ਭੂੰਦੜ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਦੇ ਵੀ ਕਿਸੇ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਇੱਕ ਕਥਿਤ ਅਪਰਾਧੀ ਦੀ ਵਕਾਲਤ ਨਹੀਂ ਕੀਤੀ
ਚੰਡੀਗੜ•/05 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮਾਫੀਆ ਸਰਗਨਾ ਅਤੇ ਸ਼ਾਹਕੋਟ ਜ਼ਿਮਨੀ ਚੋਣ ਵਾਸਤੇ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਵਿਰੁੱਧ ਦਰਜ ਅਪਰਾਧਿਕ ਮਾਮਲੇ ਨੂੰ ਰਫ਼ਾ-ਦਫਾ ਕਰਵਾਉਣ ਲਈ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਲਾਏ ਜਾ ਰਹੇ ਜ਼ੋਰ ਨੇ ਸਾਬਿਤ ਕਰ ਦਿੱਤਾ ਹੈ ਕਿ ਮਾਈਨਿੰਗ ਮਾਫੀਆ ਕਾਂਗਰਸ ਪਾਰਟੀ ਉੱਤੇ ਹਾਵੀ ਹੋ ਚੁੱਕਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਆਗੂ ਅਤੇ ਪਾਰਟੀ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਹਨਾਂ ਸਾਰੀਆਂ ਘਟਨਾਵਾਂ ਦੀ ਲੜੀ ਪਿੱਛੇ ਇੱਕ ਡੂੰਘੀ ਸਾਜ਼ਿਸ਼ ਜਾਪਦੀ ਹੈ। ਉਹਨਾਂ ਕਿਹਾ ਕਿ ਪਹਿਲਾਂ ਕਪੂਰਥਲਾ ਜ਼ਿਲ•ੇ ਦੇ ਸੀਨੀਅਰ ਪਾਰਟੀ ਆਗੂਆਂ ਵੱਲੋਂ ਲਾਡੀ ਖ਼ਿਲਾਫ ਕਾਂਗਰਸ ਹਾਈਕਮਾਂਡ ਕੋਲ ਲਿਖ਼ਤੀ ਰੂਪ ਵਿਚ ਗੰਭੀਰ ਦੋਸ਼ ਲਾਏ ਜਾਣ ਦੇ ਬਾਵਜੂਦ ਰਾਹੁਲ ਗਾਂਧੀ ਨੇ ਇੱਕ ਮਾਫੀਆ ਸਰਗਨੇ ਨੂੰ ਪਾਰਟੀ ਦਾ ਉਮੀਦਵਾਰ ਬਣਾਇਆ। ਉਹਨਾਂ ਕਿਹਾ ਕਿ ਹੁਣ ਪੀਸੀਸੀਸੀ ਪ੍ਰਧਾਨ ਸੁਨੀਲ ਜਾਖੜ ਨੂੰ ਇੱਕ ਅਜਿਹੇ ਵਿਅਕਤੀ ਦੀ ਹਮਾਇਤ ਵਿਚ ਉਤਾਰ ਦਿੱਤਾ ਗਿਆ ਹੈ, ਜਿਹੜਾ ਕਿ ਚੋਰੀ ਦਾ ਦੋਸ਼ੀ ਹੈ ਜੋ ਕਿ ਇੱਕ ਗੈਰ-ਜ਼ਮਾਨਤੀ ਅਪਰਾਧ ਹੈ। ਇਸ ਤੋਂ ਸਾਬਿਤ ਹੁੰਦਾ ਹੈ ਕਿ ਮਾਈਨਿੰਗ ਮਾਫੀਆ ਨਾ ਸਿਰਫ ਕਾਂਗਰਸ ਪਾਰਟੀ ਅੰਦਰ ਬਹੁਤ ਡੂੰਘਾ ਘਰ ਕਰ ਚੁੱਕਿਆ ਹੈ, ਸਗੋਂ ਇਹ ਪਾਰਟੀ ਨੂੰ ਕੰਟਰੋਲ ਕਰ ਰਿਹਾ ਹੈ ਅਤੇ ਆਪਣੇ ਇਸ਼ਾਰਿਆਂ ਉੱਤੇ ਨਚਾ ਰਿਹਾ ਹੈ। ਉਹਨਾਂ ਕਿਹਾ ਕਿ ਇਹ ਕਾਂਗਰਸ ਪਾਰਟੀ ਅਤੇ ਰਾਹੁਲ ਗਾਂਧੀ ਦੇ ਅਸਲੀ ਚਿਹਰਿਆਂ ਨੂੰ ਨੰਗਾ ਕਰਦਾ ਹੈ। ਰਾਹੁਲ ਇਹ ਡਰਾਮਾ ਕਰਦਾ ਆ ਰਿਹਾ ਹੈ ਕਿ ਉਸ ਨੇ ਭ੍ਰਿਸ਼ਟਾਚਾਰ ਵਿਰੁੱਧ ਸਟੈਂਡ ਲੈਂਦਿਆਂ ਕਰਨਾਟਕ ਵਿਚ ਰੈਡੀ ਭਰਾਵਾਂ ਨੂੰ ਪਾਰਟੀ ਦੀ ਟਿਕਟ ਨਹੀਂ ਦਿੱਤੀ ਜਦਕਿ ਪੰਜਾਬ ਵਿਚ ਕਾਂਗਰਸ ਪਾਰਟੀ ਮਾਈਨਿੰਗ ਮਾਫੀਆ ਨਾਲ ਰਲੀ ਹੋਈ ਹੈ।
ਸਰਦਾਰ ਭੂੰਦੜ ਨੇ ਚੋਣ ਕਮਿਸ਼ਨ ਨੂੰ ਵੀ ਕਿਹਾ ਕਿ ਉਹ ਸੂਬੇ ਦੀ ਪੁਲਿਸ ਨੂੰ ਨਿਰਦੇਸ਼ ਦੇਣ ਕਿ ਉਹ ਹਰਦੇਵ ਸਿੰਘ ਲਾਡੀ ਨੂੰ ਗਿਰਫਤਾਰ ਕਰਕੇ ਉਸ ਖ਼ਿਲਾਫ ਢੁੱਕਵੀਂ ਕਾਨੂੰਨੀ ਕਾਰਵਾਈ ਕਰੇ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਨੂੰ ਸਿੱਧੇ ਤੌਰ ਤੇ ਇਸ ਕੇਸ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ, ਕਿਉਂਕਿ ਕਾਂਗਰਸ ਪਾਰਟੀ ਅਤੇ ਇਸ ਦਾ ਸੂਬਾ ਪ੍ਰਧਾਨ ਲਾਡੀ ਨੂੰ ਕੇਸ ਵਿਚੋਂ ਕਢਵਾਉਣ ਲਈ ਪੂਰੀ ਵਾਹ ਲਾ ਰਹੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਇਸ ਤੋਂ ਪਹਿਲਾਂ ਕਾਂਗਰਸ ਦੇ ਇਤਿਹਾਸ ਵਿਚ ਕਿਸੇ ਵੀ ਸੂਬਾ ਪ੍ਰਧਾਨ ਨੇ ਕਿਸੇ ਕਥਿਤ ਅਪਰਾਧੀ ਦੀ ਵਕਾਲਤ ਨਹੀਂ ਕੀਤੀ। ਉਹਨਾਂ ਕਿਹਾ ਕਿ ਮਾਫੀਆ ਸਰਗਨੇ ਦੇ ਪੱਖ ਪੂਰਦਿਆਂ ਜਾਖੜ ਨੇ ਦੋਗਲੀ ਬੋਲੀ ਰਾਹੀਂ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਜਾਖੜ ਕਹਿ ਰਹੇ ਹਨ ਕਿ ਲਾਡੀ ਖ਼ਿਲਾਫ ਦਰਜ ਕੀਤੀ ਐਫਆਈਆਰ ਸਿਆਸੀ ਸ਼ਰਾਰਤ ਦਾ ਨਤੀਜਾ ਹੈ। ਨਾਲ ਹੀ ਦੂਜੇ ਪਾਸੇ ਇਹ ਦਾਅਵਾ ਕਰਦੇ ਹਨ ਕਿ ਕੇਸ ਦਰਜ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਪਾਰਟੀ ਨੇ ਇਸ ਮਾਮਲੇ ਵਿਚ ਦਖ਼ਲਅੰਦਾਜ਼ੀ ਨਹੀਂ ਕੀਤੀ ਹੈ। ਸੂਬਾ ਪ੍ਰਧਾਨ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਉਹ ਕੀ ਕਹਿਣਾ ਚਾਹੁੰਦੇ ਹਨ। ਜਾਂ ਤਾਂ ਇਹ ਕੇਸ ਕਾਂਗਰਸ ਦੇ ਸਿਆਸੀ ਵਿਰੋਧੀਆਂ ਵੱਲੋਂ ਦਰਜ ਕਰਵਾਇਆ ਗਿਆ ਹੈ ਜਾਂ ਇਹ ਕੇਸ ਅਪਰਾਧੀ ਖ਼ਿਲਾਫ ਕਿਸੇ ਠੋਸ ਸਬੂਤ ਦੀ ਵਜ•ਾ ਕਰਕੇ ਦਰਜ ਕੀਤਾ ਗਿਆ ਹੈ।
ਸਿਆਸੀ ਦਖ਼ਲਅੰਦਾਜ਼ੀ ਬਾਰੇ ਬੋਲਦਿਆਂ ਸਰਦਾਰ ਭੂੰਦੜ ਨੇ ਕਿਹਾ ਕਿ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਲਾਡੀ ਨੂੰ ਕੇਸ ਵਿਚੋਂ ਕਢਵਾਉਣ ਲਈ ਦਿਨ ਰਾਤ ਇੱਕ ਕੀਤਾ ਹੈ, ਉਹ ਸਾਰਿਆਂ ਨੇ ਵੇਖਿਆ ਹੈ। ਉਹਨਾ ਕਿਹਾ ਕਿ ਮਹਿਤਪੁਰ ਦੇ ਐਸਐਚਓ ਪਰਮਿੰਦਰ ਸਿੰਘ ਉੱਤੇ ਲਾਡੀ ਖ਼ਿਲਾਫ ਕੇਸ ਦਰਜ ਨਾ ਕਰਨ ਲਈ ਦਬਾਅ ਪਾਇਆ ਗਿਆ ਸੀ। ਜਦੋਂ ਐਸਐਚਓ ਉੱਤੇ ਬਹੁਤ ਜ਼ਿਆਦਾ ਦਬਾਅ ਵਧ ਗਿਆ ਤਾਂ ਉਸ ਨੇ ਦੁਖੀ ਹੋ ਕੇ ਅਸਤੀਫਾ ਦੇ ਦਿੱਤਾ। ਅਕਾਲੀ ਆਗੂ ਨੇ ਕਿਹਾ ਕਿ ਰੇਤੇ ਦੀਆਂ ਕੀਮਤਾ ਵਧਣ ਕਰਕੇ ਦੁਖੀ ਹੋਏ ਆਮ ਆਦਮੀ ਅਤੇ ਪੁਲਿਸ ਅਧਿਕਾਰੀ ਦੀ ਤਰਫ਼ਦਾਰੀ ਕਰਨ ਅਤੇ ਐਸਐਚਓ ਨੂੰ ਬੇਮਿਸਾਲ ਢੰਗ ਨਾਲ ਡਿਊਟੀ ਨਿਭਾਉਣ ਲਈ ਰਾਸ਼ਟਰਪਤੀ ਪੁਲਿਸ ਮੈਡਲ ਸਨਮਾਨਤ ਕੀਤੇ ਜਾਣ ਦੀ ਸਿਫਾਰਿਸ਼ ਕਰਨ ਦੀ ਥਾਂ ਕਾਂਗਰਸ ਦੇ ਸੂਬਾ ਪ੍ਰਧਾਨ ਮਾਫੀਆ ਸਰਗਨੇ ਦੀ ਤਰਫਦਾਰੀ ਕੀਤੀ ਹੈ । ਸ੍ਰੀ ਜਾਖੜ ਐਸਐਚਓ ਵੱਲੋਂ ਨੈਤਿਕ ਦਲੇਰੀ ਵਿਖਾਉਂਦੇ ਹੋਏ ਲਾਡੀ ਵਿਰੁੱਧ ਠੋਸ ਸਬੂਤਾਂ ਦੇ ਆਧਾਰ ਉੱਤੇ ਦਰਜ ਕੀਤੇ ਇਸ ਕੇਸ ਨੂੰ ਕਮਜ਼ੋਰ ਕਰ ਰਹੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਸਿਆਸਤਦਾਨ ਨੂੰ ਅਜਿਹਾ ਵਿਵਹਾਰ ਸ਼ੋਭਾ ਨਹੀਂ ਦਿੰਦਾ, ਉਹ ਤਾਂ ਕਾਂਗਰਸ ਦੇ ਸੂਬਾ ਪ੍ਰਧਾਨ ਅਤੇ ਇੱਕ ਸਾਥੀ ਸਾਂਸਦ ਹਨ।