ਕੇਂਦਰੀ ਸਿਹਤ ਮੰਤਰੀ ਨੂੰ ਪ੍ਰਾਈਵੇਟ ਮੈਡੀਕਲ ਲੈਬਾਰਟਰੀਆਂ ਦਾ ਮਸਲਾ ਹੱਲ ਕਰਨ ਦੀ ਵੀ ਕੀਤੀ ਬੇਨਤੀ
ਚੰਡੀਗੜ੍ਹ, 23 ਅਗਸਤ : ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਮੰਤਰਾਲੇ ਨੂੰ ਅਪੀਲ ਕੀਤੀ ਕਿ ਬਠਿੰਡਾ ਦੇ ਪ੍ਰਤੀਸ਼ਠਤ ਏਮਜ਼ ਇੰਸਟੀਚਿਊਟ ਦਾ ਨਾਂ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਰੱਖਿਆ ਜਾਵੇ।
ਬਠਿੰਡਾ ਦੇ ਐਮ ਪੀ, ਜਿਹਨਾਂ ਨੇ ਇਸ ਮਾਮਲੇ ’ਤੇ ਦਿੱਲੀ ਵਿਚ ਕੇਂਦਰੀ ਸਿਹਤ ਮੰਤਰੀ ਸ੍ਰੀ ਮਨਸੁੱਖ ਮਾਂਡਵੀਆ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਏਮਜ਼ ਬਠਿੰਡਾ ਸਿਹਤ ਸੰਭਾਲ ਸਹੂਲਤ ਦਾ ਨਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ’ਤੇ ਰੱਖਣਾ ਨੌਜਵੇਂ ਗੁਰੂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਜਿਹਨਾਂ ਨੇ ਆਪਣਾ ਜੀਵਨ ਧਰਮ ਦੀ ਰੱਖਿਆ ਲਈ ਵਾਰ ਦਿੱਤਾ ਤਾਂ ਜੋ ਧਰਮ ਦੀ ਆਜ਼ਾਦੀ ਦੀ ਮਸ਼ਾਲ ਸਾਡੀ ਪਵਿੱਤਰ ਜ਼ਮੀਨ ’ਤੇ ਹਮੇਸ਼ਾ ਬਲਦੀ ਰਹੇ। ਉਹਨਾਂ ਕਿਹਾ ਕਿ ਇਸ ਦੇਸ਼ ਦੇ ਸਾਰੇ ਲੋਕਾਂ ਦੀ ਆਜ਼ਾਦੀ ਰਾਖੀ ਲਈ ਗੁਰੂ ਸਾਹਿਬ ਦੀ ਵਚਨਬੱਧਤਾ ਦਾ ਕੋਈ ਸਾਨੀ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਸਾਹਿਬ ਦੀ ਸ਼ਹਾਦਤ ਇਸ ਦੇਸ਼ ਦੇ ਇਤਿਹਾਸ ਨੂੰ ਬਦਲਣ ਦੀ ਸ਼ੁਰੂਆਤ ਸੀ ਤੇ ਇਸ ਨਾਲ ਸਾਡਾ ਮਹਾਨ ਦੇਸ਼ ਬਣ ਸਕਿਆ ਜਿਥੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਹੁੰਦਾ ਹੈ।
ਸਰਦਾਰਨੀ ਬਾਦਲ ਨੇ ਇਹ ਵੀ ਕਿਹਾ ਕਿ ਜਦੋਂ ਮੁਲਕ ਮਹਾਨ ਗੁਰੂ ਦਾ 400 ਸਾਲਾ ਪ੍ਰਕਾਸ਼ ਪੁਰਬ ਮਨਾ ਰਿਹਾ ਹੈ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾਂਜਲੀ ਦਿੰਦਿੰਆਂ ਮੰਨਿਆ ਹੈ ਕਿ ਉਹਨਾਂ ਨੇ ਸਰਵਉਚ ਬਲਿਦਾਨ ਦਿੱਤਾ ਤਾਂ ਉਸ ਮੇਰੇ ਮੇਰਾ ਇਹ ਮੰਨਣਾ ਹੈ ਕਿ ਇਸ ਵੱਕਾਰੀ ਸੰਸਥਾ ਦਾ ਨਾਂ ਮਹਾਨ ਗੁਰੂ ਦੇ ਨਾਂ ’ਤੇ ਰੱਖਣਾ ਬਹੁਤ ਹੀ ਚੰਗੀ ਗੱਲ ਹੋਵੇਗੀ।
ਇਸ ਦੌਰਾਨ ਐਮ ਪੀ ਨੇ ਸਿਹਤ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਕਿ ਦੇਸ਼ ਭਰ ਵਿਚ ਪ੍ਰਾਈਵੇਟ ਮੈਡੀਕਲ ਲੈਬਾਰਟਰੀਆਂ ਦੇ ਲੈਬ ਟੈਕਨੀਸ਼ੀਅਨਾਂ ਦਾ ਮਸਲਾ ਹੱਲ ਕੀਤਾ ਜਾਵੇ। ਉਹਨਾਂ ਕਿਹਾ ਕਿ ਲੈਬਾਰਟਰੀ ਟੈਕਨੀਸ਼ੀਅਨਾਂ ਲਈ ਤੈਅ ਤਾਜ਼ਾ ਨਿਯਮਾਂ ਵਿਚ ਸਿਰਫ ਤਿੰਨ ਸ਼੍ਰੇਣੀਆਂ ਨੂੰ ਮੈਡੀਕਲ ਲੈਬਾਰਟਰੀਆਂ ਚਲਾਉਣ ਦੀ ਆਗਿਆ ਦਿੱਤੀ ਗਈ ਹੈ ਜਿਹਨਾਂ ਵਿਚ ਐਮ ਬੀ ਬੀ ਐਸ, ਐਮ ਡੀ, ਪੀ ਐਚ ਡੀ ਤੇ ਐਮ ਐਸ ਸੀ ਪਾਸਆਊਟ ਸ਼ਾਮਲ ਹਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਿਰਫ ਇਕ ਹਜ਼ਾਰ ਲੈਬਾਰਟਰੀਆਂ ਅਜਿਹੇ ਪ੍ਰੋਫੈਸ਼ਨਲ ਲੋਕ ਚਲਾ ਰਹੇ ਹਨ ਜਦੋਂ ਕਿ 9000 ਲੈਬਾਰਟਰੀਆਂ ਬੀ ਐਸ ਸੀ ਪਾਸ ਤੇ ਡੀ ਐਮ ਐਲ ਟੀ ਦੀ ਡਿਗਰੀ ਧਾਰਕ ਚਲਾ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਪ੍ਰੋਫੈਸ਼ਨਲ ਲੋਕਾਂ ਨੂੰ ਲੈਬਾਰਟਰੀਆਂ ਲਈ ਪੁਰਾਣੇ ਨਿਯਮਾਂ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਹੁਣ ਕੱਢ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਪ੍ਰੋਫੈਸ਼ਨਲ ਲੋਕਾਂ ਨੂੰ ਨਵੇਂ ਨਿਯਮਾਂ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤੇ ਇਹਨਾਂ ਕੋਲ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ. ਜਾਰੀ ਪ੍ਰਦੂਸ਼ਣ ਆਥਰੋਰਾਈਜੇਸ਼ਨ ਸਰਟੀਫਿਕੇਟ ਵੀ ਹਨ।
ਇਸ ਸਬੰਧ ਵਿਚ ਜੁਆਇੰਟ ਐਸੋਸੀਏਸ਼ਨ ਆਫ ਇੰਡੀਪੈਂਡੈਂਟ ਮੈਡੀਕਲ ਲੈਬਾਰਟਰੀ ਐਂਡ ਅਲਾਇਡ ਪ੍ਰੋਫੈਸ਼ਨਲਜ਼ ਵੱਲੋਂ ਇਕ ਮੰਗ ਪੱਤਰ ਸੌਂਪਦਿਆਂ ਸਰਦਾਰਨੀ ਬਾਦਲ ਨੇ ਕਿਹਾ ਕਿ ਜੇਕਰ ਮੌਜੂਦਾ ਮੈਡੀਕਲ ਲੈਬਾਰਟਰੀਆਂ ਜਿਹਨਾਂ ਕੋਲ 2022 ਤੱਕ ਪ੍ਰਦੂਸ਼ਣ ਆਥੋਰਾਈਜੇਸ਼ਨ ਹੈ, ਨੂੰ ਮਾਨਤਾ ਦੇਣ ’ਤੇ ਐਸੋਸੀਏਸ਼ਨ ਨੁੰ ਕੋਈ ਇਤਰਾਜ਼ ਨਹੀਂ ਹੈ ਤੇ ਉਹਨਾਂ ਮੰਤਰੀ ਨੂੰ ਇਸ ਮਸਲੇ ’ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ ਕੀਤੀ।
ਸ੍ਰੀ ਮਨਸੁੱਖ ਮਾਂਡਵੀਆ ਨੇ ਸਰਦਾਰਨੀ ਬਾਦਲ ਨੂੰ ਭਰੋਸਾ ਦਿੱਤਾ ਕਿ 9000 ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨਾਂ ਨੂੰ ਪੁਰਾਣੀ ਨੀਤੀ ਵਾਂਗ ਮਾਨਤਾ ਜਾਰੀ ਰਹੇਗੀ।