ਕਿਹਾ ਕਿ ਸਮਰਥਨ ਮੁੱਲ ਵਿਚ ਕੀਤਾ ਭਾਰੀ ਵਾਧਾ ਪੇਂਡੂ ਅਰਥ-ਵਿਵਸਥਾ ਨੂੰ ਬਚਾਏਗਾ ਅਤੇ ਕਿਸਾਨਾਂ ਦੀ ਪ੍ਰਤੀ ਏਕੜ ਆਮਦਨ ਵਿਚ 6 ਹਜ਼ਾਰ ਤੋਂ ਲੈ ਕੇ 8 ਹਜ਼ਾਰ ਰੁਪਏ ਤਕ ਦਾ ਵਾਧਾ ਕਰੇਗਾ
ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਫ਼ਖਰ ਹੈ ਕਿ ਬਾਦਲ ਸਾਹਿਬ ਦੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਵਾਉਣ ਦੇ ਯਤਨਾਂ ਨੂੰ ਆਖਿਰ ਬੂਰ ਪੈ ਗਿਆ ਹੈ
ਚੰਡੀਗੜ•/04 ਜੁਲਾਈ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸਾਉਣੀ ਦੀਆਂ 14 ਫਸਲਾਂ ਦੇ ਸਮਰਥਨ ਮੁੱਲ ਵਿਚ ਇਤਿਹਾਸਕ ਵਾਧਾ ਕਰਕੇ ਭਾਰਤ ਦੇ ਸਭ ਤੋਂ ਵੱਧ ਕਿਸਾਨ-ਪੱਖੀ ਪ੍ਰਧਾਨ ਮੰਤਰੀ ਅਤੇ ਅੰਨਦਾਤਾ ਦੇ ਰਖਵਾਲੇ ਦੇ ਰੂਪ ਵਿਚ ਇੱਕ ਵਿਲੱਖਣ ਪਹਿਚਾਣ ਹਾਸਿਲ ਕਰ ਲਈ ਹੈ। ਸ੍ਰੀ ਮੋਦੀ ਨੇ ਚਾਰ ਸਾਲਾਂ ਵਿਚ ਉਹ ਕਰ ਵਿਖਾਇਅਆ ਹੈ ਜੋ ਕਾਂਗਰਸ ਸਰਕਾਰ ਆਪਣੇ 50 ਸਾਲਾਂ ਦੀ ਹਕੂਮਤ ਦੌਰਾਨ ਨਹੀਂ ਕਰ ਪਾਈ ਸੀ।
ਐਨਡੀਏ ਸਰਕਾਰ ਵੱਲੋਂ ਝੋਨੇ ਦਾ ਸਮਰਥਨ ਮੁੱਲ 200 ਰੁਪਏ ਪ੍ਰਤੀ ਕੁਇੰਟਲ ਅਤੇ ਕਪਾਹ ਦਾ ਮੁੱਲ 1100 ਰੁਪਏ ਪ੍ਰਤੀ ਵਧਾਉਣ ਦੇ ਲਏ ਵਿਲੱਖਣ ਫੈਸਲੇ ਬਾਰੇ ਆਪਣਾ ਪ੍ਰਤੀਕਰਮ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ 14 ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਵਿਚ ਕੀਤੇ ਇਸ ਰਿਕਾਰਡ ਵਾਧੇ ਨਾਲ ਸਵਾਮੀਨਾਥਨ ਕਮਿਸ਼ਨ ਦੀਆਂ ਮੁੱਖ ਸਿਫਾਰਿਸ਼ਾਂ ਪੂਰੀਆਂ ਹੋ ਗਈਆਂ ਹਨ। ਉਹਨਾਂ ਕਿਹਾ ਕਿ ਮਸ਼ਹੂਰ ਖੇਤੀ ਵਿਗਿਆਨੀ ਡਾਕਟਰ ਐਮਐਸ ਸਵਾਮੀਨਾਥਨ ਦੁਆਰਾ ਤਿਆਰ ਕੀਤੀ ਰਿਪੋਰਟ ਵਿਚ ਕਿਸਾਨਾਂ ਦੀ ਕੁੱਲ ਖੇਤੀ ਲਾਗਤ ਉੱਤੇ 50 ਫੀਸਦੀ ਮੁਨਾਫਾ ਯਕੀਨੀ ਬਣਾਉਣ ਦਾ ਫਾਰਮੂਲਾ ਪੇਸ਼ ਕੀਤਾ ਗਿਆ ਸੀ। ਸਰਦਾਰ ਪਰਕਾਸ਼ ਸਿੰਘ ਬਾਦਲ ਦੁਆਰਾ ਵੱਖ ਵੱਖ ਫੋਰਮਾਂ ਉੱਤੇ ਉਠਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਇਸ ਲੰਬੇ ਸਮੇਂ ਦੀ ਮੰਗ ਨੂੰ ਮੁਕੰਮਲ ਤੌਰ ਤੇ ਲਾਗੂ ਕਰ ਦਿੱਤਾ ਗਿਆ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੇਂਡੂ ਅਰਥ ਵਿਵਸਥਾ ਨੂੰ ਬਚਾਉਣ ਅਤੇ ਕਿਸਾਨਾਂ ਨੂੰ ਤਕਲੀਫ ਤੋਂ ਬਚਾਉਣ ਦਾ ਵਾਅਦਾ ਪੂਰਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਵੱਖ ਵੱਖ ਫਸਲਾਂ ਦੇ ਸਮਰਥਨ ਮੁੱਲ ਵਿਚ ਕੀਤਾ ਵਾਧਾ ਪੰਜਾਬ ਵਿਚ ਕਿਸਾਨਾਂ ਦੀਆਂ ਦੇਣਦਾਰੀਆਂ ਨੂੰ ਘਟਾਏਗਾ ਅਤੇ ਕਿਸਾਨ ਖੁਦਕੁਸ਼ੀਆਂ ਵਿਚ ਕਮੀ ਲਿਆਵੇਗਾ, ਜਿਹੜੀਆਂ ਕਾਂਗਰਸ ਸਰਕਾਰ ਦੇ 90 ਹਜ਼ਾਰ ਕਰੋੜ ਰੁਪਏ ਦੀ ਕਰਜ਼ਾ ਮੁਆਫੀ ਦੇ ਵਾਅਦੇ ਨੂੰ ਪੂਰਾ ਕਰਨ ਤੋਂ ਮਕਰਨ ਮਗਰੋਂ ਲਗਾਤਾਰ ਵਧੀਆਂ ਹਨ। ਇਹੀ ਕਾਰਣ ਹੈ ਕਿ ਸ੍ਰੀ ਮੋਦੀ ਆਜ਼ਾਦ ਭਾਰਤ ਦੇ ਸਭ ਤੋਂ ਵੱਧ ਕਿਸਾਨ-ਪੱਖੀ ਪ੍ਰਧਾਨ ਮੰਤਰੀ ਵਜੋਂ ਉੱੱਭਰ ਕੇ ਸਾਹਮਣੇ ਆਏ ਹਨ।
ਇਹ ਟਿੱਪਣੀ ਕਰਦਿਆਂ ਕਿ ਸ੍ਰੀ ਮੋਦੀ ਨੇ ਇਹ ਵਿੱਲਖਣਤਾ ਮਹਿਜ਼ ਚਾਰ ਸਾਲ ਦੇ ਵਕਫ਼ੇ ਦੌਰਾਨ ਹਾਸਿਲ ਕੀਤੀ ਹੈ, ਸਰਦਾਰ ਬਾਦਲ ਨੇ ਕਿਹਾ ਕਿ ਕੇਂਦਰ ਵਿਚ ਸਮੇਂ ਸਮੇਂ ਬਣੀਆਂ ਕਾਂਗਰਸ ਦੀਆਂ ਸਰਕਾਰਾਂ ਨੇ 50 ਸਾਲਾਂ ਦੌਰਾਨ ਕਿਸਾਨਾਂ ਵਾਸਤੇ ਸਿਰਫ ਵੱਡੀਆਂ ਵੱਡੀਆਂ ਗੱਲਾਂ ਹੀ ਮਾਰੀਆਂ ਹਨ। ਉਹਨਾਂ ਕਿਹਾ ਕਿ ਕਿਸੇ ਵੀ ਕਾਂਗਰਸ ਸਰਕਾਰ ਨੇ ਖੇਤੀ ਸੰਕਟ ਨੂੰ ਹੱਲ ਕਰਨ ਵਾਸਤੇ ਕੁੱਝ ਨਹੀਂ ਕੀਤਾ। ਦਰਅਸਲ ਅਜਿਹਾ ਦਲੇਰਾਨਾ ਫੈਸਲਾ ਨਰਿੰਦਰ ਮੋਦੀ ਜੀ ਨੇ ਹੀ ਲੈਣਾ ਸੀ।
ਅਕਾਲੀ ਦਲ ਦੇ ਪ੍ਰਧਾਨ ਨੇ ਸਾਬਕਾ ਪ੍ਰਧਾਨ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਦਾ ਲੰਬੇ ਸਮੇਂ ਤੋਂ ਸਵਾਮੀਨਾਥਨ ਰਿਪੋਰਟ ਦੇ ਹੱਕ ਵਿਚ ਡਟਣ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਆਪਣੇ 7 ਦਹਾਕਿਆਂ ਤਕ ਫੈਲੇ ਲੰਬੇ ਸਿਆਸੀ ਜੀਵਨ ਦੌਰਾਨ ਹਮੇਸ਼ਾਂ ਕਿਸਾਨਾਂ ਦੇ ਹੱਕਾਂ ਲਈ ਲੜਦੇ ਰਹੇ ਹਨ। ਉਹਨਾਂ ਕਿਹਾ ਕਿ ਇਹ ਬਹੁਤ ਹੀ ਫ਼ਖਰ ਦੀ ਗੱਲ ਹੈ ਕਿ ਬਾਦਲ ਸਾਹਿਬ ਵੱਲੋਂ ਲਗਾਤਾਰ ਕੀਤੀਆਂ ਕੋਸ਼ਿਸ਼ਾਂ ਨੂੰ ਬੂਰ ਪੈ ਗਿਆ ਹੈ ਅਤੇ ਹੁਣ ਸਾਰੀਆਂ ਫਸਲਾਂ ਦੀ ਐਮਐਸਪੀ ਕੱਢਣ ਵਾਸਤੇ ਕਿਸਾਨਾਂ ਕੋਲ ਇੱਕ ਕਿਸਾਨ ਪੱਖੀ ਫਾਰਮੂਲਾ ਆ ਗਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅੱਜ ਦੇ ਫੈਸਲੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ। ਵਧੇ ਹੋਏ ਸਮਰਥਨ ਮੁੱਲ ਨਾਲ ਪ੍ਰਤੀ ਏਕੜ ਆਮਦਨ ਵਿਚ 6 ਹਜ਼ਾਰ ਤੋਂ ਲੈ ਕੇ 8 ਹਜ਼ਾਰ ਰੁਪਏ ਤਕ ਦਾ ਵਾਧਾ ਹੋਵੇਗਾ। ਉਹਨਾਂ ਕਿਹਾ ਕਿ ਇੱਕ ਨਵਾਂ ਰੁਝਾਣ ਸ਼ੁਰੂ ਹੋ ਚੁੱਕਿਆ ਹੈ, ਜਿਹੜਾ ਕਿ ਕਾਂਗਰਸ ਸਰਕਾਰਾਂ ਦੁਆਰਾ ਪੰਜਾਬ ਨਾਲ ਦਹਾਕਿਆਂ ਤੋਂ ਕੀਤੇ ਜਾ ਰਹੇ ਵਿਤਕਰੇ ਨੂੰ ਬੰਦ ਕਰ ਦੇਵੇਗਾ।