ਕੋਰ ਕਮੇਟੀ ਵੱਲੋਂ ਸ਼੍ਰੀਮਤੀ ਮੁਰਮੂ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਤੋਂ ਜਾਣੂ ਕਰਵਾਉਣ ਲਈ ਪੱਤਰ ਲਿਖਣ ਦਾ ਫੈਸਲਾ
ਚੰਡੀਗੜ੍ਹ, 13 ਜੁਲਾਈ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦ੍ਰੌਪਦੀ ਮੁਰਮੂ ਨੂੰ ਅਪੀਲ ਕੀਤੀ ਹੈ ਕਿ ਉਹ ਉਮਰ ਕੈਦ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਸਾਰੇ ਸਿੱਖ ਨਜ਼ਰਬੰਦਾਂ ਦੀ ਰਿਹਾਈ ਲਈ ਨਿੱਜੀ ਤੌਰ 'ਤੇ ਦਿਲਚਸਪੀ ਲੈਣ, ਜਿਵੇਂ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੁਆਫ਼ੀ ਦੀ ਅਪੀਲ ਰਾਸ਼ਟਰਪਤੀ ਦਫ਼ਤਰ ਵਿਖੇ ਲੰਮੇ ਸਮੇਂ ਤੋਂ ਅਣਗੌਲੀ ਪਈ ਹੈ। ਇਹ ਅਪੀਲ ਪਾਰਟੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਇਸ ਸਬੰਧ ਵਿੱਚ ਲਏ ਗਏ ਫ਼ੈਸਲੇ ਤੋਂ ਬਾਅਦ ਕੀਤੀ ਗਈ।
ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨੂੰ ਲਿਖੇ ਪੱਤਰ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਭਰੋਸਾ ਪ੍ਰਗਟਾਇਆ ਹੈ ਕਿ ਸ੍ਰੀਮਤੀ ਮੁਰਮੂ, ਜੋ ਘੱਟ ਗਿਣਤੀਆਂ, ਸ਼ੋਸ਼ਿਤ ਅਤੇ ਪੱਛੜੀਆਂ ਸ਼੍ਰੇਣੀਆਂ ਦੇ ਹਿੱਤਾਂ ਦੀ ਨੁਮਾਇੰਦਗੀ ਕਰਦੇ ਹਨ, ਉਹ ਸਿੱਖ ਕੌਮ ਦੇ ਦੇਰ ਤੋਂ ਲਟਕਦੇ ਮਸਲਿਆਂ ਅਤੇ ਖ਼ਾਸ ਕਰਕੇ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਮਦਦ ਕਰਨਗੇ।
ਅਪੀਲ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਸਜ਼ਾਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬਣਦੀ ਸਿੰਘਾਂ ਦਾ ਜੇਲ੍ਹਾਂ ਵਿੱਚ ਹੋਣਾ ਦੁਨੀਆ ਭਰ ਦੇ ਸਿੱਖਾਂ ਲਈ ਡੂੰਘੀ ਚਿੰਤਾ ਦਾ ਕਾਰਨ ਹੈ ਅਤੇ ਪਾਰਟੀ ਉਮੀਦ ਕਰਦਾ ਹੈ ਕਿ ਸ਼੍ਰੀਮਤੀ ਦ੍ਰੌਪਦੀ ਮੁਰਮੂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨਾਲ ਜੁੜੇ ਇਸ ਮੁੱਦੇ ਨੂੰ ਹੱਲ ਕਰਨਗੇ।
ਵੇਰਵੇ ਦਿੰਦਿਆਂ ਪੱਤਰ ਵਿੱਚ ਕਿਹਾ ਗਿਆ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਮਾਮਲਾ ਸਭ ਤੋਂ ਮੋਹਰੀ ਹੈ, ਜੋ ਕਿ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹਨ। ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਨੇ 2019 ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਭਾਈ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਸੀ। ਇਸ ਤੋਂ ਇਲਾਵਾ ਭਾਈ ਰਾਜੋਆਣਾ ਦੇ ਸਬੰਧ ਵਿਚ ਇਕ ਮੁਆਫ਼ੀ ਪਟੀਸ਼ਨ ਵੀ 2012 ਤੋਂ ਰਾਸ਼ਟਰਪਤੀ ਦਫ਼ਤਰ ਕੋਲ ਰੁਕੀ ਹੋਈ ਹੈ।
ਇਸ ਵਿੱਚ ਇਹ ਵੀ ਦੱਸਿਆ ਗਿਆ ਕਿ ਕਿਵੇਂ ਕੇਂਦਰ ਸਰਕਾਰ ਨੇ ਗੁਰੂ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਅੱਠ ਹੋਰ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਸੀ, ਪਰ ਇਹ ਮਾਮਲਾ ਵੀ ਲਟਕਿਆ ਹੋਇਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਰਿਹਾਅ ਹੋਣ ਵਾਲੇ ਵਿਅਕਤੀਆਂ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਵੀ ਸ਼ਾਮਲ ਹਨ, ਜਿਨ੍ਹਾਂ ਦੀ ਰਿਹਾਈ ਦੀ ਫ਼ਾਈਲ ਦਿੱਲੀ ਸਰਕਾਰ ਕੋਲ ਪਿਛਲੇ ਅੱਠ ਮਹੀਨਿਆਂ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹਸਤਾਖਰਾਂ ਦੀ ਉਡੀਕ ਵਿੱਚ ਰੁਕੀ ਹੋਈ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਰਿਹਾਈ ਦੀ ਉਡੀਕ ਕਰ ਰਹੇ ਹੋਰ ਸਿੰਘਾਂ ਵਿੱਚ ਸ. ਜਗਤਾਰ ਸਿੰਘ ਹਵਾਰਾ, ਸ. ਪਰਮਜੀਤ ਸਿੰਘ ਭਿਓਰਾ, ਸ. ਜਗਤਾਰ ਸਿੰਘ ਤਾਰਾ, ਸ. ਲਖਵਿੰਦਰ ਸਿੰਘ ਲੱਖਾ, ਸ. ਗੁਰਮੀਤ ਸਿੰਘ ਅਤੇ ਸ. ਸ਼ਮਸ਼ੇਰ ਸਿੰਘ ਸ਼ਾਮਲ ਹਨ, ਜੋ ਕਿ 1995 ਤੋਂ ਜੇਲ੍ਹ ਵਿੱਚ ਬੰਦ ਹਨ। ਇਕ ਹੋਰ ਨਜ਼ਰਬੰਦ ਗੁਰਦੀਪ ਸਿੰਘ ਖਹਿਰਾ ਅੰਮ੍ਰਿਤਸਰ ਵਿਖੇ 1990 ਤੋਂ ਕੈਦ ਵਿੱਚ ਹਨ, ਜਿਨ੍ਹਾਂ ਨੂੰ ਜੇਲ੍ਹ ਕੱਟਦਿਆਂ 32 ਸਾਲ ਹੋ ਚੁੱਕੇ ਹਨ।
ਪੱਤਰ ਵਿੱਚ ਇਹ ਵਿਸ਼ਵਾਸ ਪ੍ਰਗਟਾਇਆ ਗਿਆ ਹੈ ਕਿ ਸਮਾਜ ਦੇ ਕਮਜ਼ੋਰ ਅਤੇ ਦੱਬੇ-ਕੁਚਲੇ ਵਰਗਾਂ ਦੀ ਨੁਮਾਇੰਦਗੀ ਕਰਨ ਵਾਲੀ ਸ਼੍ਰੀਮਤੀ ਮੁਰਮੂ ਸਿੱਖ ਕੌਮ ਦੇ ਦਰਦ ਨੂੰ ਸਮਝਣਗੇ ਅਤੇ ਬਣਦੀ ਕਾਰਵਾਈ ਕਰਨਗੇ। ਪੱਤਰ ਵਿੱਚ ਕਿਹਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਸਦਾ ਮਹਾਨ ਗੁਰੂ ਸਾਹਿਬਾਨਾਂ ਵੱਲੋਂ ਦਰਸਾਏ ਮਨੁੱਖਤਾ ਸਿਧਾਂਤਾਂ ਤੋਂ ਸੇਧ ਲਈ ਹੈ। ਇਹ ਉਹ ਆਦਰਸ਼ ਸਨ ਜਿਨ੍ਹਾਂ ਨੇ ਪਾਰਟੀ ਨੂੰ ਸ਼੍ਰੀਮਤਿ ਮੁਰਮੂ ਦਾ ਸਮਰਥਨ ਕਰਨ ਲਈ ਪ੍ਰੇਰਿਤ ਕੀਤਾ ਹੈ। ਪੱਤਰ 'ਚ ਇਹ ਵੀ ਵਰਨਣ ਹੈ ਕਿ ਪਾਰਟੀ ਦਾ ਸੌ ਸਾਲ ਪੁਰਾਣਾ ਸ਼ਾਨਦਾਰ ਅਤੀਤ ਹੈ, ਜਿਸ ਦੌਰਾਨ ਇਸ ਨੇ ਵੱਖ-ਵੱਖ ਲੋਕ-ਪੱਖੀ ਅੰਦੋਲਨਾਂ ਵਿੱਚ ਹਿੱਸਾ ਲਿਆ ਹੈ।
“ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ ਵੱਲੋਂ ਐਮਰਜੈਂਸੀ ਰਾਹੀਂ ਲੋਕਤੰਤਰ ਦਾ ਗਲਾ ਘੁੱਟਣ ਦੀਆਂ ਕੋਸ਼ਿਸ਼ਾਂ ਵਿਰੁੱਧ, ਸ਼੍ਰੋਮਣੀ ਅਕਾਲੀ ਦਲ ਨੇ ਮੋਹਰੀ ਹੋ ਕੇ ਸੰਘਰਸ਼ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਇਸ ਦੇ ਵਸਨੀਕਾਂ ਦੇ ਖੇਤਰੀ ਹੱਕਾਂ ਦੀ ਰਾਖੀ ਕੀਤੀ ਹੈ, ਭਾਵੇਂ ਉਹ ਉਨ੍ਹਾਂ ਦੀ ਭਾਸ਼ਾ ਨਾਲ ਜੁੜੇ ਹੋਣ ਅਤੇ ਚਾਹੇ ਦਰਿਆਈ ਪਾਣੀਆਂ ਨਾਲ। ਇਹ ਜੱਥੇਬੰਦੀ ਵਿਸ਼ਵ ਭਰ ਵਿੱਚ ਵਸਦੇ ਸਿੱਖ ਭਾਈਚਾਰੇ ਦੀ ਧਾਰਮਿਕ ਤੇ ਸਮਾਜਿਕ ਪ੍ਰਤੀਨਿਧਤਾਕਰਦਾ ਹੈ”, ਪੱਤਰ ਵਿੱਚ ਅੱਗੇ ਕਿਹਾ ਗਿਆ ਹੈ।