ਅੰਮ੍ਰਿਤਸਰ ਪੂਰਬੀ ਦੇ ਵੱਖ ਵੱਖ ਇਲਾਕਿਆ ਵਿਚ ਕੀਤਾ ਡੋਰ ਟੂ ਡੋਰ ਪ੍ਰਚਾਰ
ਅੰਮ੍ਰਿਤਸਰ, 16 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਕੁੱਲ ਹਿੰਦ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੂੰ ਕਿਹਾ ਹੈ ਕਿ ਮੌਜੂਦਾ ਚੋਣਾਂ ਵਿਚ ਪੰਜਾਬੀਆਂ ਤੋਂ ਵੋਟਾਂ ਮੰਗਣ ਤੋਂ ਪਹਿਲਾਂ ਉਹ ਕਾਂਗਰਸ ਪਾਰਟੀ ਵੱਲੋਂ 2017 ਵਿਚ ਪੰਜਾਬੀਆਂ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਦੇਣ ਜਿਹਨਾਂ ਨੁੰ ਪੂਰਾ ਕਰਨ ਤੋਂ ਕਾਂਗਰਸ ਸਰਕਾਰ ਭੱਜ ਗਈ।
ਅੱਜ ਇਥੇ ਹਲਕੇ ਦੇ ਵੱਖ ਵੱਖ ਇਲਾਕਿਆਂ ਵਿਚ ਡੋਰ ਟੂ ਡੋਰ ਪ੍ਰਚਾਰ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਇਹ ਵੇਖ ਕੇ ਹੈਰਾਨ ਹਨ ਕਿ ਪ੍ਰਿਅੰਕਾ ਗਾਂਧੀ ਕਿਸ ਆਧਾਰ ’ਤੇ ਪੰਜਾਬੀਆਂ ਕੋਲੋਂ ਵੋਟਾਂ ਮੰਗਦੇ ਫਿਰ ਰਹੇ ਹਨ। ਉਹਨਾਂ ਕਿਹਾ ਕਿ ਪ੍ਰਿਅੰਕਾ ਗਾਂਧੀ ਨੂੰ ਪਹਿਲਾਂ 2017 ਵਿਚ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਕਿਸਾਨਾਂ ਦੇ ਪੂਰਨ ਕਰਜ਼ਾ ਮੁਆਫੀ, ਘਰ ਘਰ ਨੌਕਰੀ, ਨੌਜਵਾਨਾਂ ਨੁੰ ਬੇਰੋਜ਼ਗਾਰੀ ਭੱਤਾ ਦੇਣਾ, ਬੁਢਾਪਾ ਪੈਨਸ਼ਨ ਵਿਚ ਵਾਧੇ ਅਤੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 51000 ਰੁਪਏ ਕਰਨ ਅਤੇ ਠੇਕੇ ’ਤੇ ਕੰਮ ਕਰਦੇ ਮੁਲਾਜ਼ਮਾਂ ਨੁੰ ਰੈਗੂਲਰ ਕਰਨ ਸਮੇਤ ਹਰ ਵਰਗ ਨਾਲ ਕੀਤੇ ਵਾਅਦਿਆਂ ਦਾ ਹਿਸਾਬ ਦੇਣਾ ਚਾਹੀਦਾ ਹੈ ਜਿਹਨਾਂ ਨੁੰ ਪੂਰਾ ਕਰਨ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਭੱਜ ਗਈ ਤੇ ਫਿਰ ਰਹਿੰਦੀ ਖੂਹੰਦੀ ਕਸਰ ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਵਿਚ ਪੂਰੀ ਕਰ ਦਿੱਤੀ ਜਿਹਨਾਂ ਨੇ ਸਾਰਾ ਜ਼ੋਰ ਸਿਰਫ ਆਪਣੇ ਆਪ ਨੂੰ ਅਮੀਰ ਬਣਾਉਣ ’ਤੇ ਲਾ ਦਿੱਤਾ ਤੇ ਲੋਕ ਵਿਸਾਰ ਦਿੱਤੇ।
ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਲੋਕਾਂ ਨਾਲ ਧੋਖਾ ਕੀਤਾ ਗਿਆ ਤੇ ਪੰਜ ਸਾਲਾਂ ਤੱਕ ਲੋਕਾਂ ਨੂੰ ਸਹੂਲਤਾਂ ਤਾਂ ਕੀ ਦੇਣੀਆਂ ਸੀ ਸਗੋਂ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਦਿੱਤੀਆਂ ਸਹੂਲਤਾਂ ਖੋਹਣ ਦਾ ਜਵਾਬ ਲੋਕ ਮੌਜੂਦਾ ਚੋਣਾਂ ਵਿਚ ਦੇਣਗੇ ਅਤੇ ਜੇਕਰ ਕਾਂਗਰਸ 20 ਤੋਂ 25 ਸੀਟਾਂ ਜਿੱਤ ਲਵੇ ਤਾਂ ਇਹ ਆਪਣੇ ਲਈ ਵੱਡੀ ਪ੍ਰਾਪਤੀ ਮੰਨ ਸਕਦੀ ਹੈ।
ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬੀਆਂ ਨੁੰ ਗਰੰਟੀਆਂ ਦੇ ਰਹੇ ਹਨ ਜਦੋਂ ਕਿ ਉਹ ਇਸ ਗੱਲ ਦੀ ਗਰੰਟੀ ਨਹੀਂ ਦੇ ਸਕਦੇ ਕਿ ਉਹਨਾਂ ਦੇ ਵਿਧਾਇਕ ਪਾਰਟੀ ਛੱਡ ਕੇ ਨਹੀਂ ਭੱਜਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਪਹਿਲਾਂ ਹੀ 20 ਵਿਚੋਂ 11 ਵਿਧਾਇਕ ਭੱਜ ਕੇ ਕਾਂਗਰਸ ਵਿਚ ਚਲੇ ਗਏ ਹਨ ਤੇ ਅਗਲੇ ਕੀ ਕਰਨ, ਇਸਦੀ ਕੋਈ ਗਰੰਟੀ ਨਹੀਂ ਹੈ, ਅਜਿਹੇ ਵਿਚ ਕੇਜਰੀਵਾਲ ਕਿਸ ਆਧਾਰ ’ਤੇ ਲੋਕਾਂ ਨੁੰ ਗਰੰਟੀਆਂ ਦੇ ਰਹੇ ਹਨ।
ਮਜੀਠੀਆ ਨੇ ਕਿਹਾ ਕਿ ਲੋਕਤੰਤਰ ਵਿਚ ਲੋਕ ਆਪ ਹੀ ਆਪਣੀ ਗਰੰਟੀ ਦਿੰਦੇ ਹਨ ਜੋ ਲੀਡਰ ਚੋਣ ਲੜ ਰਿਹਾ ਹੈ, ਉਹ ਗਰੰਟੀ ਨਹੀਂ ਦੇ ਸਕਦਾ।
ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਦੀ ਗੱਲ ਕਰਦਿਆਂ ਮਜੀਠੀਆ ਨੇ ਕਿਹਾ ਕਿ ਅੰਮ੍ਰਿਤਸਰ ਪੂਰਬੀ ਵਿਚ ਹਰ ਵਰਗ ਦੇ ਲੋਕ ਉਹਨਾਂ ਦੇ ਨਾਲ ਆ ਡਟੇ ਹਨ ਜੋ ਨਵਜੋਤ ਸਿੱਧੂ ਦੇ ਹੰਕਾਰ ਦਾ ਆਪ ਹੀ ਭੋਗ ਪਾ ਦੇਣਗੇ। ਉਹਨਾਂ ਕਿਹਾ ਕਿ ਉਹਨਾਂ ਦਾ ਮਕਸਦ ਕਿਸੇ ਦੇ ਖਿਲਾਫ ਕੰਮ ਕਰਨਾ ਨਹੀਂ ਬਲਕਿ ਸਾਡਾ ਮੁੱਖ ਮਕਸਦ ਵਿਕਾਸ ਕਰਵਾੳਣਾ, ਲੋਕਾਂ ਦੇ ਕੱਟੇ ਰਾਸ਼ਨ ਕਾਰਡ ਪਹੁੰਚਾਣਣੇ, ਬਿਜਲੀ, ਪੈਨਸ਼ਨ, ਸ਼ਗਨ, ਭਲਾਈ ਦੇ ਮੁੱਦੇ ਸਾਡਾ ਮੁੱਖ ਏਜੰਡਾ ਰਹਿਣਗੇ।
ਇਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੇ ਚੌਂਕੀ ਵਾਲਾ ਬਜ਼ਾਰ, ਪੱਟੀ ਬੱਗੇ ਵਾਲੀ, ਪਰਾ ਪੱਟੀ, ਘੱਲੂ ਵਾਲੀ ਪੱਟੀ, ਹੋਲਦਾਰ ਪੱਟੀ, ਗੁਰੂਸਰ, ਧੁੱਪਸੜੀ, ਜੱਜ ਨਗਰ, ਮਹਿੰਦਰਾ ਕਲੌਨੀ, ਕ੍ਰਿਸ਼ਨਾ ਨਗਰ, ਧਰਮਪੁਰਾ, ਮੋਹਕਮਪੁਰਾ, ਸੰਧੂ ਕਲੌਨੀ, ਪ੍ਰੀਤ ਨਗਰ ਅਤੇ ਰਾਜੇਸ਼ ਨਗਰ ਇਲਾਕਿਆਂ ਵਿਚ ਡੋਰ ਟੂ ਡੋਰ ਪ੍ਰਚਾਰ ਕੀਤਾ ਜਿਸ ਦੌਰਾਨ ਲੋਕਾਂ ਨੇ ਉਹਨਾਂ ਨੂੰ ਲਾਮਿਸਾਲ ਹੁੰਗਾਰਾ ਦਿੱਤਾ ਤੇ ਥਾਂ ਥਾਂ ’ਤੇ ਲੋਕਾਂ ਨੇ ਸਿਰੋਪਾਓ ਤੇ ਫੁੱਲਾਂ ਦੇ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਦੀ ਡਟਵੀਂ ਹਮਾਇਤ ਰਕਨ ਦਾ ਭਰੋਸਾ ਦੁਆਇਆ।