ਅੰਮ੍ਰਿਤਸਰ, 14 ਫਰਵਰੀ : ਅਕਾਲੀ ਦਲ ਤੇ ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੇ ਹੱਕ ਵਿਚ ਚਮਰੰਗ ਰੋਡ 'ਤੇ ਗਠਜੋੜ ਵੱਲੋਂ ਵਿਸ਼ਾਲ ਰੈਲੀ ਕੀਤੀ ਗਈ।
ਇਸ ਰੈਲੀ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਰਾਜ ਵਿਚ ਅੰਮ੍ਰਿਤਸਰ ਪੂਰਬੀ ਦੇ ਲੋਕ ਮੁਢਲੀਆਂ ਸਹੂਲਤਾਂ ਲਈ ਤਰਸਦੇ ਰਹੇ ਹਨ। ਉਹਨਾਂ ਕਿਹਾ ਕਿ 18 ਸਾਲਾਂ ਦੌਰਾਨ ਨਵਜੋਤ ਸਿੰਘ ਸਿੱਧ ਤੇ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਨੇ ਐਮ ਪੀ, ਮੁੱਖ ਪਾਰਲੀਮਾਨੀ ਸਕੱਤਰ ਤੇ ਕੈਬਨਿਟ ਮੰਤਰੀ ਸਮੇਤ ਵੱਖ ਵੱਖ ਅਹੁਦਿਆਂ 'ਤੇ ਬਿਰਾਜਮਾਨ ਰਹਿੰਦਿਆਂ ਸੱਤਾ ਦਾ ਸੁੱਖ ਭੋਗਿਆ ਪਰ ਇਸ ਜੋੜੇ ਨੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਵੱਲ ਧਿਆਨ ਨਹੀਂ ਦਿੱਤਾ ਤੇ ਲੋਕ ਰੋਟੀ, ਕਪੜਾ ਤੇ ਮਕਾਨ ਲਈ ਤਰਸਦੇ ਰਹੇ। ਉਹਨਾਂ ਕਿਹਾ ਕਿ ਲੋਕਾਂ ਨੁੰ ਨਾ ਸਹੀ ਤਰੀਕੇ ਬਿਜਲੀ ਸਪਲਾਈ ਮਿਲੀ, ਨਾ ਸੜਕਾਂ ਮਿਲੀਆਂ ਤੇ ਨਾ ਹੀ ਸੀਵਰੇਜ ਦੀਆਂ ਸਹੂਲਤਾਂ ਮਿਲੀਆਂ। ਉਹਨਾਂ ਕਿਹਾ ਕਿ 18 ਸਾਲਾਂ ਵਿਚ ਜੇਕਰ ਸਿੱਧੂ ਜੋੜਾ ਇਹ ਸਹੂਲਤਾਂ ਨਹੀਂ ਦੇ ਸਕਿਆ ਤਾਂ ਉਸ ਤੋਂ ਹੋਰ ਕੋਈ ਆਸ ਨਹੀਂ ਰੱਖੀ ਜਾ ਸਕਦੀ।
ਸਰਦਾਰ ਮਜੀਠੀਆ ਨੇ ਲੋਕਾਂ ਦੀਆਂ ਮੰਗਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ਮਗਰੋਂ ਹਲਕੇ ਵਿਚ ਸੀਵਰੇਜ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ ਤੇ ਬੁਢਾਪਾ ਪੈਨਸ਼ਨ, ਰਾਸ਼ਨ ਕਾਰਡ ਤੇ ਹੋਰ ਸਹੂਲਤਾਂ ਲਈ ਇਥੇ ਕੈਂਪ ਲਗਾ ਕੇ ਲੋਕਾਂ ਨੁੰ ਸਹੂਲਤਾਂ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਏਕਤਾ ਨਗਰ ਦੀਆਂ ਘਰਾਂ ਦੀਆਂ ਰਜਿਸਟਰੀਆਂ ਬਾਰੇ ਦਰਪੇਸ਼ ਮੁਸ਼ਕਿਲਾਂ ਦੂਰ ਕੀਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਧਾਰਮਿਕ ਸਥਾਨਾਂ ਦੇ ਸੁੰਦਰੀਕਰਨ ਕੀਤਾ ਜਾਵੇਗਾ ਤੇ ਵਧੀਆ ਧਰਮਸ਼ਾਮਲਾ ਦਾ ਨਿਰਮਾਣ ਕੀਤਾ ਜਾਵੇਗਾ, ਚੰਗੇ ਸਕੂਲ ਦਾ ਪ੍ਰਬੰਧ ਕੀਤਾ ਜਾਵੇਗਾ, ਉਹਨਾਂ ਕਿਹਾ ਕਿ ਇਲਾਕੇ ਨੂੰ ਰਹਿਣ ਲਾਇਕ ਚੰਗੇ ਇਲਾਕੇ ਵਜੋਂ ਵਿਕਸਤ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਜੋ ਵੀ ਮੰਗਾਂ ਹੋਣਗੀਆਂ ਉਹ ਸਰਕਾਰ ਵੱਲੋਂ ਪਹਿਲ ਦੇ ਆਧਾਰ 'ਤੇ ਪ੍ਰਵਾਨ ਕੀਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਐਸ ਸੀ ਭਾਈਚਾਰੇ, ਮਸੀਹ ਭਾਈਚਾਰੇ ਸਮੇਤ ਹਰ ਵਰਗ ਦੀਆਂ ਜ਼ਰੂਰਤਾਂ ਦਾ ਖਿਆਲ ਰੱਖਿਆ ਜਾਵੇਗਾ।
ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਡਾ. ਅੰਬੇਡਕਰ ਦੀ ਢੁਕਵੀਂ ਯਾਦਗਾਰ ਬਣਾਈ ਜਾਵੇਗੀ।
ਇਸ ਦੌਰਾਨ ਆਲ ਇੰਡੀਆ ਐਸ ਸੀ ਬੀ ਸੀ ਸੋਸ਼ਲ ਵੈੱਲਫੇਅਰ ਸੁਸਾਇਟੀ ਅਤੇ ਆਲ ਇੰਡੀਆ ਭਾਟੀਆ ਬਰਾਦਰੀ ਆਰਗੇਨਾਈਜੇਸ਼ਨ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਆਪਣੀਪੂਰਨ ਹਮਾਇਤ ਦਾ ਭਰੋਸਾ ਦੁਆਇਆ ਤੇ ਆਪਣੀਆਂ ਮੁਸ਼ਕਲਾਂ ਵੀ ਦੱਸੀਆਂ। ਸਰਦਾਰ ਮਜੀਠੀਆ ਨੇ ਇਹਨਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦੁਆਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰਬੀਰ ਸਿੰਘ ਢੋਟ ਤੇ ਗੁਰਪ੍ਰਤਾਪ ਸਿੰਘ ਟਿੱਕਾ ਤੇ ਸਥਾਨਕ ਲੋਕ ਹਾਜ਼ਰ ਸਨ।