ਸਿਮਰਨਜੀਤ ਸਿੰਘ ਮਾਨ ਵੱਲੋਂ ਕਾਂਗਰਸ ਨਾਲ ਰਲਗੱਢ ਹੋਣ ਤੇ ਸ਼ਹੀਦ ਭਗਤ ਸਿੰਘ ਦੀ ਆਲੋਚਨਾ ਕਰਨ ਦੀ ਕੀਤੀ ਜ਼ੋਰਦਾਰ ਨਿਖੇਧੀ
ਸੰਗਰੂਰ, ਲੌਂਗੋਵਾਲ, ਸੁਨਾਮ 16 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਸ ਹਲਕੇ ਦੇ ਲੋਕਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੇ ਉਹਨਾਂ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੇ ਖਿਲਾਫ ਬੇਵਿਸਾਹੀ ਮਤਾ ਪਾਸ ਕੀਤਾ ਹੋਇਆ ਹੈ ਤੇ ਲੋਕ ਉਹਨਾਂ ਦੇ ਹਿਤਾਂ ਨਾਲ ਧੋਖਾ ਕਰਨ ਕਾਰਨ ਹਲਕੇ ਵਿਚ ਮੁੱਖ ਮੰਤਰੀ ਦੇ ਖਿਲਾਫ ਵਿਆਪਕ ਰੋਸ ਮੁਜ਼ਾਹਰੇ ਕਰ ਰਹੇ ਹਨ।
ਅੱਜ ਇਥੇ ਸੁਨਾਮ ਵਿਖੇ ਸਾਂਝੇ ਪੰਥਕ ਤੇ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬੀਬਾ ਰਾਜੋਆਣਾ ਦੇ ਹੱਕ ਵਿਚ ਜਨਤਕ ਪ੍ਰੋਗਰਾਮ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਲੋਕਾਂ ਨੇ ਭਗਵੰਤ ਮਾਨ ਨੁੰ ਸ਼ੀਸ਼ਾ ਵਿਖਾ ਦਿੱਤਾ ਹੈ। ਭਾਰੀ ਸੁਰੱਖਿਆ ਇੰਤਜ਼ਾਮਾਂ ਦੇ ਬਾਵਜੂਦ ਲੋਕ ਬਾਹਰ ਨਿਕਲ ਕੇ ਉਹਨਾਂ ਖਿਲਾਫ ਮੁਜ਼ਾਹਰੇ ਕਰ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸ੍ਰੀ ਭਗਵੰਤ ਮਾਲ ਹੁਣ ਬਿਨਾਂ ਪੁਲਿਸ ਸੁਰੱਖਿਆ ਦੇ ਆਪਣੇ ਪੁਰਾਣੇ ਹਲਕੇ ਵਿਚ ਵੀ ਨਹੀਂ ਵੜ੍ਹ ਸਕਦੇ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਇਹ ਸਾਰਾ ਕੁਝ ਇਸ ਕਰ ਕੇ ਹੋ ਰਿਹਾ ਹੈ ਕਿਉਂਕਿ ਮੁੱਖ ਮੰਤਰੀ ਨੇ ਆਪਣੇ ਹਲਕੇ ਦਾ ਧੰਨਵਾਦੀ ਦੌਰਾ ਕਰਨ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਹਲਕੇ ਦੇ ਲੋਕਾਂ ਦੀਆਂ ਤਕਲੀਫਾਂ ਸੁਣਨ ਦੀ ਵੀ ਲੋੜ ਨਹੀਂ ਸਮਝੀ। ਉਹਨਾਂ ਕਿਹਾ ਕਿ ਬਹੁ ਕਰੋੜੀ ਇਸ਼ਤਿਹਾਰ ਮੁਹਿੰਮ ਰਾਹੀਂ ਚੰਡੀਗੜ੍ਹ ਵਿਚ ਘੜਿਆ ਗਿਆ ਪ੍ਰਾਪੇਗੰਡਾ ਫੀਲਡ ਵਿਚ ਭਾਰੀ ਰੋਸ ਵਿਖਾਵਿਆਂ ਨਾਲ ਬੇਨਕਾਬ ਹੋ ਗਿਆ ਹੈ। ਉਹਨਾਂ ਕਿਹਾ ਕਿ ਲੋਕ ਇਸ ਕਰ ਕੇ ਵੀ ਗੁੱਸੇ ਵਿਚ ਹਨ ਕਿਉਂਕਿ ਮੁੱਖ ਮੰਤਰੀ ਆਪ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਫਾਈਲ ’ਤੇ ਹਸਤਾਖ਼ਰ ਕਰਨ ਵਾਸਤੇ ਰਾਜ਼ੀ ਨਹੀਂ ਹੋ ਸਕੇ ਹਾਲਾਂਕਿ ਸਰਕਾਰੀ ਤੌਰ ’ਤੇ ਉਹਨਾਂ ਦੀ ਰਿਹਾਈ ਪ੍ਰਵਾਨਤ ਹੋ ਚੁੱਕੀ ਹੈ।
ਜਦੋਂ ਉਹਨਾਂ ਤੋਂ ਸਵਾਲ ਕੀਤਾ ਗਿਆ ਤਾਂ ਸਰਦਾਰ ਬਾਦਲ ਨੇ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਦੇ ਹੱਕ ਵਿਚ ਬੋਲਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਰਦਾਰ ਮਾਨ ਵਿਚ ਉਸ ਕਾਂਗਰਸ ਪਾਰਟੀ ਪ੍ਰਤੀ ਹੇਜ਼ ਜਾਗ ਗਿਆ ਹੈ ਜਿਸਨੇ ਸ੍ਰੀ ਦਰਬਾਰ ਸਾਹਿਬ ’ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ। ਉਹਨਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਸਰਦਾਰ ਮਾਨ ਸ਼ਹੀਦ ਭਗਤ ਸਿੰਘ ਦੇ ਖਿਲਾਫ ਵੀ ਬੋਲੇ ਸਨ।
ਇਸ ਤੋਂ ਪਹਿਲਾਂ ਲੌਂਗੋਵਾਲ, ਬਡਰੁੱਖਾਂ, ਚੀਮਾ ਤੇ ਸੁਨਾਮ ਵਿਖੇ ਅਨੇਕਾਂ ਥਾਵਾਂ ’ਤੇ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਿਆ ਕਿ ਕਿਵੇਂ ਅਕਾਲੀ ਦਲ ਦੇ ਵਫਦ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਨਾਲ ਮੁਲਾਕਾਤ ਕਰ ਕੇ ਉਹਨਾਂ ਨੁੰ ਅਪੀਲ ਕੀਤੀ ਕਿ ਉਹ ਚੋਣ ਨਾ ਲੜਨ ਤੇ ਸਾਂਝੇ ਪੰਥਕ ਉਮੀਦਵਾਰ ਦੀ ਹਮਾਇਤ ਕਰਨ। ਉਹਨਾਂ ਕਿਹਾ ਕਿ ਅਸੀਂ ਸਰਦਾਰ ਮਾਨ ਨੁੰ ਇਹ ਵੀ ਭਰੋਸਾ ਦੁਆਇਆ ਸੀ ਕਿ 2024 ਦੀਆਂ ਲੋਕ ਸਭਾ ਚੋਣਾਂ ਵਿਚ ਅਸੀਂ ਉਹਨਾਂ ਦੀ ਮਨਪਸੰਦ ਸੀਟ ’ਤੇ ਡਟਵੀਂ ਹਮਾਇਤ ਕਰਾਂਗੇ ਤੇ ਇਸ ਵਾਰ ਬੰਦੀ ਸਿੰਘਾਂ ਦੇ ਪਰਿਵਾਰਾਂ ਵਿਚੋਂ ਮੈਂਬਰ ਖੜ੍ਹਾ ਕਰਨਾ ਬੰਦੀ ਸਿੰਘਾਂ ਦੀ ਰਿਹਾਈ ਦਾ ਸਬੱਬ ਬਣਾਉਦ ਵਾਸਤੇ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਤੁਸੀਂ ਫੈਸਲਾ ਲਵੋ ਕਿ ਗਲਤ ਕੌਣ ਹੈ ?
ਬੰਦੀ ਸਿੰਘਾਂ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਤੇ ਫਿਰ 1984 ਦੇ ਅਖੀਰ ਵਿਚ ਦੇਸ਼ ਭਰ ਵਿਚ ਸਿੱਖਾਂ ’ਤੇ ਹੋਏ ਹਮਲੇ ਤੋਂ ਭਾਵੁਕ ਹੋ ਗਏ ਸਨ। ਉਹਨਾਂ ਕਿਹਾ ਕਿ ਬੰਦੀ ਸਿੰਘਾਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ ਪੂਰੀ ਹੋ ਚੁੱਕੀ ਹੈ ਤੇ ਉਹ ਹਾਲੇ ਤੱਕ ਰਿਹਾਅ ਨਹੀਂ ਕੀਤੇ ਜਾ ਰਹੇ। ਉਹਨਾਂ ਨੇ ਭਾਈ ਰਾਜੋਆਣਾ ਦੀ ਉਦਾਹਰਣ ਦਿੱਤੀ ਜੋ ਬਿਨਾਂ ਪੈਰੋਲ ਤੋਂ ਪਿਛਲੇ 28 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ।
ਪੰਥਕ ਉਮੀਦਵਾਰ ਬੀਬਾ ਕਮਲਦੀਪ ਕੌਰ ਰਾਜੋਆਣਾ ਦੀ ਗੱਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹ ਤਾਂ ਅਕਾਲੀ ਦਲ ਦੇ ਮੈਂਬਰ ਵੀ ਨਹੀਂ ਹਨ ਤੇ ਪੰਥ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਅਨੁਸਾਰ ਡੂੰਘੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੁੰ ਉਮੀਦਵਾਰ ਬਣਾਇਆ। ਉਹਨਾਂ ਕਿਹਾ ਕਿ ਬੀਬਾ ਰਾਜੋਆਣਾ ਵੀ ਪੁਲਿਸ ਤਸ਼ੱਦਦ ਦਾ ਸ਼ਿਕਾਰ ਹਨ ਤੇ ਉਹਨਾਂ ਦੇ ਵੱਡੇ ਭੈਣ ਤੇ ਭਰਾ ਨੁੰ ਪੁਲਿਸ ਨੇ ਮਾਰ ਦਿੱਤਾ ਤੇ ਘਰ ਨੂੰ ਅਗ ਲਗਾ ਦਿੱਤੀ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਬਲਵਿੰਦਰ ਸਿੰਘ ਭੂੰਦੜ, ਸ. ਬਲਦੇਵ ਸਿੰਘ ਮਾਨ, ਸ. ਗੋਬਿੰਦ ਸਿੰਘ ਲੌਂਗੋਵਾਲ, ਸ. ਬਲਜੀਤ ਸਿੰਘ ਜਲਾਲਉਸਮਾ, ਹੰਸ ਰਾਜ ਜੋਸਨ ਅਤੇ ਰਾਜਿੰਦਰ ਦੀਪਾ ਵੀ ਮੌਜੂਦ ਸਨ।