ਚੰਡੀਗੜ੍ਹ, 3 ਫਰਵਰੀ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਚੋਣ ਕਮਿਸ਼ਨ ਨੁੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਆਪਣੇ ਇਸ਼ਤਿਹਾਰਾਂ ਵਿਚ ‘ਗੁਰਬਾਣੀ’ ਦੀ ਦੁਰਵਰਤੋਂ ਕਰਨ ਲਈ ਉਸਦੇ ਖਿਲਾਫ ਕਾਰਵਾਈ ਕਰੇ ਅਤੇ ਪਾਰਟੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਨਾ ਸਿਰਫ ਚੋਣ ਜ਼ਾਬਤੇ ਦੀ ਉਲੰਘਣਾ ਹੈ ਬਲਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੁੰ ਵੀ ਸੱਟ ਵੱਜੀ ਹੈ।
ਪਾਰਟੀ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਮੁੱਖ ਚੋਣ ਅਫਸਰ ਪੰਜਾਬ ਨੁੰ ਇਸ ਮਾਮਲੇ ਵਿਚ ਦਿੱਤੀ ਸ਼ਿਕਾਇਤ ਵਿਚ ਚੋਣ ਕਮਿਸ਼ਨ ਨੁੰ ਬੇਨਤੀ ਕੀਤੀ ਕਿ ਉਹ ਅਜਿਹੇ ਸਾਰੇ ਹੋਰਡਿੰਗਜ਼, ਬੋਰਡ ਤੇ ‘ਪੰਜਾਬ ਦੀ ਚੜ੍ਹਦੀਕਲਾ, ਕਾਂਗਰਸ ਮੰਗੇ ਸਰਬੱਤ ਦਾ ਭਲਾ’ ਵੀਡੀਓ ਸਮੇਤ ਸਾਰੀ ਇਤਰਾਜ਼ਯੋਗ ਸਮੱਗਰੀ ਸਾਰੇ ਚੈਨਲਾਂ ਤੇ ਫੇਸਬੁੱਕ ਤੇ ਟਵਿੱਟਰ ਸਮੇਤ ਸਾਰੇ ਸੋਸ਼ਲ ਮੀਡੀਆ ਪਲੈਟਫੋਰਮਾਂ ਤੋਂ ਹਟਾਉਣ ਦੀਆਂ ਹਦਾਇਤਾਂ ਜਾਰੀ ਕਰੇ।
ਅਕਾਲੀ ਦਲ ਨੇ ਚੋਣ ਕਮਿਸ਼ਨ ਨੁੰ ਇਹ ਵੀ ਅਪੀਲ ਕੀਤੀ ਕਿ ਉਹ ਪਵਿੱਤਰ ਗੁਰਬਾਣੀ ਨੁੰ ਤੋੜ ਮਰੋੜ ਕੇ ਪੇਸ਼ ਕਰਨ ਲਈ ਕਾਂਗਰਸ ਦੇ ਖਿਲਾਫ ਕਾਰਵਾਈ ਲਈ ਵੱਖਰੇ ਤੌਰ ’ਤੇ ਹਦਾਇਤਾਂ ਜਾਰੀ ਕਰੇ। ਉਹਨਾਂ ਕਿਹਾ ਕਿ ਜਿਹੜੇ ਸ਼ਬਦ ਮੋੜ ਮਰੋੜ ਕੇ ਪੇਸ਼ ਕੀਤੇ ਗਏ ਹਨ, ਉਹ ਹਰ ਸਿੱਖ ਦੇ ਦਿਲ ਵਿਚ ਵਸਦੇ ਹਨ ਤੇ ਕਾਂਗਰਸ ਪਾਰਟੀ ਨੇ ਆਪਣੇ ਪ੍ਰਾਪੇਗੰਡਾ ਲਈ ਇਹਨਾਂ ਦੀ ਦੁਰਵਰਤੋਂ ਕਰ ਕੇ ਸਾਰੀ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ।
ਅਕਾਲੀ ਦਲ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਸੌੜੇ ਸਿਆਸੀ ਹਿੱਤਾਂ ਵਾਸਤੇ ਗੁਰਬਾਣੀ ਤੋੜ ਮਰੋੜ ਕੇ ਪੇਸ਼ ਕੀਤੀ ਹੈ ਅਤੇ ਕਿਹਾ ਕਿ ਪਾਰਟੀ ਨੇ ਪੰਜਾਬ ਸਰਕਾਰ ਦੇ ਇਸ਼ਤਿਹਾਰਾਂ ਵਿਚੋਂ ਵਿਜ਼ੁਅਲ ਲੈ ਕੇ ਪਾਰਟੀ ਦੇ ਇਸ਼ਤਿਹਾਰਾਂ ਵਿਚ ਪੇਸਟ ਕਰ ਦਿੱਤੇ ਹਨ। ਚੋਣ ਜ਼ਾਬਤੇ ਮੁਤਾਬਕ ਕੋਈ ਵੀ ਸਿਆਸੀ ਪਾਰਟੀ ਕਿਸੇ ਵੀ ਧਾਰਮਿਕ ਚਿੰਨ ਜਾਂ ਧਾਰਮਿਕ ਸ਼ਬਦਾਵਲੀ ਆਪਣੇ ਸਿਆਸੀ ਪ੍ਰਾਪੇਗੰਡੇ ਲਈ ਨਹੀਂ ਵਰਤ ਸਕਦੀ ਤੇ ਚੋਣ ਕਮਿਸ਼ਨ ਨੇ ਵੀ ਇਹ ਸਪਸ਼ਟ ਕੀਤਾ ਹੈ ਕਿ ਕਿਸੇ ਵੀ ਸਰਕਾਰੀ ਇਸ਼ਤਿਹਾਰ ਦੇ ਵਿਜ਼ੁਅਲ ਸਿਆਸੀ ਪਾਰਟੀ ਦੇ ਇਸ਼ਤਿਹਾਰਾਂ ਵਿਚ ਨਹੀਂ ਵਰਤੇ ਜਾ ਸਕਦੇ। ਸ਼ਿਕਾਇਤ ਵਿਚ ਕਿਹਾ ਗਿਆ ਕਿ ਕਾਂਗਰਸ ਪਾਰਟੀ ਨੇ ਪੰਜਾਬ ਸਰਕਾਰ ਦੇ ‘ਅਸਲ ਪੰਜਾਬੀ’ ਇਸ਼ਤਿਹਾਰ ਵਿਚੋਂ ਵਿਜ਼ੁਅਲ ਖਾਸ ਤੌਰ ’ਤੇ 1.23ਵੇਂ ਮਿੰਟ ’ਤੇ ਦਿੱਤੇ ਵਿਜ਼ੁਅਲ ‘ਪੰਜਾਬ ਦੀ ਚੜ੍ਹਦੀਕਲਾ, ਕਾਂਗਰਸ ਮੰਗਦੀ ਸਰਬੱਤ ਦਾ ਭਲਾ’ ਵਜੋਂ ਵਰਤੇ ਹਨ।