ਬਿਕਰਮ ਮਜੀਠੀਆ ਨੇ ਕਿਹਾ ਕਿ ਲੇਟ ਬੀਜੇ ਝੋਨੇ ਵਿਚ ਨਮੀ ਵਧੇਰੇ ਹੋਣ ਕਰਕੇ ਕਿਸਾਨਾਂ ਨੂੰ ਅਜੇ ਹੋਰ ਨੁਕਸਾਨ ਉਠਾਉਣੇ ਪੈਣਗੇ
ਚੰਡੀਗੜ•/23 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਦੇ ਸੂਬੇ ਅੰਦਰ ਝੋਨੇ ਦੀ ਬਿਜਾਈ ਲੇਟ ਕਰਵਾਉਣ ਦੇ ਗਲਤ ਫੈਸਲੇ ਨੇ ਬਿਜਾਈ ਦਾ ਸੀਜ਼ਨ ਛੋਟਾ ਕਰ ਦਿੱਤਾ ਹੈ, ਜਿਸ ਨਾਲ ਝੋਨਾ ਲੁਆਈ ਦੀ ਮਜ਼ਦੂਰੀ ਵਿਚ ਭਾਰੀ ਵਾਧਾ ਹੋ ਗਿਆ ਹੈ। ਇਸ ਵਧੀ ਮਜ਼ਦੂਰੀ ਲਾਗਤ ਲਈ ਸਰਕਾਰ ਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਝੋਨੇ ਦਾ ਬਿਜਾਈ ਸੀਜਨ ਜਬਰੀ 10 ਜੂਨ ਤੋਂ ਵਧਾ ਕੇ 20 ਜੂਨ ਕਰਨ ਨਾਲ ਮਜ਼ਦੂਰਾਂ ਦਾ ਗੰਭੀਰ ਸੰਕਟ ਖੜ•ਾ ਹੋ ਗਿਆ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੇ ਮਜ਼ਦੂਰੀ ਦੇ ਠੇਕੇ 10 ਜੂਨ ਤੋਂ ਕੀਤੇ ਸਨ, ਜਿਹਨਾਂ ਨੂੰ ਉਹ ਪੁਗਾ ਨਹੀਂ ਸਕੇ। ਪਹਿਲਾਂ ਪੰਜਾਬ ਵਿਚ ਝੋਨਾ ਲਾ ਕੇ ਮਗਰੋਂ ਆਪਣੇ ਖੇਤਾਂ ਦੀ ਦੇਖਭਾਲ ਕਰਨ ਵਾਲੇ ਪਰਵਾਸੀ ਮਜ਼ਦੂਰ ਐਤਕੀਂ ਬਹੁਤ ਥੋੜ•ੀ ਗਿਣਤੀ ਵਿਚ ਆ ਰਹੇ ਹਨ। ਇਸ ਨਾਲ ਝੋਨਾ ਲੁਆਈ ਦੀ ਮਜ਼ਦੂਰੀ ਵਿਚ 40 ਫੀਸਦੀ ਵਾਧਾ ਹੋ ਗਿਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਸਿਰਫ ਇੰਨਾ ਹੀ ਨਹੀਂ। ਕਿਸਾਨਾਂ ਦਾ ਅਜੇ ਹੋਰ ਨੁਕਸਾਨ ਹੋਣਾ ਹੈ। ਉਹਨਾਂ ਕਿਹਾ ਕਿ ਦੇਰੀ ਨਾਲ ਕੀਤੀ ਬਿਜਾਈ ਕਰਕੇ ਵੇਚੇ ਜਾਣ ਸਮੇਂ ਇਸ ਝੋਨੇ ਵਿਚ ਨਾ ਸਿਰਫ ਨਮੀ ਦੀ ਮਾਤਰਾ ਜ਼ਿਆਦਾ ਹੋਵੇਗੀ, ਸਗੋਂ ਝਾੜ ਵੀ ਘੱਟ ਨਿਕਲੇਗਾ, ਜਿਸ ਨਾਲ ਕਿਸਾਨਾਂ ਦਾ ਹੋਰ ਨੁਕਸਾਨ ਹੋਵੇਗਾ। ਉਹਨਾਂ ਕਿਹਾ ਕਿ ਜਿਹੜੇ ਕਿਸਾਨ ਰਵਾਇਤੀ ਤੌਰ ਤੇ ਤਿੰਨ ਫਸਲਾਂ ਬੀਜਦੇ ਸਨ, ਹੁਣ ਝੋਨਾ ਦੇਰੀ ਨਾਲ ਬੀਜਣ ਕਰਕੇ ਉਹ ਤੀਜੀ ਫਸਲ ਨਹੀਂ ਬੀਜ ਪਾਉਣਗੇ।
ਅਕਾਲੀ ਆਗੂ ਨੇ ਕਿਹਾ ਕਿ ਇਕ ਅਗਲਾ ਅਹਿਮ ਪੱਖ ਇਹ ਹੈ ਕਿ ਦੇਰੀ ਨਾਲ ਬੀਜਿਆ ਝੋਨਾ ਵਾਤਾਵਰਣ ਲਈ ਨੁਕਸਾਨਦਾਇਕ ਹੋਵੇਗਾ ਅਤੇ ਪ੍ਰਦੂਸ਼ਣ ਵਿਚ ਵਾਧਾ ਕਰੇਗਾ। ਉਹਨਾਂ ਕਿਹਾ ਕਿ ਕਿਸਾਨਾਂ ਕੋਲ ਝੋਨੇ ਦੀ ਪਰਾਲੀ ਨੂੰ ਹੀਲੇ ਲਾਉਣ ਦਾ ਸਮਾਂ ਨਹੀਂ ਹੋਵੇਗਾ ਅਤੇ ਉਹ ਮਜ਼ਬੂਰੀ ਵਿਚ ਇਸ ਨੂੰ ਜਲਾ ਦੇਣਗੇ, ਜਿਸ ਨਾਲ ਉੱਤਰੀ ਭਾਰਤ ਵਿਚ ਵਾਤਾਵਰਣ ਪਲੀਤ ਹੋਵੇਗਾ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦਿਆਂ ਇਹ ਜਰੂਰੀ ਹੈ ਕਿ ਸੂਬਾ ਸਰਕਾਰ ਕਿਸਾਨਾਂ ਦੇ ਹੋਣ ਵਾਲੇ ਨੁਕਸਾਨ ਲਈ ਉਹਨਾਂ ਵਾਸਤੇ ਮੁਆਵਜ਼ੇ ਦਾ ਐਲਾਨ ਕਰੇ। ਉਹਨਾਂ ਕਿਹਾ ਕਿ ਇਹ ਬਹੁਤ ਹੀ ਅਹਿਮ ਹੈ ਕਿ ਇਹ ਰਾਹਤ ਤੁਰੰਤ ਦਿੱਤੀ ਜਾਵੇ, ਕਿਉਂਕਿ ਸਰਕਾਰ ਵੱਲੋਂ ਆਪਣਾ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦਾ ਵਾਅਦਾ ਨਾ ਪੂਰਾ ਕਰਨ ਕਰਕੇ ਪੰਜਾਬ ਵਿਚ ਖੇਤੀ ਦਾ ਸੰਕਟ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਇਹ ਸੰਕਟ ਪਹਿਲਾਂ ਹੀ ਪਿਛਲੇ ਇੱਕ ਸਾਲ ਵਿਚ 500 ਤੋਂ ਵੱਧ ਕਿਸਾਨਾਂ ਦੀ ਜਾਨ ਲੈ ਚੁੱਕਿਆ ਹੈ। ਜੇਕਰ ਮਜ਼ਦੂਰੀ ਲਾਗਤ ਵਿਚ ਹੋਏ ਵਾਧੇ ਅਤੇ ਕਾਂਗਰਸ ਦੀਆਂ ਗਲਤ ਨੀਤੀਆਂ ਕਰਕੇ ਕਿਸਾਨਾਂ ਦੇ ਹੋ ਰਹੇ ਨੁਕਸਾਨ ਦਾ ਉਹਨਾਂ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਪੰਜਾਬ ਵਿਚ ਖੇਤੀ ਸੰਕਟ ਹੋਰ ਭਿਆਨਕ ਰੂਪ ਲੈ ਸਕਦਾ ਹੈ।