ਚੰਡੀਗੜ•/25 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕਾਂਗਰਸ ਹਾਈਕਮਾਂਡ ਨੇ ਡਾਕਟਰ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦੀ ਡਾਇਰੈਕਟਰ ਚੇਅਰਪਰਸਨ ਨਿਯੁਕਤ ਕਰਕੇ ਸੱਚੇ ਕਾਂਗਰਸੀਆਂ ਦੇ ਨਾਲ ਨਾਲ ਦਲਿਤਾਂ ਅਤੇ ਪਛੜੇ ਵਰਗਾਂ ਦੇ ਮੈਂਬਰਾਂ ਦੇ ਜ਼ਖ਼ਮਾਂ ਉੱਤੇ ਵੀ ਨਮਕ ਛਿੜਕਿਆ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਹਾਈ ਕਮਾਂਡ ਨੂੰ ਦੱਸਣਾ ਚਾਹੀਦਾ ਹੈ ਕਿ ਉਸ ਨੇ ਇਹ ਅਹੁਦਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦੀ ਪਤਨੀ ਨੂੰ ਦੇ ਕੇ ਇੱਕ ਪਰਿਵਾਰ ਨੂੰ ਦੋ ਅਹੁਦੇ ਨਾ ਦੇਣ ਦੇ ਆਪਣੇ ਸਿਧਾਂਤ ਨੂੰ ਕਿਉਂ ਅੱਖੋਂ ਓਹਲੇ ਕਰ ਦਿੱਤਾ ਹੈ? ਉਹਨਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਹੁਣ ਪਰਿਵਾਰਵਾਦ ਨੂੰ ਕਿਉਂ ਹੱਲਾਸ਼ੇਰੀ ਦੇ ਰਹੇ ਹਨ।
ਡਾਕਟਰ ਚੀਮਾ ਨੇ ਕਿਹਾ ਕਿ ਇਹ ਤਾਜ਼ਾ ਨਿਯੁਕਤੀ ਨਾਲ ਨਵਜੋਤ ਸਿੱਧੂ ਦੇ ਮੌਕਾਪ੍ਰਸਤ ਸੁਭਾਅ ਦੀ ਅਸਲੀਅਤ ਵੀ ਸਾਹਮਣੇ ਆ ਗਈ ਹੈ। ਉਹਨਾਂ ਕਿਹਾ ਕਿ ਹਮੇਸ਼ਾਂ ਹੀ ਸਿਧਾਂਤਾਂ ਦੀ ਰਾਜਨੀਤੀ ਕਰਨ ਦੇ ਦਾਅਵੇ ਕਰਨ ਵਾਲੇ ਸਿੱਧੂ ਨੇ ਆਪਣੀ ਪਤਨੀ ਨੂੰ ਇਹ ਅਹੁਦਾ ਦਿਵਾਉਣ ਲਈ ਸੱਚੇ ਕਾਂਗਰਸੀਆਂ ਨੂੰ ਦਰਕਿਨਾਰ ਕਰਕੇ ਸਾਰੇ ਨੈਤਿਕ ਸਿਧਾਂਤਾਂ ਨੂੰ ਛਿੱਕੇ ਟੰਗ ਦਿੱਤਾ ਹੈ। ਉਹਨਾਂ ਕਿਹਾ ਕਿ ਅਜਿਹਾ ਕਰਕੇ ਉਸ ਨੇ ਉਹਨਾਂ ਸਾਰੇ ਕਾਂਗਰਸੀ ਆਗੂਆਂ ਨਾਲ ਵੀ ਵਿਸ਼ਵਾਸ਼ਘਾਤ ਕੀਤਾ ਹੈ, ਜਿਹਨਾਂ ਦੇ ਕਾਰਜਾਂ ਨੂੰ ਅੱਗੇ ਲੈ ਕੇ ਜਾਣ ਦੇ ਉਹ ਦਾਅਵੇ ਕਰ ਰਿਹਾ ਸੀ।