ਬੇਅਦਬੀ ਦੀਆਂ ਕਾਰਵਾਈਆਂ ਨੂੰ ਪੰਜਾਬ ਦੇ ਬਾਹਰੋਂ ਯੋਜਨਾਬੰਦੀ ਨਾਲ ਨੇਪਰੇ ਚਾੜ੍ਹਿਆ ਗਿਆ
ਘਈ ਅਦਾਲਤਾਂ ਵਿਚ ਕਿਸਦੀ ਪੈਰਵੀ ਕਰਨਗੇ ; ਪੰਜਾਬ ਸਰਕਾਰ ਦੀ ਜਾਂ ਡੇਰਾ ਮੁਖੀ ਦੀ : ਸ. ਬਲਵਿੰਦਰ ਸਿੰਘ ਭੂੰਦੜ
ਚੰਡੀਗੜ੍ਹ, 28 ਜੁਲਾਈ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਤੇ ਪੰਜਾਬ ਵਿਚ ਇਸਦੀ ਸਰਕਾਰ ’ਤੇ ਹੱਲਾ ਬੋਲਦਿਆਂ ਵਿਨੋਦ ਘਈ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦੀ ਨਿਖੇਧੀ ਕੀਤੀ ਹੈ।
ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ ਵਕੀਲ ਵਿਨੋਦ ਘਈ ਦੀ ਪੰਜਾਬ ਦੇ ਨਵੇਂ ਏ ਜੀ ਵਜੋਂ ਨਿਯੁਕਤੀ ਨਾਲ ਆਮ ਆਦਮੀ ਪਾਰਟੀ ਦੀ ਸਾਜ਼ਿਸ਼ਾਂ ਵਾਲੀ ਰਾਜਨੀਤੀ ਬੇਨਕਾਬ ਹੋ ਗਈ ਹੈ। ਇਸ ਗੱਲ ਦੀ ਵੀ ਪੁਸ਼ਟੀ ਹੋ ਗਈ ਹੈ ਕਿ ਆਪ ਦੇ ਕੌਮੀ ਤੇ ਸਥਾਨਕ ਆਗੂਆਂ ਖਾਸ ਤੌਰ ’ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਇਕ ਪਾਸੇ ਹਨ ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਦੂਜੇ ਪਾਸੇ ਹੈ। ਇਹ ਹੈਰਾਨੀ ਵਾਲੀ ਗੱਲ ਨਹੀਂ ਕਿ ਪੰਜਾਬ ਦੀ ਆਪ ਸਰਕਾਰ ਦੀ ਆਪਣੀ ਐਸ ਆਈ ਟੀ ਨੇ ਡੇਰਾ ਮੁਖੀ ਨੂੰ ਬੇਅਦਬੀ ਦਾ ਦੋਸ਼ ਪਾਇਆ ਹੈ ਪਰ ਸਰਕਾਰ ਹਾਲੇ ਵੀ ਉਸਦੇ ਨਿੱਜੀ ਵਕੀਲ ਨੁੰ ਸੂਬੇ ਦਾ ਸਰਵ ਉਚ ਕਾਨੂੰਨੀ ਅਫਸਰ ਨਿਯੁਕਤ ਕੀਤਾ ਹੈ ? ਘਈ ਅਦਾਲਤ ਵਿਚ ਬੇਅਦਬੀ ਕੇਸ ਵਿਚ ਕਿਸਦੀ ਪੈਰਵੀ ਕਰਨਗੇ, ਐਸ ਆਈ ਟੀ ਦੀ ਜਾਂ ਫਿਰ ਡੇਰਾ ਮੁਖੀ ਦੀ ਜਿਸਨੂੰ ਐਸ ਆਈ ਟੀ ਨੇ ਦੋਸ਼ੀ ਠਹਿਰਾਇਆ ਹੈ। ਇਹ ਸਵਾਲ ਸੀਨੀਅਰ ਅਕਾਲੀ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਚੁੱਕਿਆ ਹੈ।
ਅੱਜ ਇਥੇ ਜਾਰੀ ਕੀਤੇ ਇਕ ਬਿਆਨ ਵਿਚ ਅਕਾਲੀ ਦਲ ਦੇ ਸਕੱਤਰ ਜਨਰਲ ਨੇ ਕਿਹਾ ਕਿ ਘਈ ਦੀ ਪੰਜਾਬ ਦੇ ਏ ਜੀ ਵਜੋਂ ਨਿਯੁਕਤੀ ਨੇ ਇਹ ਬੇਨਕਾਬ ਕਰ ਦਿੱਤਾ ਹੈ ਕਿ ਕਿਹੜੀਆਂ ਸਿਆਸੀ ਤਾਕਤਾਂ ਬੇਅਦਬੀ ਪਿਛਲੀ ਡੂੰਘੀ ਸਾਜ਼ਿਸ਼ ਦੇ ਪਿੱਛੇ ਸਨ ਜਿਹਨਾਂ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਤਤਕਾਲੀ ਅਕਾਲੀ ਸਰਕਾਰ ਦੀ ਬਦਨਾਮੀ ਕਰਵਾਈ ਸੀ।
ਸਰਦਾਰ ਭੂੰਦੜ ਨੇ ਕਿਹਾ ਕਿ ਇਸ ਨਿਯੁਕਤੀ ਤੋਂ ਇਹ ਪ੍ਰਭਾਵ ਵੀ ਸਹੀ ਸਾਬਤ ਹੋ ਗਿਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਯੋਜਨਾ ਪੰਜਾਬ ਦੇ ਬਾਹਰੋਂ ਘੜੀ ਗਈ ਤੇ ਲਾਗੂ ਕੀਤੀ ਗਈ ਤੇ ਇਸਦਾ ਇਕਲੌਤਾ ਮਕਸਦ ਖਾਲਸਾ ਪੰਥ, ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਆਮ ਸਿੱਖ ਸ਼ਰਧਾਲੂਆਂ ਦੇ ਮਨਾਂ ਵਿਚ ਇਹਨਾਂ ਬਾਰੇ ਭੁਲੇਖੇ ਪਾਉਣਾ ਸੀ।
ਸਰਦਾਰ ਭੂੰਦੜ ਨੇ ਕਿਹਾ ਕਿ ਪੰਜਾਬ ਨੂੰ ਅਸਥਿਰ ਕਰਨ ਤੇ ਸਿੱਖ ਕੌਮ ਵਿਚ ਵੰਡੀਆਂ ਪਾਉਣ ਲਈ ਡੂੰਘੀ ਤੇ ਖਤਰਨਾਕ ਸਾਜ਼ਿਸ਼ ਰਚੀ ਗਈ। ਉਹਨਾਂ ਕਿਹਾ ਕਿ ਸਾਡਾ ਮੰਨਣਾ ਹੈ ਕਿ ਗੁਰੂ ਸਾਹਿਬਾਨ ਦੀ ਰਹਿਮਤ ਸਦਕਾ ਇਹ ਸਾਜ਼ਿਸ਼ ਬੇਨਕਾਬ ਹੋਈ ਹੈ। ਘਈ ਦੀ ਨਿਯੁਕਤੀ ਉਸ ਵੇਲੇ ਕੀਤੀ ਗਈ ਹੈ ਜਦੋਂ ਐਸ ਆਈ ਟੀ ਨੇ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਤ ਰਹੀਮ ਨੂੰ ਬੇਅਦਬੀ ਦੇ ਘਿਨੌਣੇ ਅਪਰਾਧ ਦਾ ਦੋਸ਼ੀ ਠਹਿਰਾਇਆ ਹੈ। ਇਹ ਨਿਯੁਕਤੀ ਉਦੋਂ ਕੀਤੀ ਗਈ ਹੈ ਜਦੋਂ ਸੂਬੇ ਨੇ ਡੇਰਾ ਮੁਖੀ ਨੂੰ ਅਦਾਲਤਾਂ ਵਿਚ ਧੂਹ ਕੇ ਲਿਆਉਣਾ ਹੈ ਜਿਥੇ ਏ ਜੀ ਨੇ ਸਰਕਾਰ ਦੀ ਪੈਰਵੀ ਕਰਨੀ ਹੁੰਦੀ ਹੈ।
ਅਕਾਲੀ ਆਗੂ ਨੇ ਕਿਹਾ ਕਿ ਆਪ ਦੀਆਂ ਪੰਜਾਬ ਤੇ ਦਿੱਲੀ ਇਕਾਈ ਵਿਚ ਇਸ ਮਾਮਲੇ ’ਤੇ ਅੰਦਰੂਲੀ ਲਡਾਈ ਹੀ ਇਹ ਦੱਸ ਰਹੀ ਹੈ ਕਿ ਇਸ ਪਾਰਟੀ ਤੇ ਇਸਦੀ ਸਰਕਾਰ ਨੁੰ ਕੌਣ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ’ਤੇ ਦਿੱਲੀ ਇਕ ਪਰੋਕਸੀ ਤੇ ਕਠਪੁਤਲੀ ਸਰਕਾਰ ਰਾਹੀਂ ਰਾਜ ਕਰ ਰਹੀ ਹੈ ਜਿਸਦੀ ਅਗਵਾਈ ਉਹ ਮੁੱਖ ਮੰਤਰੀ ਕਰ ਰਿਹਾ ਹੈ ਜੋ ਆਪ ਵਿਵਾਦਾਂ ਵਿਚ ਘਿਰਿਆ ਹੈ ਅਤੇ ਇਸੇ ਕਾਰਨ ਦਿੱਲੀ ਦੇ ਆਕਾ ਬਲੈਕਮੇਲ ਕਰਕੇ ਦਬਾਅ ਪਾਉਣ ਦੀ ਰਾਜਨੀਤੀ ਕਰ ਰਹੇ ਹਨ।