਲਿਤ ਵੀ ਦੁਖੀ ਹਨ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਉਹਨਾਂ ਨੂੰ ਦਿੱਤੇ ਸਾਰੇ ਲਾਭ ਕਾਂਗਰਸ ਸਰਕਾਰ ਵੱਲੋਂ ਵਾਪਸ ਲੈ ਲਏ ਗਏ ਹਨ।