ਕਾਂਗਰਸੀ ਗਿਦੜ ਭਬਕੀਆਂ ਦਾ ਠੋਕ ਕੇ ਮੂੰਹ ਤੋੜ ਜਵਾਬ ਦੇਵਾਂਗੇ
ਸਥਿਤੀ ਵਿਗੜਣ ਲਈ ਸਰਕਾਰ ਜਿੰਮੇਵਾਰ ਹੋਵੇਗੀ
ਚੰਡੀਗੜ੍ਹ 30 ਅਗਸਤ: ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਨੇ ਅੱਜ ਐਲਾਨ ਕੀਤਾ ਕਿ ਉਹ ਸਿੱਖਾਂ ਦੀ ਕਾਤਲ, ਸ੍ਰੀ ਹਰਮਿੰਦਰ ਸਾਹਿਬ ਦੀ ਦੋਖੀ ਅਤੇ ਗੁਟਕਾ ਸਾਹਿਬ ਹੱਥ ਵਿਚ ਲੈ ਕੇ ਕੁਫ਼ਰ ਤੋਲਣ ਵਾਲੇ ਕਾਂਗਰਸੀ ਆਗੂਆਂ ਵਲੋ ਦਿੱਤੀ ਗਈ ਇਸ ਗਿਦੜ ਭਬਕੀ ਨੂੰ ਪਾਰਟੀ ਕਬੂਲ ਕਰਦੀ ਹੈ ਅਤੇ ਐਲਾਨ ਕਰਦੀ ਹੈ ਕਿ ਕਾਂਗਰਸੀ ਗਿਦੜ ਭਬਕੀਆਂ ਦਾ ਠੋਕ ਕੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਪਾਰਟੀ ਨੇ ਚਿਤਾਵਨੀ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਜੋਧਿਆਂ ਨੂੰ ਜੇ ਕਿਸੇ ਨੇ ਲਲਕਾਰਿਆਂ ਤਾਂ ਉਸ ਨੂੰ ਉਸ ਦੇ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਅਤੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਪੈਦਾ ਹੋਏ ਕਿਸੇ ਵੀ ਖ਼ਤਰੇ ਦੀ ਪੂਰੀ ਜਿੰਮੇਦਾਰੀ ਪੰਜਾਬ ਸਰਕਾਰ ਦੇ ਸਿਰ ਹੋਵੇਗੀ।
ਪਾਰਟੀ ਨੇ ਐਲਾਨ ਕੀਤਾ ਕਿ ਉਸ ਵਲੋ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ੍ਹ ਦੇ ਘਰ ਵਿਚ ਜਾ ਕੇ ਕਾਂਗਰਸ ਵਿਰੁੱਧ ਪੋਲ ਖੋਲ ਰੈਲੀ ਕੀਤੀ ਜਾਵੇਗੀ, ਜਿਸ ਵਿਚ ਕਾਂਗਰਸ ਅਤੇ ਪੰਜਾਬ ਵਿਚ ਅਮਨ ਨੂੰ ਲਾਬੂ ਲੋਣ ਵਾਲਿਆਂ ਦਰਮਿਆਨ ਮਿਲੀ ਭੁਗਤ ਨੂੰ ਨੰਗਿਆ ਕੀਤਾ ਜਾਵੇਗਾ।
ਪਾਰਟੀ ਦੀ ਕੋਰ ਕਮੇਟੀ ਦੇ ਫ਼ੈਸਲਿਆਂ ਦੀ ਜਾਣਕਾਰੀ ਮੀਡੀਆਂ ਨੂੂੰ ਦਿੰਦੇ ਹੋਏ ਪਾਰਟੀ ਦੇ ਬੁਲਾਰੇ ਸ਼੍ਰੀ ਹਰਚਰਨ ਬੈਂਸ ਨੇ ਦੱਸਿਆ ਕਿ ਮੀਟਿੰਗ ਵਿਚ ਮਤਾ ਪਾਸ ਕੀਤਾ ਗਿਆ, ਜਿਸ ਵਿਚ ਕਿਹਾ ਗਿਆ ਹੈ ਕਿ ਕਾਂਗਰਸ ਪਾਰਟੀ ਵਲੋ ਕੋਝੇ ਹੱਥ ਕੰਡਿਆਂ ਤੇ ਉਤਰ ਕੇ ਪੰਜਾਬ ਦੇ ਸਰਵ ਪ੍ਰਮਾਣਿਤ ਆਗੂ ਅਤੇ ਖ਼ਾਲਸਾ ਪੰਥ ਦੇ ਸਿਰਮੋਰ ਜਰਨੈਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਬਾਰੇ ਕੀਤੀ ਗਈ ਭੱਦੀ ਨੁਕਤਾਚੀਨੀ ਨੂੰ ਖਾਲਸਾ ਪੰਥ ਅਤੇ ਸ੍ਰੋਮਣੀ ਅਕਾਲੀ ਦਲ ਉਤੇ ਹਮਲਾ ਕਰਾਰ ਦਿੰਦੀ ਹੈ।
ਮੀਟਿੰਗ ਵਿਚ ਕਾਂਗਰਸ ਪਾਰਟੀ ਵਲੋ ਭਾੜੇ ਦੇ ਕਰਿੰਦਿਆਂ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਂਵਾਂ ਵਿਰੁੱਧ ਕੀਤੀ ਬਿਆਨਬਾਜੀ ਅਤੇ ਡਰਾਮੇਬਾਜੀ ਦੀ ਘੋਰ ਨਿੰਦਿਆਂ ਕੀਤੀ ਗਈ।
ਪਾਰਟੀ ਨੇ ਸਮੂਹ ਪੰਜਾਬੀਆਂ ਨੂੰ ਪੰਜਾਬ ਵਿਚ ਅਮਨ ਅਤੇ ਭਾਈਚਾਰਕ ਸਾਂਝ ਨੂੰ ਪੈਦਾ ਹੋਏ ਗੰਭੀਰ ਖ਼ਤਰੇ ਵਿਰੁੱਧ ਸੁਚੇਤ ਕੀਤਾ ਅਤੇ ਕਿਹਾ ਕਿ ਕਾਇਸ ਵਿਚ ਸਿੱਖਾਂ ਦੀ ਕਾਤਲ ਜਮਾਤ ਕਾਂਗਰਸ ਪਾਰਟੀ ਅਤੇ ਵਿਦੇਸ਼ੀ ਚੰਦਿਆਂ ਦੀ ਸ਼ਹਿ ਤੇ ਕੰਮ ਕਰ ਰਹੇ ਏਜੰਟਾਂ ਦੀ ਮਿਲੀ ਭੁਗਤ ਵਲੋ ਪੰਜਾਬ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਮੁੜ੍ਹ ਲਾਬੂ ਲਾਉਣ ਦੀ ਸਾਜ਼ਿਸ ਰਚੀ ਗਈ ਹੈ।ਪੰਥ ਅਤੇ ਪੰਜਾਬ ਦੇ ਲੋਕ ਨਾਇਕ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਸਮੁੱਚਾ ਜੀਵਨ ਪੰਜਾਬ ਵਿਚ ਅਮਨ ਅਤੇ ਭਾਈਚਾਰਕ ਸਾਂਝ ਲਈ ਸਮਰਪਤ ਰਿਹਾ ਹੈ। ਪਾਰਟੀ ਸ਼੍ਰ: ਬਾਦਲ ਦੇ ਅਮਨ ਅਤੇ ਭਾਈਚਾਰਕ ਦੇ ਇਸ ਉਦੇਸ ਉਤੇ ਡੱਟਕੇ ਪਹਿਰਾ ਦੇਣ ਦੀ ਵਚਨਬੱਧਤਾ ਨੂੰ ਦਹੁਰਾਇਆ।