ਰਣੀਕੇ ਅਤੇ ਟੀਨੂੰ ਨੇ ਕਿਹਾ ਕਿ ਮਨਪ੍ਰੀਤ ਦੀ ਜਾਗੀਰਦਾਰੀ ਸੋਚ ਨੰਗੀ ਹੋ ਗਈ ਹੈ। ਇਹੀ ਕਾਰਣ ਹੈ ਕਿ ਉਹ ਸਰਕਾਰੀ ਕੰਮਾਂ ਵਿਚ ਦਲਿਤਾਂ ਨਾਲ ਵਿਤਕਰਾ ਕਰ ਰਿਹਾ ਹੈ
ਚੰਡੀਗੜ੍ਹ/11 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਅਤੇ ਉਹਨਾਂ ਦੇ ਸਾਲੇ ਜੈਜੀਤ ਜੋਜੋ ਨੂੰ ਦਲਿਤ ਭਾਈਚਾਰੇ ਦਾ ਨਿਰਾਦਰ ਕਰਨ ਵਾਸਤੇ ਤੁਰੰਤ ਮੁਆਫੀ ਮੰਗਣ ਲਈ ਆਖਿਆ ਹੈ। ਪਾਰਟੀ ਨੇ ਕਿਹਾ ਹੈ ਕਿ ਜੇਕਰ ਉਹਨਾਂ ਦੋਵੇਂ ਸਾਲੇ-ਭਣੋਈਏ ਵੱਲੋਂ ਅਜਿਹਾ ਨਾ ਕੀਤਾ ਗਿਆ ਤਾਂ ਦਲਿਤ ਭਾਈਚਾਰੇ ਵੱਲੋਂ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ।
ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਦਲਿਤ ਆਗੂਆਂ ਗੁਲਜ਼ਾਰ ਸਿੰਘ ਰਣੀਕੇ ਅਤੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਵਿੱਤ ਮੰਤਰੀ ਦੀ ਸ਼ਹਿ ਉੱਤੇ ਲਾਏ ਗਏ ਇੱਕ ਧਰਨੇ ਦੌਰਾਨ ਜੋਜੋ ਨੇ ਕੈਮਰੇ ਦੇ ਸਾਹਮਣੇ ਦਲਿਤ ਭਾਈਚਾਰੇ ਬਾਰੇ ਜਾਤੀਸੂਚਕ ਅਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ ਸਨ। ਉਹਨਾਂ ਕਿਹਾ ਕਿ ਜੋਜੋ ਨੇ ਦਲਿਤਾਂ ਦੀ ਚਮੜੀ ਦੇ ਰੰਗ ਦਾ ਮਜ਼ਾਕ ਉਡਾਇਆ ਸੀ ਅਤੇ ਇੱਕ ਆਗੂ ਵੱਲ ਸੰਕੇਤ ਕਰਦਿਆਂ ਇਹ ਕਿਹਾ ਸੀ ਕਿ ਉਸ ਨੂੰ ਮੀਡੀਆ ਦੇ ਸਾਹਮਣੇ ਦਲਿਤਾਂ ਵੱਲੋਂ ਬਿਆਨ ਦੇਣਾ ਚਾਹੀਦਾ ਹੈ, ਕਿਉਂਕਿ ਉਸ ਦਾ ਰੰਗ ਪੱਕਾ ਹੈ।ਵਿੱਤ ਮੰਤਰੀ ਵੱਲੋਂ ਲਗਵਾਏ ਗਏ ਇਸ ਧਰਨੇ ਵਿਚ ਬੈਠੇ ਬਾਕੀ ਕਾਂਗਰਸੀ ਆਗੂਆਂ ਨੇ ਵੀ ਜੋਜੋ ਦੀ ਸੁਰ ਵਿਚ ਸੁਰ ਮਿਲਾ ਕੇ ਦਲਿਤ ਭਾਈਚਾਰੇ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ । ਉਹਨਾਂ ਕਿਹਾ ਕਿ ਇਸ ਧਰਨੇ ਉੱਤੇ ਦਲਿਤ ਭਾਈਚਾਰੇ ਦਾ ਨਿਰਾਦਰ ਕਰਨ ਲਈ ਜੋਜੋ ਅਤੇ ਬਾਕੀ ਕਾਂਗਰਸੀ ਆਗੂਆਂ ਖਿਲਾਫ ਐਸਸੀ ਐਂਡ ਐਸਟੀ ਪ੍ਰਵੈਂਸ਼ਨ ਆਫ ਅਟਰੌਸਿਟੀਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਅਕਾਲੀ ਆਗੂਆਂ ਨੇ ਕਿਹਾ ਕਿ ਇਸ ਤੋਂ ਵੀ ਅਣਮਨੁੱਖੀ ਗੱਲ ਇਹ ਹੈ ਕਿ ਜੋਜੋ ਨੇ ਇਹ ਜਾਣਦੇ ਹੋਏ ਵੀ ਕਿ ਉਸ ਦੀ ਸਾਰੀ ਗੱਲਬਾਤ ਅਤੇ ਦੂਜੇ ਕਾਂਗਰਸੀ ਆਗੂਆਂ ਵੱਲੋਂ ਕੀਤੀਆਂ ਅਪਾਨਜਨਕ ਟਿੱਪਣੀਆਂ ਕੈਮਰੇ ਵਿਚ ਰਿਕਾਰਡ ਹੋ ਚੁੱਕੀਆਂ ਹਨ, ਅਜੇ ਤਕ ਆਪਣੇ ਇਸ ਘਟੀਆ ਵਿਵਹਾਰ ਲਈ ਮੁਆਫੀ ਨਹੀਂ ਮੰਗੀ ਹੈ। ਅਕਾਲੀ ਆਗੂਆਂ ਨੇ ਜੋਜੋ ਨੂੰ ਆਪਣੀਆਂ ਟਿੱਪਣੀਆਂ ਦੀ ਵਿਆਖਿਆ ਕਰਨ ਲਈ ਆਖਿਆ। ਉਹਨਾਂ ਕਿਹਾ ਕਿ ਉਹ ਸਾਨੂੰ ਦੱਸੇ ਕਿ ਦਲਿਤ ਕਿਸ ਤਰ੍ਹਾਂ ਦੇ ਦਿਸਦੇ ਹਨ ਅਤੇ ਉਹ ਕਿਉਂ ਸੋਚਦਾ ਹੈ ਕਿ ਦਲਿਤ ਦੂਜੇ ਮਨੁੱਖਾਂ ਨਾਲੋਂ ਵੱਖਰੇ ਹਨ।
ਸਰਦਾਰ ਰਣੀਕੇ ਅਤੇ ਸ੍ਰੀ ਟੀਨੂੰ ਨੇ ਕਿਹਾ ਕਿ ਇਸ ਮਾਮਲੇ ਉਤੇ ਵਿੱਤ ਮੰਤਰੀ ਵੱਲੋਂ ਧਾਰੀ ਸੋਚੀ-ਸਮਝੀ ਚੁੱਪ ਉਸ ਦੇ ਪਰਿਵਾਰ ਦੀ ਜਾਗੀਰਦਾਰੀ ਸੋਚ ਨੂੰ ਨੰਗਾ ਕਰਦੀ ਹੈ। ਉਹਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੈ ਕਿ ਸਾਰੀ ਮਨੁੱਖ ਜਾਤੀ ਇੱਕ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਜਾਤ ਅਤੇ ਨਸਲ ਨੂੰ ਮਿਟਾ ਦਿੱਤਾ ਸੀ। ਦਸਮ ਪਿਤਾ ਨੇ ਦਲਿਤ ਭਾਈਚਾਰੇ ਨੂੰ 'ਰੰਘਰੇਟਾ ਗੁਰੂ ਕਾ ਬੇਟਾ' ਦਾ ਆਸ਼ੀਰਵਾਦ ਦੇ ਕੇ ਗਲ ਨਾਲ ਲਾਇਆ ਸੀ। ਅਕਾਲੀ ਆਗੂਆਂ ਨੇ ਕਿਹਾ ਕਿ ਸਾਂਝੇ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੋਣ ਦੇ ਬਾਵਜੂਦ ਵਿੱਤ ਮੰਤਰੀ ਆਪਣੇ ਸਾਲੇ ਜੋਜੋ ਦੀਆਂ ਮਾੜੀਆਂ ਹਰਕਤਾਂ ਦਾ ਸਮਰਥਨ ਕਰਕੇ ਦਲਿਤਾਂ ਦਾ ਨਿਰਾਦਰ ਅਤੇ ਧੱਕੇਸ਼ਾਹੀ ਕੀਤੇ ਜਾਣ ਨੂੰ ਹੱਲਾਸ਼ੇਰੀ ਦੇ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਮਨਪ੍ਰੀਤ ਬਾਦਲ ਦੀ ਦਲਿਤ ਭਾਈਚਾਰੇ ਵਿਰੁੱਧ ਵਿਤਕਰੇਬਾਜ਼ੀ ਦੀ ਕਹਾਣੀ ਵੀ ਸਪੱਸ਼ਟ ਹੁੰਦੀ ਹੈ। ਵਿੱਤ ਮੰਤਰੀ ਕਿੰਨੀਆਂ ਹੀ ਦਲਿਤ ਸਕੀਮਾਂ ਜਿਵੇਂ ਦਲਿਤ ਵਿਦਿਆਰਥੀਆਂ ਲਈ ਵਜ਼ੀਫੇ ਅਤੇ ਦਲਿਤ ਲੜਕੀਆਂ ਨੂੰ ਵਿਆਹ ਸਮੇਂ ਦਿੱਤੀ ਜਾਣੀ ਵਾਲੀ ਸ਼ਗਨ ਸਕੀਮ ਆਦਿ ਲਈ ਪੈਸੇ ਜਾਰੀ ਕਰਨ ਤੋਂ ਇਨਕਾਰ ਕਰ ਚੁੱਕਿਆ ਹੈ।
ਇਹ ਟਿੱਪਣੀ ਕਰਦਿਆਂ ਕਿ ਹੁਣ ਬਹੁਤ ਹੋ ਚੁੱਕਿਆ ਹੈ, ਅਕਾਲੀ ਆਗੂਆਂ ਨੇ ਕਿਹਾ ਕਿ ਹੁਣ ਦਲਿਤ ਭਾਈਚਾਰਾ ਮਨਪ੍ਰੀਤ ਬਾਦਲ ਅਤੇ ਉਸ ਦੇ ਵਿਗੜੇ ਹੋਏ ਸਾਲੇ ਜੋਜੋ ਨੂੰ ਸਿੱਧੇ ਰਾਹ ਉੱਤੇ ਲੈ ਕੇ ਆਵੇਗਾ। ਉਹਨਾਂ ਕਿਹਾ ਕਿ ਜੇਕਰ ਉਹਨਾਂ ਨੇ ਤੁਰੰਤ ਦਲਿਤ ਭਾਈਚਾਰੇ ਤੋਂ ਮੁਆਫੀ ਨਾ ਮੰਗੀ ਤਾਂ ਅਸੀਂ ਉਹਨਾਂ ਖ਼ਿਲਾਫ ਅੰਦੋਲਨ ਸ਼ੁਰੂ ਕਰਾਂਗੇ ਅਤੇ ਉਹ ਜਿੱਥੇ ਜਾਣਗੇ, ਉਹਨਾਂ ਦਾ ਘਿਰਾਓ ਕੀਤਾ ਜਾਵੇਗਾ। ਅਕਾਲੀ ਦਲ ਇਸ ਮਾਮਲੇ ਵਿਚ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਮਿਲ ਕੇ ਵੀ ਕਾਰਵਾਈ ਦੀ ਮੰਗ ਕਰੇਗਾ। ਜਦ ਤਕ ਉਹ ਆਪਣੀ ਗਲਤੀ ਨਹੀਂ ਮੰਨਦੇ ਅਸੀਂ ਉਹਨਾਂ ਦਾ ਖਹਿੜਾ ਨਹੀਂ ਛੱਡਾਂਗੇ।