ਕਿਹਾ ਕਿ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਟਰਾਂਸਪੋਰਟ ਵਿਭਾਗ ਦੇ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਆਪ ਦੇ ਵਾਅਦੇ ਤੋਂ ਭੱਜੇ
ਅੰਮ੍ਰਿਤਸਰ, 18 ਦਸੰਬਰ : ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੰਗ ਕੀਤੀ ਕਿ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਪੀ ਆਰ ਟੀ ਸੀ ਅਤੇ ਪਨਬੱਸ ਦੇ ਨੌਕਰੀ ਤੋਂ ਫਾਰਗ ਕੀਤੇ 302 ਮੁਲਾਜ਼ਮਾਂ ਨੂੰ ਤੁਰੰਤ ਬਹਾਲ ਕਰੇ ਜਿਹਨਾਂ ਨੂੰ ਧੱਕੇ ਨਾਲ ਨੌਕਰੀ ਤੋਂ ਫਾਰਗ ਵੀ ਕੀਤਾ ਗਿਆ ਹੈ ਤੇ ਬਲੈਕਲਿਸਟ ਵੀ ਕੀਤਾ ਗਿਆ ਹੈ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਟਰਾਂਸਪੋਰਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਵਿਭਾਗ ਵਿਚ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ ਦੇ ਆਪਣੇ ਵਾਅਦੇ ਤੋਂ ਭੱਜ ਗਏ ਹਨ।
ਇਥੇ ਪਨਬੱਸ ਤੇ ਪੀ ਆਰ ਟੀ ਸੀ ਦੇ ਠੇਕਾ ਵਰਕਰ ਯੂਨੀਅਨਾਂ ਦੇ ਧਰਨੇ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਟਰਾਂਸਪੋਰਟ ਮੁਲਾਜ਼ਮਾਂ ਦੇ ਰੋਸ ਧਰਨੇ ਨੂੰ ਸੰਬੋਧਨ ਵੀ ਕੀਤਾ ਸੀ ਤੇ ਭਰੋਸਾ ਦੁਆਇਆ ਸੀ ਕਿ ਆਪ ਸਰਕਾਰ ਉਹਨਾਂ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਬਹਾਲ ਕਰੇਗੀ ਜਿਹਨਾਂ ਨੂੰ ਜਬਰੀ ਨੌਕਰੀ ਤੋਂ ਫਾਰਗ ਕੀਤਾ ਗਿਆ ਹੈ ਅਤੇ ਇਸਦੇ ਨਾਲ ਹੀ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਅਜਿਹਾ ਕਰਨ ਦੀ ਥਾਂ ਹੁਣ ਟਰਾਂਸਪੋਰਟ ਵਿਭਾਗ ਨੇ ਸਿੱਖਲਾਈ ਪ੍ਰਾਪਤ ਉਹਨਾਂ ਮੁਲਾਜ਼ਮਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ ਜੋ ਪਿਛਲੇ 10 ਤੋਂ 15 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਹੁਣ ਇਕ ਸਕਿਓਰਿਟੀ ਏਜੰਸੀ ਰਾਹੀਂ ਨਵੇਂ ਗੈਰ ਸਿੱਖਲਾਈ ਪ੍ਰਾਪਤ ਮੁਲਾਜ਼ਮ ਰੱਖੇ ਜਾ ਰਹੇ ਹਨ ਜਿਸ ਤੋਂ ਭ੍ਰਿਸ਼ਟਾਚਾਰ ਦੀ ਬਦਬੂ ਆ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਭਾਵੇਂ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਸੂਬਾ ਵਿਧਾਨ ਸਭਾ ਵਿਚ ਐਲਾਨ ਕੀਤਾਸੀ ਕਿ ਠੇਕੇ ’ਤੇ ਕੰਮ ਕਰਦੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣਗੀਆਂ ਪਰ ਉਹਨਾਂ ਦੀ ਸਰਕਾਰ ਠੇਕੇ ’ਤੇ ਕੰਮ ਕਰਦੇ ਡ੍ਰਾਈਵਰਾਂ ਤੇ ਕੰਟਰਕਟਰਾਂ ਜਿਹਨਾਂ ਦੀਆਂ ਤਨਖਾਹਾਂ 17 ਹਜ਼ਾਰ ਰੁਪਏ ਅਤੇ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਹਨ, ਉਹਨਾਂ ਨੂੰ ਕੱਢ ਕੇ ਉਹਨਾਂ ਦੀ ਥਾਂ 9 ਹਜ਼ਾਰ ਰੁਪਏ ਪ੍ਰਤੀ ਮਹੀਨਾ ’ਤੇ ਨਵੀਂ ਭਰਤੀ ਕਰ ਰਹੀਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਸਰਕਾਰ ਦਾ ਠੇਕਾ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਕੋਈ ਇਰਾਦਾ ਨਹੀਂ ਹੈ ਤੇ ਇਸਨੇ ਤਾਂ ਅਜਿਹੇ ਮੁਲਾਜ਼ਮਾਂ ਦੀਆਂਸੇਵਾਵਾਂ ਖਤਮ ਕਰਨ ਦੀ ਯੋਜਨਾ ਉਲੀਕ ਲਈ ਹੈ।
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਗੈਰ ਸਿੱਖਲਾਈ ਪ੍ਰਾਪਤ ਮੁਲਾਜ਼ਮਾਂ ਦੀ ਭਰਤੀ ਕਰ ਕੇ ਤੇ ਸਿੱਖਲਾਈ ਪ੍ਰਾਪਤ ਮੁਲਾਜ਼ਮਾਂ ਨੂੰ ਕੱਢਕੇ ਕੇ ਮੁਸਾਫਰਾਂ ਦੀਆਂ ਜਾਨਾਂ ਜ਼ੋ਼ਖ਼ਮ ਵਿਚ ਪਾ ਰਹੀ ਹੈ।
ਉਹਨਾਂ ਐਲਾਨ ਕੀਤਾ ਕਿ ਅਕਾਲੀ ਦਲ ਠੇਕਾ ਵਰਕਰ ਯੂਨੀਅਨ ਦੀ ਮਦਦ ਕਰੇਗਾ ਤਾਂ ਜੋ ਨਵੇਂ ਡ੍ਰਾਈਵਰਾਂ ਤੇ ਕੰਡਕਟਰਾਂ ਨੂੰ ਡਿਊਟੀਆਂ ਜੁਆਇਨ ਹੀ ਨਾ ਕਰਨ ਦਿੱਤੀਆਂ ਜਾਣ। ਉਹਨਾਂ ਕਿਹਾ ਕਿ ਅਸੀਂ ਸ੍ਰੀ ਲਾਲਜੀਤ ਭੁੱਲਰ ਨੂੰ ਵੀ ਘੇਰਾਂਗੇ ਤੇ ਪੁੱਛਾਂਗੇ ਕਿ ਉਹ ਠੇਕਾ ਮੁਲਾਜ਼ਮਾਂ ਦੇ ਪਰਿਵਾਰ ਕਿਉਂ ਤਬਾਹ ਕਰ ਰਹੇ ਹਨ ਤੇ ਮੁਲਾਜ਼ਮਾਂ ਦੇ ਬਕਾਏ ਕਿਉਂ ਜਾਰੀ ਨਹੀਂ ਕੀਤੇ ਜਾ ਰਹੇ।
ਇਸ ਦੌਰਾਨ ਠੇਕਾ ਵਰਕਰ ਯੂਨ.ਅਨ ਨੇ ਸਰਦਾਰ ਮਜੀਠੀਆ ਵੱਲੋਂ ਉਹਨਾਂ ਦੀ ਹਮਾਇਤ ਕਰਨ ਦਾ ਧੰਨਵਾਦ ਕੀਤਾ। ਯੂਨੀਅਨ ਪ੍ਰਧਾਨ ਹੀਰਾ ਸਿੰਘ ਨੇ ਕਿਹਾ ਕਿ ਠੇਕਾ ਮੁਲਾਜ਼ਮਾਂ ਨੂੰ ਤਨਖਾਹਾਂ ਵਿਚ ਸਾਲਾਨਾ 5 ਫੀਸਦੀ ਵਾਧਾ ਕੀਤੇ ਜਾਣ ਦਾ ਵਾਅਦਾ ਕੀਤਾ ਗਿਆ ਸੀ ਤੇ ਆਪ ਸਰਕਾਰ ਨੇ ਇਹ ਵਾਅਦਾ ਵੀ ਨਹੀਂ ਨਿਭਾਇਆ।
ਜਲੰਧਰ ਦੇ ਲਤੀਫਪੁਰ ਵਿਚ ਲੋਕਾਂ ਨੂੰ ਬੇਘਰ ਕਰਨ ਦੇ ਮਾਮਲੇ ਨੂੰ ਉਜਾਗਰ ਕਰਨ ਵਾਲੇ ਇਲੈਕਟ੍ਰਾਨਿਕ ਮੀਡੀਆ ਚੈਨਲ ਆਨ ਏਅਰ ਖਿਲਾਫ ਕੇਸ ਦਰਜ ਕਰਨ ਦੀ ਇਕ ਵਾਰ ਫਿਰ ਨਿਖੇਧੀ ਕਰਦਿਆਂ ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਇਸ ਮਾਮਲੇ ਵਿਚ ਚੈਨਲ ਦੇ ਖਿਲਾਫ 15 ਦਿਨ ਪੁਰਾਣੀ ਖਬਰ ਨੂੰ ਲੈ ਕੇ ਕੇਸ ਦਰਜ ਕਰ ਦਿੱਤਾ ਗਿਆ।
ਸਰਦਾਰ ਮਜੀਠੀਆ ਨੇ ਜਲੰਧਰ ਦੇ ਰੋਜ਼ਾਨਾ ਅਜੀਤ ਅਖਬਾਰ ਸਮੂਹ ਦੇ ਇਸ਼ਤਿਹਾਰ ਬੰਦ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਮੀਡੀਆ ’ਤੇ ਦਬਾਅ ਪਾ ਰਹੀ ਹੈ ਕਿ ਸਾਡੇ ਮੁਤਾਬਕ ਖਬਰਾਂ ਲਗਾਈਆਂ ਜਾਣ ਨਹੀਂ ਤਾਂ ਇਸ਼ਤਿਹਾਰ ਬੰਦ ਕਰ ਦਿੱਤੇ ਜਾਣਗੇ ਤੇ ਕੇਸ ਦਰਜ ਕੀਤੇ ਜਾਣਗੇ। ਉਹਨਾਂ ਕਿਹਾ ਕਿ ਲੋਕਤੰਤਰ ਦੇ ਚੌਥੇ ਕੰਮ ਖਿਲਾਫ ਅਜਿਹੀ ਧੱਕੇਸ਼ਾਹੀ ਅਤਿਅੰਤ ਨਿੰਦਣਯੋਗ ਹੈ ਜੋ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।