ਕਿਹਾ ਕਿ ਜੇ ਗਰਮਖ਼ਿਆਲੀ ਤੱਤਾਂ ਨੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਕਾਂਗਰਸ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਜ਼ਿੰਮੇਵਾਰ ਹੋਣਗੇ
ਚੰਡੀਗੜ੍ਹ/15 ਸਤੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਾਂਗਰਸ ਦੀਆਂ ਅਕਾਲੀ ਦਲ ਨੂੰ ਫਰੀਦਕੋਟ ਵਿਖੇ ਪੋਲ ਖੋਲ੍ਹ ਰੈਲੀ ਕਰਨ ਦੀ ਇਜਾਜ਼ਤ ਨਾ ਦੇ ਕੇ ਦਮਨਕਾਰੀ ਤਰੀਕਿਆਂ ਨਾਲ ਜਮਹੂਰੀਅਤ ਨੂੰ ਕੁਚਲਣ ਦੀਆਂ ਕੋਸ਼ਿਸ਼ਾਂ ਨੂੰ ਨਕੇਲ ਪਾਈ ਹੈ ਅਤੇ ਲੋਕਤੰਤਰ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਰਾਖੀ ਕੀਤੀ ਹੈ।
ਇਹ ਟਿੱਪਣੀ ਕਰਦਿਆਂ ਕਿ ਜਦੋਂ ਅਦਾਲਤ ਵੱਲੋਂ ਇੱਕ ਵਾਰ ਕਾਂਗਰਸ ਦੀ ਖਿਚਾਈ ਕਰ ਦਿੱਤੀ ਗਈ ਸੀ, ਫਿਰ ਵੀ ਇਸ ਨੇ ਆਪਣੀ ਗਲਤੀ ਨਹੀਂ ਮੰਨੀ ਅਤੇ ਨਜ਼ਰਸਾਨੀ ਲਈ ਪਟੀਸ਼ਨ ਪਾ ਦਿੱਤੀ, ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਨਜ਼ਰਸਾਨੀ ਪਟੀਸ਼ਨ ਦਾ ਹਸ਼ਰ ਕਾਂਗਰਸ ਪਾਰਟੀ ਲਈ ਇੱਕ ਸਬਕ ਹੋਣਾ ਚਾਹੀਦਾ ਹੈ ਕਿ ਕੋਈ ਵੀ ਸਰਕਾਰ ਨਾਗਰਿਕਾਂ ਦੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰਨ ਮੁੱਢਲੇ ਅਧਿਕਾਰਾਂ ਨੂੰ ਨਹੀਂ ਖੋਹ ਸਕਦੀ। ਉਹਨਾਂ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ ਅਤੇ ਕਾਂਗਰਸ ਦੇ ਝੂਠ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਆਖਦਿਆਂ ਕਿ ਹਾਈ ਕੋਰਟ ਨੇ ਅਕਾਲੀ ਦਲ ਦੇ ਲੋਕਤੰਤਰੀ ਢੰਗ ਨਾਲ ਪ੍ਰਦਰਸ਼ਨ ਕਰਨ ਦੇ ਅਧਿਕਾਰ ਨੂੰ ਸਹੀ ਠਹਿਰਾਇਆ ਹੈ, ਅਕਾਲੀ ਦਲ ਦੇ ਪ੍ਰਧਾਨ ਨੇ ਕਾਂਗਰਸ ਪਾਰਟੀ ਦੀ ਗਰਮਖ਼ਿਆਲੀਆਂ ਦੇ ਹੱਥਾਂ ਵਿਚ ਖੇਡਣ ਅਤੇ ਰੈਲੀ ਲਈ ਆਗਿਆ ਨਾ ਦੇਣ ਵਾਸਤੇ ਹਿੰਸਾ ਦਾ ਹਊਆ ਖੜ੍ਹਾ ਕਰਨ ਲਈ ਸਖ਼ਤ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੱਚ ਇਹ ਹੈ ਕਿ ਇਹ ਕਾਂਗਰਸ ਪਾਰਟੀ ਹੀ ਹੈ, ਜਿਹੜੀ ਗਰਮਖ਼ਿਆਲੀਆਂ ਨੂੰ ਹੱਲਾਸ਼ੇਰੀ ਦੇ ਕੇ ਹਿੰਸਾ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਦਲ ਅਮਨ ਅਤੇ ਸ਼ਾਂਤੀ ਵਿਚ ਵਿਸਵਾਸ਼ ਰੱਖਦਾ ਹੈ ਅਤੇ ਸਾਡੇ ਵਰਕਰ ਕਾਂਗਰਸ ਦੁਆਰਾ ਢਾਏ ਜਾ ਰਹੇ ਜਬਰ ਵਿਰੁੱਧ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਨਗੇ। ਜੇਕਰ ਬਰਗਾੜੀ ਵਿਚ ਬੈਠੇ ਗਰਮਖ਼ਿਆਲੀਆਂ ਨੇ ਹਿੰਸਾ ਭੜਕਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਵਾਸਤੇ ਕਾਂਗਰਸ ਪਾਰਟੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਹੋਣਗੇ।
ਸਰਦਾਰ ਬਾਦਲ ਨੇ ਕਿਹਾ ਕਿ ਅਸਲੀਅਤ ਇਹ ਹੈ ਕਿ ਅਕਾਲੀ ਦਲ ਦੀਆਂ ਪਿਛਲੀਆਂ ਕੁੱਝ ਰੈਲੀਆਂ ਨੂੰ ਮਿਲੇ ਜਬਰਦਸਤ ਹੁੰਗਾਰੇ ਨੂੰ ਵੇਖ ਕੇ ਕਾਂਗਰਸ ਘਬਰਾ ਗਈ ਹੈ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਦਾਅਵਾ ਕੀਤਾ ਸੀ ਕਿ ਲੋਕ ਅਕਾਲੀਆਂ ਨੂੰ ਪਿੰਡਾਂ ਵਿਚ ਨਹੀਂ ਵੜਣ ਦੇਣਗੇ। ਸਾਡੀ ਪਾਰਟੀ ਦਾ ਅਬੋਹਰ ਵਿਚ ਪੈਂਦੇ ਜਾਖੜ ਦੇ ਜ਼ੱਦੀ ਪਿੰਡ ਪੰਜ ਕੋਸੀ ਵਿਚ ਭਰਵਾਂ ਸਵਾਗਤ ਹੋਇਆ ਅਤੇ ਅਬੋਹਰ ਵਿਖੇ ਕੀਤੀ ਪੋਲ ਖੋਲ੍ਹ ਰੈਲੀ ਨੂੰ ਬੇਮਿਸਾਲ ਹੁੰਗਾਰਾ ਮਿਲਿਆ।ਇਸ ਨਾਲ ਕਾਂਗਰਸ ਪਾਰਟੀ ਦਹਿਲ ਗਈ ਅਤੇ ਇਸੇ ਕਰਕੇ ਪਾਰਟੀ ਨੇ ਅਕਾਲੀ ਦਲ ਦੀ ਵਧ ਰਹੀ ਲੋਕਪ੍ਰਿਅਤਾ ਨੂੰ ਰੋਕਣ ਲਈ ਰੈਲੀ ਉੱਤੇ ਪਾਬੰਦੀ ਲਾਉਣ ਵਰਗੇ ਹਥਕੰਡਿਆਂ ਦਾ ਇਸਤੇਮਾਲ ਕੀਤਾ, ਜਿਹਨਾਂ ਨੇ ਦੇਸ਼ ਵਿਚ ਲੱਗੀ ਐਮਰਜੰਸੀ ਦਾ ਯਾਦ ਦਿਵਾ ਦਿੱਤੀ। ਉਹਨਾਂ ਕਿਹਾ ਕਿ ਅਸੀਂ ਕਾਂਗਰਸ ਦੇ ਨਾਪਾਕ ਇਰਾਦਿਆਂ ਉੱਤੇ ਪਾਣੀ ਫੇਰਨ ਲਈ ਹਾਈ ਕੋਰਟ ਦਾ ਧੰਨਵਾਦ ਕਰਦੇ ਹਾਂ। ਕੱਲ੍ਹ ਨੂੰ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਇਸ ਦਾ ਮੂੰਹ ਤੋੜਵਾਂ ਜੁਆਬ ਦੇਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਨੂੰ ਅਕਾਲੀ ਦਲ ਨਾਲ ਟੱਕਰ ਲੈਣ ਵਾਸਤੇ ਗਰਮਖ਼ਿਆਲੀ ਤੱਤਾਂ ਨਾਲ ਮਿਲ ਕੇ ਅੱਗ ਨਾਲ ਨਹੀਂ ਖੇਡਣਾ ਚਾਹੀਦਾ। ਉਹਨਾਂ ਕਿਹਾ ਕਿ ਪੰਜਾਬ ਨੂੰ ਬਹੁਤ ਹੀ ਔਖੇ ਸੰਘਰਸ਼ ਮਗਰੋਂ ਸ਼ਾਂਤੀ ਨਸੀਬ ਹੋਈ ਹੈ। ਕਾਂਗਰਸ ਗਰਮਖ਼ਿਆਲੀਆਂ ਨੂੰ ਹੱਲਾਸ਼ੇਰੀ ਦੇ ਕੇ ਇਸ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਲਈ ਖਤਰਾ ਖੜ੍ਹਾ ਕਰ ਰਹੀ ਹੈ। ਅਕਾਲੀ ਦਲ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਕਾਂਗਰਸ ਦੀ ਇਸ ਸਾਜ਼ਿਸ਼ ਵਿਰੁੱਧ ਡਟ ਕੇ ਮੁਕਾਬਲਾ ਕਰੇਗਾ, ਜੋ ਕਿ ਲੋਕ ਸੂਬੇ ਨੂੰ ਦੁਬਾਰਾ ਅੱਤਵਾਦ ਦੀ ਅੱਗ ਵਿਚ ਨਹੀਂ ਡਿੱਗਣ ਦੇਣਗੇ।