ਨਵੀਂ ਦਿੱਲੀ/ਚੰਡੀਗੜ੍ਹ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਸਾਰੇ ਫੂਡ ਪ੍ਰੋਸੈਸਿੰਗ ਦੇ ਉਦਯੋਗਾਂ ਨੂੰ ਕੇਰਲ ਦੇ ਹੜ੍ਹਾਂ ਤੋਂ ਪੀੜਤ ਲੋਕਾਂ ਦੀ ਮੱਦਦ ਅੱਗੇ ਆਉਣ ਦੀ ਅਪੀਲ ਕੀਤੀ ਹੈ ਅਤੇ ਉਹਨਾਂ ਨੂੰ ਇਸ ਨੇਕ ਕਾਰਜ ਵਾਸਤੇ ਪ੍ਰੌਸੈਸਿਡ ਫੂਡ ਦੀਆਂ ਵਸਤਾਂ ਦਾਨ ਸਮੱਗਰੀ ਵਜੋਂ ਦੇਣ ਲਈ ਆਖਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਕੇਰਲ ਦੇ ਹੜ੍ਹਾਂ ਦੇ ਪੀੜਤ ਲੋਕਾਂ, ਜਿਹਨਾਂ ਵਿਚੋਂ ਹਜ਼ਾਰਾਂ ਬੇਘਰ ਹੋ ਗਏ ਹਨ, ਨੂੰ ਤੁਰੰਤ ਪ੍ਰੋਸੈਸਿੰਗ ਫੂਡ ਦੀਆਂ ਵਸਤਾਂ ਦੀ ਲੋੜ ਹੈ। ਉਹਨਾਂ ਕਿਹਾ ਕਿ ਫੂਡ ਪ੍ਰੋਸੈਸਿੰਗ ਮੰਤਰਾਲੇ ਨੇ ਇਸ ਕਾਰਜ ਲਈ ਦੋ ਅਧਿਕਾਰੀ ਸੰਯੁਕਤ ਸਕੱਤਰ ਪਰਾਗ ਗੁਪਤਾ (9650872875) ਅਤੇ ਅਧੀਨ ਸਕੱਤਰ ਅਦਿੱਤਿਆਨੰਦ (9891614895) ਨੂੰ ਨਾਮਜ਼ਦ ਕੀਤਾ ਹੈ। ਫੂਡ ਪ੍ਰੋਸੈਸਿੰਗ ਉਦਯੋਗ ਦਾਨ ਸਮੱਗਰੀ ਭੇਜਣ ਲਈ ਇਹਨਾਂ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।
ਬੀਬੀ ਬਾਦਲ ਨੇ ਕਿਹਾ ਕਿ ਉਹਨਾਂ ਵੱਲੋਂ ਇਸ ਸੰਬੰਧੀ ਕੀਤੀ ਗੁਜਾਰਿਸ਼ ਮਗਰੋਂ ਆਈਟੀਸੀ ਅਤੇ ਬ੍ਰਿਟੇਨੀਆ ਕੰਪਨੀਆਂ ਵੱਲੋਂ ਕੇਰਲ ਸਰਕਾਰ ਨੂੰ 3 ਲੱਖ ਬਿਸਕੁਟਾਂ ਦੀ ਖੇਪ ਪਹਿਲਾਂ ਹੀ ਭੇਜੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਇਹ ਬਿਸਕੁਟ ਅੱਗੇ ਹੜ੍ਹ ਪੀੜ੍ਹਤਾਂ ਨੂੰ ਵੰਡੇ ਜਾਣ ਲਈ ਤ੍ਰਿਵੰਦਰਮ, ਕੋਚੀ ਅਤੇ ਮੱਲਾਪੁਰਮ ਵਿਖੇ ਸਰਕਾਰੀ ਅਧਿਕਾਰੀਆਂ ਨੂੰ ਸੌਂਪ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਅਸੀਂ ਤਾਜ਼ਾ ਅਪੀਲ ਮਗਰੋਂ ਆਉਣ ਵਾਲੀ ਦਾਨ ਸਮੱਗਰੀ ਨੂੰ ਅਸੀਂ ਜਲਦੀ ਤੋਂ ਜਲਦੀ ਕੇਰਲ ਪੁੱਜਦੀ ਕਰਾਂਗੇ।