ਸਤਿੰਦਰ ਸਿੰਘ ਛੱਜਲਵਡੀ ਨੁੰ ਜੰਡਿਆਲਾ ਤੋਂ ਪਾਰਟੀ ਉਮੀਦਵਾਰ ਐਲਾਨਿਆ
ਅੰਮ੍ਰਿਤਸਰ, 26 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਐਲਾਨ ਕੀਤਾ ਕਿ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਵਿਧਾਨ ਸਭਾ ਚੋਣ ਲੜਨਗੇ ਜਦੋਂ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਨਵਜੋਤ ਸਿੱਧੂ ਦੇ ਖਿਲਾਫ ਚੋਣ ਲੜਨਗੇ।
ਇਹ ਐਲਾਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਇਥੇ ਸਤਿੰਦਰ ਸਿੰਘ ਛੱਜਲਵਡੀ ਜੋ ਤਿੰਨ ਵਾਰ ਦੇ ਵਿਧਾਇਕ ਰਣਜੀਤ ਸਿੰਘ ਛੱਜਲਵਡੀ ਹਨ, ਨੁੰ ਜੰਡਿਆਲਾ ਤੋਂ ਪਾਰਟੀ ਉਮੀਦਵਾਰ ਐਲਾਨਿਆ। ਉਹਨਾਂ ਨੇ ਛੱਜਲਵਡੀ ਪਰਿਵਾਰ ਨੁੰ ਵੱਡੀ ਗਿਣਤੀ ਵਿਚ ਕਾਂਗਰਸੀ ਸਰਪੰਚਾਂ ਤੇ ਬਲਾਕ ਸੰਮਤੀ ਮੈਂਬਰਾਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਕੀਤਾ।
ਵੇਰਵੇ ਸਾਂਝੇ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਰੀ ਪਾਰਟੀ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੁੰ ਬੇਨਤੀ ਕੀਤੀ ਹੈ ਕਿ ਉਹ ਰਾਜਨੀਤੀ ਤੋਂ ਸੇਵਾ ਮੁਕਤ ਨਾ ਹੋਣ ਤੇ ਉਹਨਾਂ ਨੇ ਇਹ ਬੇਨਤੀ ਪ੍ਰਵਾਨ ਕਰ ਲਈ ਹੈ ਤੇ ਲੰਬੀ ਤੋਂ ਚੋਣਾਂ ਲੜਨ ਲਈ ਰਾਜ਼ੀ ਹੋ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਦੀ ਭਲਾਈ ਵਾਸਤੇ ਬਾਦਲ ਸਾਹਿਬ ਹਮੇਸ਼ਾ ਮੋਹਰੀ ਰਹੇ ਹਨ ਤੇ ਇਸ ਵਾਰ ਵੀ ਰਹਿਣਗੇ।
ਅੰਮ੍ਰਿਤਸਰ ਪੂਰਬੀ ਤੋਂ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਉਮੀਦਵਾਰੀ ਦਾ ਐਲਾਨ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਹੰਕਾਰ ਦਾ ਭੋਗ ਪੈ ਜਾਵੇਗਾ। ਉਹਨਾਂ ਕਿਹਾ ਕਿ ਉਹ ਹੁਣ ਤੱਕ ਲੋਕਾਂ ਵਿਚ ਆਪਣੀ ਹਮਾਇਤ ਦੇ ਬਲਬੂਤੇ ਤੁਰੇ ਫਿਰਦੇ ਸਨ। ਹੁਣ ਮਾਝੇ ਦਾ ਸ਼ੇਰ ਉਹਨਾਂ ਦੇ ਜੱਦੀ ਹਲਕੇ ਵਿਚ ਉਹਨਾਂ ਦੇ ਮੁਕਾਬਲੇ ਲੜਨਗੇ। ਉਹ ਅਕਾਲੀ ਦਲ ਦੇ ਬਹਾਦਰ ਵਰਕਰਾਂ ਨਾਲ ਲੋਹਾ ਲੈਣ ਲਈ ਤਿਆਰ ਹੋ ਜਾਵੇ। ਉਹਨਾਂ ਕਿਹਾ ਕਿ ਸਿੱਧੂ ਦੇ ਹੰਕਾਰ ਦਾ ਭੋਗ ਉਸਦੀ ਜ਼ਮਾਨਤ ਜ਼ਬਤ ਹੋਣ ਨਾਲ ਪੈ ਜਾਵੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਨਵਜੋਤ ਸਿੱਧੂ ਸਿਰਫ ਉਚੀ ਉਚੀ ਬੋਲ ਸਕਦਾ ਹੈ। ਉਸ ਕੋਲ ਪੰਜ ਸਾਲਾਂ ਵਿਚ ਆਪਣੇ ਹਲਕੇ ਵਿਚ ਕੀਤੇ ਕੰਮ ਦੇ ਨਾਂ ’ਤੇ ਕੁਝ ਵੀ ਨਹੀਂ ਹੈ। ਉਸਨੇ ਲੋਕਲ ਬਾਡੀ ਮੰਤਰੀ ਹੁੰਦਿਆਂ ਆਪਣੇ ਹਲਕੇ ਵਿਚ ਕੱਖ ਨਹੀਂ ਕੀਤਾ। ਅੰਮ੍ਰਿਤਸਰ ਪੂਰਬੀ ਵਿਚ ਪੀਣ ਵਾਲੇ ਪਾਣੀ ਤੇ ਸੀਵਰੇਜ ਦੇ ਮਸਲੇ ਹਨ ਜੋ ਸਿੱਧੂ ਨੇ ਹੱਲ ਨਹੀਂ ਕੀਤੇ। ਹੁਣ ਲੋਕ ਉਸ ਤੋਂ ਇਸਦਾ ਜਵਾਬ ਮੰਗਣਗੇ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸਰਦਾਰ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਤੇ ਉਹਨਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਹਾਲਾਂਕਿ ਸਰਦਾਰ ਮਜੀਠੀਆ ਹਮੇਸ਼ਾ ਲੋਕਾਂ ਦੇ ਮਸਲੇ ਚੁੱਕਦੇ ਰਹੇ ਹਨ। ਉਹਨਾਂ ਕਿਹਾ ਕਿ ਮਜੀਠੀਆ ਲੋਕਾਂ ਲਈ ਲੜਨ ਵਾਸਤੇ ਜਾਣੇ ਜਾਂਦੇ ਹਨ। ਇਹ ਗੱਲ ਕਾਂਗਰਸ ਸਰਕਾਰ ਨੂੰ ਪਸੰਦ ਨਹੀਂ ਆਈ। ਉਹਨਾਂ ਕਿਹਾ ਕਿ ਕਾਂਗਰਸ ਨੇ ਇਕ ਗੁਰਸਿੱਖ ਦੇ ਖਿਲਾਫ ਕੇਸ ਦਰਜ ਕੀਤਾ ਹੈ ਜੋ ਰੋਜ਼ਾਨਾ ਢਾਈ ਘੰਟੇ ਨਿਤਨੇਮ ਕਰਦਾ ਹੈ। ਉਹਨਾਂ ਕਿਹਾ ਕਿ ਸਾਡੇ ਵਰਕਰਾਂ ਨੇ ਮਸਿੂਸ ਕਰ ਲਿਆ ਹੈ ਕਿ ਨਿਆਂ ਹਾਸਲ ਕਰਨ ਦਾ ਰਾਹ ਲੋਕਾਂ ਦੀ ਕਚਹਿਰੀ ਵਿਚ ਜਾਣਾ ਹੈ ਤੇ ਇਸੇ ਲਈ ਲੋਕਾਂ ਨੇ ਪਾਰਟੀ ਨੁੰ ਸਰਦਾਰ ਮਜੀਠੀਆ ਨੂੰ ਅੰਮ੍ਰਿਤਸਰ ਪੂਰਬੀ ਤੋਂ ਉਮੀਦਵਾਰ ਬਣਾਉਣ ਲਈ ਰਾਜ਼ੀ ਕੀਤਾ। ਸਰਦਾਰ ਬਾਦਲ ਨੇ ਐਲਾਨ ਕੀਤਾ ਕਿ ਹਲਕੇ ਵਿਚ ਪਾਰਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਰੰਧਾਵਾ ਸਰਦਾਰ ਮਜੀਠੀਆ ਦੇ ਚੋਣ ਇੰਚਾਰਜ ਹੋਣਗੇ।