ਮਹੇਸ਼ ਇੰਦਰ ਗਰੇਵਾਲ ਕਿਹਾ ਕਿ ਮਨਪ੍ਰੀਤ ਸਿਆਸੀ ਬਦਲੇਖੋਰੀ ਤਹਿਤ ਬਾਦਲਾਂ ਨੂੰ ਸੁਰੱਖਿਆ ਦੇਣ ਤੋਂ ਇਨਕਾਰ ਕਰ ਰਿਹਾ ਹੈ
ਚੰਡੀਗੜ•/13 ਸਤੰਬਰ: ਸਾਬਕਾ ਮੁੱਖ ਮੰਤਰੀ ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਲਈ ਨਵੀਆਂ ਬਖ਼ਤਰਬੰਦ ਲਗਜ਼ਰੀ ਕਾਰਾਂ ਖਰੀਦਣ ਦੇ ਪੰਜਾਬ ਪੁਲਿਸ ਦੇ ਪ੍ਰਸਤਾਵ ਨੂੰ ਰੱਦ ਕਰਨ ਵਾਸਤੇ ਪੰਜਾਬ ਸਰਕਾਰ ਦੀ ਸਖ਼ਤ ਝਾੜਝੰਬ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉੱਤੇ ਪੰਜਾਬ ਦੇ ਸੀਨੀਅਰ ਆਗੂਆਂ ਦੀ ਸੁਰੱਖਿਆ ਨੂੰ ਲੈ ਕੇ ਲਾਪਰਵਾਹੀ ਵਰਤਣ ਦੇ ਦੋਸ਼ ਲਾਏ ਹਨ।
ਇਸ ਸੰਬੰਧੀ ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸੁਰੱਖਿਆ ਛਤਰੀ ਵਿਅਕਤੀਆਂ ਨੂੰ ਦਰਪੇਸ਼ ਸੰਭਾਵੀ ਖਤਰਿਆਂ ਨੂੰ ਧਿਆਨ ਵਿਚ ਰੱਖ ਕੇ ਦਿੱਤੀ ਜਾਂਦੀ ਹੈ ਅਤੇ ਮਨਪ੍ਰੀਤ ਨੇ ਸੁਰੱਖਿਆ ਲੋੜਾਂ ਨੂੰ ਨਜ਼ਰਅੰਦਾਜ਼ ਕਰਦਿਆਂ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹੈ।
ਉਹਨਾਂ ਦੋਸ਼ ਲਾਇਆ ਕਿ ਮਨਪ੍ਰੀਤ ਉਹਨਾਂ ਵਿਅਕਤੀਆਂ ਦੀਆਂ ਜ਼ਿੰਦਗੀਆਂ ਉੱਤੇ ਹੋਛੀ ਸਿਆਸਤ ਕਰ ਰਿਹਾ ਹੈ, ਜਿਹਨਾਂ ਨੇ ਨਾ ਸਿਰਫ ਆਪਣੀ ਸਾਰੀ ਜ਼ਿੰਦਗੀ ਸੂਬੇ ਲਈ ਸਮਰਪਿਤ ਕਰ ਦਿੱਤੀ ਹੈ, ਸਗੋਂ ਉਹ ਵਿੱਤ ਮੰਤਰੀ ਦੇ ਸਿਆਸੀ ਗੁਰੂ ਵੀ ਰਹੇ ਹਨ ਅਤੇ ਮਨਪ੍ਰੀਤ ਨਾਲ ਉਹਨਾਂ ਦੀ ਖੂਨ ਦੇ ਰਿਸ਼ਤੇ ਦੀ ਸਾਂਝ ਹੈ।
ਉਹਨਾਂ ਦੱਸਿਆ ਕਿ ਸਰਦਾਰ ਬਾਦਲ ਅਤੇ ਸੁਖਬੀਰ ਬਾਦਲ ਦੇ ਸੁਰੱਖਿਆ ਕਾਫਲੇ ਵਿਚ ਮੌਜੂਦ ਪੁਰਾਣੀ ਟੋਯੋਟਾ ਲੈਂਡ ਕਰੂਜ਼ਰ ਗੱਡੀਆਂ ਨੂੰ ਬਦਲਣ ਲਈ ਪੰਜਾਬ ਪੁਲਿਸ ਨੇ ਇੱਕ ਪ੍ਰਸਤਾਵ ਭੇਜਿਆ ਸੀ। ਇਸ ਤੋਂ ਇਲਾਵਾ ਪੁਲਿਸ ਨੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਲਈ ਨਵੇਂ ਬੁਲੇਟ ਪਰੂਫ ਵਾਹਨਾਂ ਦੀ ਵੀ ਮੰਗ ਕੀਤੀ ਸੀ, ਕਿਉਂਕਿ ਮੌਜੂਦਾ ਵਾਹਨ ਆਪਣੀ ਮਿਆਦ ਪੂਰੀ ਕਰ ਚੁੱਕੇ ਹਨ, ਜਿਸ ਕਰਕੇ ਸੰਵੇਦਨਸ਼ੀਲ ਸੁਰੱਖਿਆ ਆਪਰੇਸ਼ਨਾਂ ਦੌਰਾਨ ਉਹਨਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ।
ਅਕਾਲੀ ਆਗੂ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਸਾਰੀਆਂ ਸੁਰੱਖਿਆ ਲੋੜਾਂ ਨੂੰ ਨਜ਼ਰਅੰਦਾਜ਼ ਕਰਦਿਆਂ ਇਸ ਆਧਾਰ ਉੱਤੇ ਇਹ ਪ੍ਰਸਤਾਵ ਰੱਦ ਕੀਤਾ ਹੈ ਕਿ ਬਾਦਲ ਅਤੇ ਮਜੀਠੀਆ ਅਮੀਰ ਵਿਅਕਤੀ ਹਨ ਅਤੇ ਉਹ ਖੁਦ ਬੁਲੇਟ ਪਰੂਫ ਗੱਡੀਆਂ ਖਰੀਦ ਸਕਦੇ ਹਨ। ਉਹਨਾਂ ਨੂੰ ਆਪਣੀ ਇਸ ਜਰੂਰਤ ਲਈ ਸਰਕਾਰ ਉੱਤੇ ਨਿਰਭਰ ਨਹੀਂ ਕਰਨਾ ਚਾਹੀਦਾ। ਇਸ ਤੋਂ ਇਲਾਵਾ ਮਨਪ੍ਰੀਤ ਨੇ ਇਹ ਦਲੀਲ ਵੀ ਦਿੱਤੀ ਹੈ ਕਿ ਸੂਬੇ ਦੀ ਵਿੱਤੀ ਹਾਲਤ ਮਾੜੀ ਹੈ ਅਤੇ ਸਰਕਾਰ ਖਰਚੇ ਘਟਾ ਰਹੀ ਹੈ।
ਮਨਪ੍ਰੀਤ ਵੱਲੋਂ ਦਿੱਤੀਆਂ ਦਲੀਲਾਂ ਦੀ ਨਿਖੇਧੀ ਕਰਦਿਆਂ ਸਰਦਾਰ ਗਰੇਵਾਲ ਨੇ ਕਿਹਾ ਕਿ ਕੁੱਝ ਕਾਂਗਰਸੀ ਆਗੂਆਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਉਹਨਾਂ ਨੂੰ ਦਹਾਕਿਆਂ ਤੋਂ ਜੈੱਡ ਕੈਟਾਗਰੀ ਵਾਲੀ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਅਕਾਲੀ ਦਲ ਜਾਂ ਇਸ ਦੀ ਸਰਕਾਰ ਕਦੇ ਵੀ ਉਹਨਾਂ ਦੀ ਸੁਰੱਖਿਆ ਉੱਤੇ ਹੁੰਦੇ ਖਰਚੇ ਉੱਤੇ ਕਦੇ ਕੋਈ ਉਜ਼ਰ ਨਹੀਂ ਕੀਤਾ।
ਸਰਦਾਰ ਗਰੇਵਾਲ ਨੇ ਕਿਹਾ ਕਿ ਜੇਕਰ ਵੱਡੀਆਂ ਹਸਤੀਆਂ ਨੂੰ ਸੁਰੱਖਿਆ ਦੇਣ ਸੰਬੰਧੀ ਉਹਨਾਂ ਦੀ ਆਰਥਿਕ ਖੁਸ਼ਹਾਲੀ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ ਫਿਰ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਖੁਦ ਮਨਪ੍ਰੀਤ ਬਾਦਲ ਵੀ ਬਹੁਤ ਜ਼ਿਆਦਾ ਅਮੀਰ ਹਨ ਅਤੇ ਉਹਨਾਂ ਨੂੰ ਤੁਰੰਤ ਆਪਣੀ ਸੁਰੱਖਿਆ ਦਾ ਬੰਦੋਬਸਤ ਖੁਦ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਮਨਪ੍ਰੀਤ ਨੇ ਪਿਛਲੇ ਸਾਲ ਅਮਰਿੰਦਰ ਸਿੰਘ ਦੇ ਰੇਜ਼ ਰੋਵਰ, ਇਨੋਵਾ ਅਤੇ ਜਿਪਸੀਆਂ ਦੇ ਕਾਫਲੇ ਵਿਚ ਨਵੀਆਂ ਗੱਡੀਆਂ ਪਾਉਣ ਲਈ ਖੁਦ ਫੰਡ ਜਾਰੀ ਕੀਤੇ ਸਨ।
ਅਕਾਲੀ ਆਗੂ ਨੇ ਕਿਹਾ ਕਿ ਜਦੋਂ ਇਹ ਗੱਲ ਮਨਪ੍ਰੀਤ ਦੇ ਧਿਆਨ ਵਿਚ ਲਿਆਂਦੀ ਗਈ ਤਾਂ ਉਸ ਦਾ ਜੁਆਬ ਸੀ ਕਿ ਸਿਰਫ ਮੁੱਖ ਮੰਤਰੀ ਦੇ ਕਾਫਲੇ ਨੂੰ ਅਪਡੇਟ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਜੇਕਰ ਰਾਜ ਨੂੰ ਮੌਜੂਦਾ ਮੁੱਖ ਮੰਤਰੀ ਦੀ ਸੁਰੱਖਿਆ ਦੀ ਚਿੰਤਾ ਹੈ ਤਾਂ ਪੰਜਾਬ ਨੂੰ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਬਾਦਲ ਦੀ ਸੁਰੱਖਿਆ ਦਾ ਇਸ ਤੋਂ ਵੀ ਵੱਧ ਫ਼ਿਕਰ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਇਹ ਪ੍ਰਸਤਾਵ ਸੁਰੱਖਿਆ ਖ਼ਤਰੇ ਦਾ ਮੁਲੰਕਣ ਕਰਨ ਮਗਰੋਂ ਭੇਜਿਆ ਗਿਆ ਹੈ ਅਤੇ ਜ਼ਿੰਮੇਵਾਰ 1ੁੱਚ ਪੁਲਿਸ ਅਧਿਕਾਰੀਆਂ ਵੱਲੋਂ ਸੁਰੱਖਿਆ ਨਜ਼ਰੀਏ ਤੋਂ ਪੁਰਾਣੇ ਨਕਾਰਾ ਹੋ ਚੁੱਕੇ ਵਾਹਨਾਂ ਨੂੰ ਤਬਦੀਲ ਕਰਨ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸੰਬੰਧੀ ਪਾਰਟੀ ਵੱਲੋਂ ਜਾਂ ਬਾਦਲਾਂ ਜਾਂ ਮਜੀਠੀਆ ਵੱਲੋਂ ਕੋਈ ਬੇਨਤੀ ਨਹੀਂ ਭੇਜੀ ਗਈ ਹੈ।