ਕਿਹਾ ਕਿ ਕਾਂਗਰਸ ਸਰਕਾਰ ਨੂੰ ਵੀ ਤੁਰੰਤ ਵਰਕਰਾਂ ਦਾ ਮਾਣ-ਭੱਤਾ ਵਧਾਉਣਾ ਚਾਹੀਦਾ ਹੈ
ਚੰਡੀਗੜ•/12 ਸਤੰਬਰ:ਕੇਂਦਰੀ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਨਡੀਏ ਸਰਕਾਰ ਦੇ ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੇ ਮਾਣ-ਭੱਤੇ ਵਿਚ 50 ਫੀਸਦੀ ਵਾਧੇ ਅਤੇ ਆਸ਼ਾ ਵਰਕਰਾਂ ਦੇ ਮਾਣ-ਭੱਤੇ ਨੂੰ ਦੁੱਗਣਾ ਕੀਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਹੁਣ ਪੰਜਾਬ ਸਰਕਾਰ ਨੂੰ ਵੀ ਉਹਨਾਂ ਦੀ ਮੱਦਦ ਕਰਨੀ ਚਾਹੀਦੀ ਹੈ ਅਤੇ ਤੁਰੰਤ ਉਹਨਾਂ ਦੇ ਮਾਣ-ਭੱਤੇ ਵਧਾਉਣੇ ਚਾਹੀਦੇ ਹਨ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਉਹ ਬਹੁਤ ਖੁਸ਼ ਹਨ ਕਿ ਗਰਭਵਤੀ ਔਰਤਾਂ ਦੀ ਗਰਭ ਅਵਸਥਾ ਅਤੇ ਬੱਚੇ ਦੇ ਜਨਮ ਤੋਂ ਬਾਅਦ ਦੇਖਭਾਲ ਦਾ ਕੰਮ ਕਰਨ ਵਾਲੀਆਂ ਅਤੇ 6 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਦਵਾਈਆਂ ਅਤੇ ਹੋਰ ਸਹੂਲਤਾਂ ਦੇਣ ਵਾਲੀਆਂ ਔਰਤਾਂ ਨੂੰ ਅਗਾਊਂ ਦੀਵਾਲੀ ਦਾ ਤੋਹਫਾ ਦੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਂਗਣਵਾੜੀ ਅਤੇ ਆਸ਼ਾ ਵਰਕਰਾਂ ਵੱਲੋਂ ਸਮਾਜ ਨੂੰ ਦਿੱਤੀ ਜਾ ਰਹੀ ਦੇਣ ਦਾ ਸਨਮਾਨ ਕੀਤਾ ਹੈ। ਇਹ ਸਮੇਂ ਦੀ ਲੋੜ ਸੀ। ਇਸ ਸੰਬੰਧੀ ਮੇਰੇ ਹਲਕੇ ਵਿਚੋਂ ਮੈਨੂੰ ਵੀ ਬਹੁਤ ਸਾਰੇ ਵਫ਼ਦ ਮਿਲੇ ਸਨ ਅਤੇ ਮੈਂ ਉਹ ਸਾਰੀਆਂ ਬੇਨਤੀਆਂ ਅੱਗੇ ਕੇਂਦਰ ਸਰਕਾਰ ਕੋਲ ਪੁੱਜਦੀਆਂ ਕਰ ਦਿੱਤੀਆਂ ਸਨ। ਮੈਂ ਖੁਸ਼ ਹਾਂ ਕਿ ਉਹਨਾਂ ਉੱਤੇ ਹਾਂ-ਪੱਖੀ ਕਾਰਵਾਈ ਹੋਈ ਹੈ। ਹੁਣ ਸਮਾਂ ਹੈ ਕਿ ਕਾਂਗਰਸ ਸਰਕਾਰ ਵੀ ਆਂਗਵਾੜੀ ਵਰਕਰਾਂ ਨੂੰ ਤੁਰੰਤ ਵਿੱਤੀ ਸਹਾਇਤਾ ਪ੍ਰਦਾਨ ਕਰੇ ਅਤੇ ਉਹਨਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਤੁਰੰਤ ਦੂਰ ਕਰੇ।
ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਾਲ ਹੀ ਵਿਚ ਆਂਗਣਵਾੜੀ ਵਰਕਰਾਂ ਅਤੇ ਸਹਾਇਕਾਂ ਦੇ ਮਾਣ-ਭੱਤਿਆਂ ਵਿਚ ਕ੍ਰਮਵਾਰ 1000 ਰੁਪਏ ਅਤੇ 500 ਰੁਪਏ ਵਾਧਾ ਕਰਨ ਦੇ ਐਲਾਨ ਦੀ ਇਸ ਸ਼ਰਤ ਨੇ ਫੂਕ ਕੱਢ ਦਿੱਤੀ ਹੈ ਕਿ ਇਹ ਫੈਸਲਾ ਅਗਲੇ ਸਾਲ ਅ੍ਰਪੈਲ ਮਹੀਨੇ ਤੋਂ ਲਾਗੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰ ਚੁੱਕੀ ਹੈ। ਇਸੇ ਕਰਕੇ ਆਂਗਣਵਾੜੀ ਵਰਕਰਾਂ ਨੂੰ ਡਰ ਲੱਗ ਰਿਹਾ ਹੈ ਕਿ ਸਰਕਾਰ ਉਹਨਾਂ ਨੂੰ ਦੁਬਾਰਾ ਧੋਖਾ ਦੇ ਸਕਦੀ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਬਹੁਤ ਨਿੰਦਣਯੋਗ ਗੱਲ ਹੈ ਕਿ ਆਂਗਣਵਾੜੀ ਵਰਕਰਾਂ ਵੱਲੋਂ ਆਪਣੀਆਂ ਮੰਗਾਂ ਲਈ ਲਗਾਤਾਰ ਛੇ ਮਹੀਨੇ ਕੀਤੇ ਅੰਦੋਲਨ ਮਗਰੋਂ ਕਾਂਗਰਸ ਸਰਕਾਰ ਵੱਲੋਂ ਅਜਿਹਾ ਭਰੋਸਾ ਦਿੱਤਾ ਗਿਆ ਹੈ। ਇਸ ਅੰਦੋਲਨ ਦੌਰਾਨ ਉਹਨਾਂ ਨੇ ਬਠਿੰਡਾ ਵਿਚ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਦਫਤਰ ਅੱਗੇ ਧਰਨਾ ਵੀ ਲਾਇਆ ਸੀ। ਉਹਨਾਂ ਕਿਹਾ ਕਿ ਹੁਣ ਵੀ ਆਂਗਣਵਾੜੀ ਵਰਕਰਾਂ ਨੂੰ ਡਰ ਲੱਗ ਰਿਹਾ ਹੈ ਕਿ ਉਹਨਾਂ ਨੂੰ ਵਿਹਲੀਆਂ ਕਰ ਦਿੱਤਾ ਜਾਵੇਗਾ, ਕਿਉਂਕਿ ਸਰਕਾਰ ਸਰਕਾਰੀ ਸਕੂਲਾਂ ਵਿਚ ਪ੍ਰੀ-ਨਰਸਰੀ ਕਲਾਸਾਂ ਸ਼ੁਰੂ ਕਰਨ ਦਾ ਫੈਸਲਾ ਕਰ ਚੁੱਕੀ ਹੈ।