ਕਿਹਾ ਕਿ 28 ਬੈਡਾਂ ਦੇ ਟਰੋਮਾ ਸੈਂਟਰ ਦੀ ਸਮਰਥਾ ਵਧਾ ਕੇ 300 ਕੀਤੀ ਜਾਵੇ ਕਿਉਂਕਿ ਖਿੱਤੇ ਵਿਚ ਹਾਦਸੇ ਬਹੁਤ ਵਾਪਰਦੇ ਹਨ
ਬਠਿੰਡਾ, 24 ਅਗਸਤ : ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕੇਂਦਰੀ ਸਿਹਤ ਮੰਤਰੀ ਸ੍ਰੀ ਮਨਸੁੱਖ ਮਾਂਡਵੀਆ ਨੂੰ ਅਪੀਲ ਕੀਤੀ ਕਿ ਏਮਜ਼ ਬਠਿੰਡਾ ਵਿਚ ਮਰੀਜ਼ਾਂ ਦੇ ਹਿੱਤਾਂ ਵਾਸਤੇ ਡਾਕਟਰਾਂ ਦੇ ਰਹਿਣ ਲਈ ਢੁਕਵੀਂ ਥਾਂ ਦੀ ਉਸਾਰੀ ਕੀਤੀ ਜਾਵੇ ਅਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਰਹਿਣ ਲਈ ਢੁਕਵੀਂ ਸਹੂਲਤ ਨਾ ਹੋਣ ਕਾਰਨ ਇੰਸਟੀਚਿਊਟ ਵਿਚ ਮੈਡੀਕਲ ਪ੍ਰੋਫੈਸ਼ਨਲ ਦੀ ਛੱਡ ਕੇ ਜਾਣ ਦੀ ਦਰ ਜ਼ਿਆਦਾ ਹੈ।
ਸਿਹਤ ਮੰਤਰੀ ਨੂੰ ਲਿਖੇ ਪੱਤਰ ਵਿਚ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਡਾਕਟਰਾਂ ਦੇ ਰਹਿਣ ਲਈ 1120 ਇਕਾਈਆਂ ਦਾ ਨਿਰਮਾਣ ਕਾਫੀ ਦੇਰ ਤੋਂ ਲਟਕ ਰਿਹਾ ਹੈ ਤੇ ਇਸ ਵੱਕਾਰੀ ਸੰਸਥਾ ਦੇ ਸਹੀ ਤਰੀਕੇ ਕੰਮ ਕਰਨ ਦੇ ਹਿੱਤ ਵਿਚ ਇਸ ਕੰਮ ਵਿਚ ਤੇਜ਼ੀ ਲਿਆਉਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੰਸਥਾ ਕੋਲ ਫੰਡ ਪਹਿਲਾਂ ਹੀ ਉਪਲਬਧ ਹਨ ਤੇ ਇਸ ਵਾਸਤੇ ਵਿੱਤੀ ਲਾਗਤ ਦੇ ਵੇਰਵੇ ਸਮੇਤ ਪ੍ਰਸ਼ਾਸਕੀ ਦੇਣੀ ਚਾਹੀਦੀ ਹੈ।
ਸਰਦਾਰਨੀ ਬਾਦਲ ਨੇ ਕਿਹਾ ਕਿ ਇੰਸਟੀਚਿਊਟ ਵਿਚ ਅਪਰੇਸ਼ਨ ਤੇ ਮੇਨਟੀਨੈਂਸ ਦਾ ਕੰਮ ਕੇਂਦਰੀ ਲੋਕ ਨਿਰਮਾਣ ਵਿਭਾਗ ਨੂੰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੇਂਦਰੀ ਲੋਕ ਨਿਰਮਾਣ ਵਿਭਾਗ ਦੇ ਸਬੰਧਤ ਵਿੰਗ ਦੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਜਾਵੇ ਕਿ ਉਹ ਏਮਜ਼ ਬਠਿੰਡਾ ਦਾ ਦੌਰਾ ਕਰਨ ਅਤੇ ਇੰਸਟੀਚਿਊਟ ਵਿਚ ਅਪਰੇਸ਼ਨ ਤੇ ਮੇਨਟੀਨੈਂਸ ਦਾ ਕੰਮ ਆਪਣੇ ਹੱਥ ਵਿਚ ਲੈਣ।
ਬਠਿੰਡਾ ਦੇ ਐਮ ਪੀ ਨੇ ਜ਼ੋਰ ਦੇ ਕੇ ਕਿਹਾ ਕਿ ਉਹਨਾਂ ਦੀ 28 ਬੈਡਾਂ ਵਾਲੇ ਟਰੋਮਾ ਅਤੇ ਐਮਰਜੰਸੀ ਕੇਂਦਰ ਨੂੰ ਵਧਾ ਕੇ 300 ਬੈਡਾਂ ਦਾ ਕੀਤਾ ਜਾਵੇ। ਉਹਨਾਂ ਕਿਹਾ ਕਿ ਕਿਉਂਕਿ ਬਠਿੰਡਾ ਵਿਚੋਂ ਤਿੰਨ ਪ੍ਰਮੁੱਖ ਕੌਮੀ ਸ਼ਾਹ ਮਾਰਗ ਅਤੇ ਦੋ ਸੂਬਾਈ ਹਾਈਵੇ ਲੰਘਦੇ ਹਨ, ਇਸ ਲਈ ਇਥੇ ਹਾਦਸੇ ਬਹੁਤ ਵਾਪਰਦੇ ਹਨ।
ਉਹਨਾਂ ਕਿਹਾ ਕਿ 2019 ਵਿਚ ਪੰਜਾਬ ਸਰਕਾਰ ਨੇ ਇਹ ਰਿਪੋਰਟ ਦਿੱਤੀ ਸੀ ਕਿ ਸੜਕ ਹਾਦਸਿਆਂ ਕਾਰਨ ਬਠਿੰਡਾ ਵਿਚ ਮੌਤ ਦਰ ਸਭ ਤੋਂ ਜ਼ਿਆਦਾ ਹੈ। ਉਹਨਾਂ ਕਿਹਾ ਕਿ ਮੌਜੂਦਾ ਟਰੋਮਾ ਸੈਂਟਰ ਖਿੱਤੇ ਵਿਚ ਹਾਦਸੇ ਵੱਧ ਹੋਣ ਕਾਰਨ ਇਹਨਾਂ ਨਾਲ ਨਜਿੱਠ ਨਹੀਂ ਸਕ ਰਿਹਾ ਤੇ ਇਸਦਾ ਤੁਰੰਤ ਵਿਸਥਾਰ ਹੋਣਾ ਚਾਹੀਦਾ ਹੈ।
ਸਰਦਾਰਨੀ ਬਾਦਲ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਐਨ ਐਚ 54 ਤੋਂ ਇੰਸਟੀਚਿਊਟ ਤੱਕ ਫਲਾਈ ਓਵਰ ਬਣਾਇਆ ਜਾਵੇ ਤਾਂ ਜੋ ਮਰੀਜ਼ ਤੇ ਮੁਸਾਫਰ ਆਰਾਮ ਨਾਲ ਆ ਜਾ ਸਕਣ। ਉਹਨਾਂ ਕਿਹਾ ਕਿ ਐਨ ਐਚ 54 ਨੂੰ ਏਮਜ਼ ਨਾਲ ਜੋੜਨ ਵਾਲੀ ਸਰਵਿਸ ਰੋਡ ਦਾ ਜੰਕਸ਼ਨ ਵੀ ਹਾਦਸਿਆਂ ਨਾਲ ਭਰਿਆ ਪਿਆ ਹੈ ਤੇ ਇਸ ਕਾਰਨ ਇੰਸਟੀਚਿਊਟ ਵਿਚ ਮਰੀਜ਼ਾਂ ਦੇ ਵੱਧ ਹੋਣ ਨਾਲ ਜ਼ੋਖ਼ਮ ਹੋਰ ਵੱਧ ਸਕਦਾ ਹੈ।