ਚੰਡੀਗੜ੍ਹ / ਜ਼ੀਰਾ, 12 ਜੂਨ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਤੋਂ ਗ੍ਰਹਿ ਮੰਤਰਾਲਾ ਸੰਭਾਲਿਆ ਨਹੀਂ ਜਾ ਰਿਹਾ ਜਿਸ ਕਾਰਨ ਸੂਬੇ ਵਿਚ ਰੋਜ਼ਾਨਾ ਆਧਾਰ ’ਤੇ ਕਰੋੜਾਂ ਰੁਪਏ ਦੇ ਡਾਕੇ ਪੈ ਰਹੇ ਹਨ।
ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੰਜਾਬ ਵਿਚ ਇਸ ਤਰੀਕੇ ਕਦੇ ਵੀ ਬਹੁ ਕਰੋੜੀ ਡਾਕੇ ਨਹੀਂ ਪਾਏ ਸਨ ਪਰ ਆਮ ਆਦਮੀ ਪਾਰਟੀ ਸਰਕਾਰ ਦੇ ਰਾਜ ਵਿਚ ਰੋਜ਼ਾਨਾ ਅਜਿਹਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਡਾਕੂਆਂ ਤੇ ਗੈਂਗਸਟਰਾਂ ਦੇ ਆਪ ਸਰਕਾਰ ਦੇ ਰਾਜ ਵਿਚ ਹੌਂਸਲੇ ਬੁਲੰਦ ਹੋ ਗਏ ਹਨ ਜਿਸ ਕਾਰਨ ਆਮ ਆਦਮੀ ਦਾ ਨੁਕਸਾਨ ਹੋ ਰਿਹਾ ਹੈ ਜਿਸਨੇ ਅਸਲ ਬਦਲਾਅ ਦੀ ਉਮੀਦ ਇਸ ਸਭ ਤੋਂ ਭ੍ਰਿਸ਼ਟ ਤੇ ਧੋਖੇਬਾਜ਼ ਸਰਕਾਰ ਤੋਂ ਕੀਤੀ ਸੀ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਆਪਣੇ ਸਿਆਸੀ ਆਕਾ ਤੇ ਆਪ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਮੁਤਾਬਕ ਰੁੱਝੇ ਰਹਿੰਦੇ ਹਨ ਤੇ ਇਸੇ ਦੇ ਨਤੀਜੇ ਵਜੋਂ ਇਹ ਕੁਝ ਵਾਪਰ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਜ਼ਿੰਮੇਵਾਰੀ ਸਿਰਫ ਚੇਅਰਪਰਸਨ ਦੀ ਜ਼ਿੰਮੇਵਾਰੀ ਰਹਿ ਗਈ ਹੈ ਜਿਸਦਾ ਮੁੱਖ ਕੰਮ ਸੂਬੇ ਦੇ ਹਵਾਈ ਜਹਾਜ਼ ਦੀ ਸ੍ਰੀ ਕੇਜਰੀਵਾਲ ਦੀ ਵਰਤੋਂ ਵਾਸਤੇ ਕਰਨਾ ਹੀ ਰਹਿ ਗਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵ ਆਪ ਹਾਈ ਕਮਾਂਡ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਦੇਸ਼ ਭਰ ਵਿਚ ਆਪ ਦੇ ਪ੍ਰਚਾਰ ਵਾਸਤੇ ਸਰਕਾਰੀ ਖ਼ਜ਼ਾਨੇ ਵਿਚੋਂ ਫੰਡ ਜੁਟਾਉਣ ਦੀ ਜ਼ਿੰਮੇਵਾਰੀ ਲਗਾਈ ਹੈ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਸੂਬੇ ਵਿਚੋਂ ਲਗਾਤਾਰ ਗੈਰ ਹਾਜ਼ਰ ਰਹਿ ਰਹੇ ਹਨ ਅਤੇ ਉਹ ਕਾਨੂੰਨ ਵਿਵਸਥਾ ਸੁਧਾਰਨ ਵਾਸਤੇ ਸਮੀਖਿਆ ਮੀਟਿੰਗਾ ਲੈਣ ਵਿਚ ਨਾਕਾਮ ਰਹੇ ਹਨ ਜਿਸ ਕਾਰਨ ਮੌਜੂਦਾ ਹਾਲਾਤ ਬਣ ਗਏ ਹਨ। ਸਰਦਾਰ ਬਾਦਲ ਨੇ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਨੇ ਕਾਨੂੰਨ ਵਿਵਸਥਾ ਡਾਕੂਆਂ ਤੇ ਗੈਂਗਸਟਰਾਂ ਦੇ ਹਵਾਲੇ ਕਰ ਦਿੱਤੀ ਹੈ ਜੋ ਪੰਜਾਬ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਗੈਰ ਹਾਜ਼ਰੀ ਵਿਚ ਆਪਣੀ ਮਰਜ਼ੀ ਮੁਤਾਬਕ ਕੰਮ ਕਰ ਰਹੇ ਹਨ।
ਮੀਡੀਆ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਆਪ ਸਰਕਾਰ ਲੋਕਾਂ ਨੂੰ 300 ਯੂਨਿਟ ਮੁਫਤ ਬਿਜਲੀ ਦੇਣ ਦੀ ਗੱਲ ਕਹਿ ਕੇ ਲੋਕਾਂ ਨਾਲ ਧੋਖਾ ਕਰ ਰਹੀ ਹੈ ਜਦੋਂ ਕਿ ਇਸਨੇ ਵਾਰ ਵਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਤੋਂ ਇਸ ਤੋਂ ਦੁੱਗਣੇ ਪੈਸੇ ਉਗਰਾਹ ਲਏ ਹਨ ਅਤੇ ਖਿੱਤੇ ਵਿਚ ਪੈਟਰੋਲੀਅਮ ਵਸਤਾਂ ਪੰਜਾਬ ਵਿਚ ਸਭ ਤੋਂ ਮਹਿੰਗੀਆਂ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਰਕਾਰ ਗਰੀਬ ਨੂੰ ਇਕ ਹੱਥ ਨਾਲ ਸਹੂਲਤ ਦੇ ਰਹੀ ਹੈ ਤਾਂ ਦੂਜੇ ਹੱਥ ਨਾਲ ਖੋਹ ਰਹੀ ਹੈ। ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ ਸਕੀਮ, ਆਟਾ ਦਾਲ ਸਕੀਮ ਸਮੇਤ ਅਨੇਕਾਂ ਸਮਾਜ ਭਲਾਈ ਸਕੀਮਾਂ ਜਾਂ ਤਾਂ ਬੰਦ ਕਰ ਦਿੱਤੀਆਂ ਹਨ ਜਾਂ ਫਿਰ ਉਹਨਾਂ ਵਿਚ ਵੱਡੀ ਕਟੌਤੀ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਲੜਕੀਆਂ ਲਈ ਮੁਫਤ ਸਾਈਕਲ ਸਕੀਮ ਵੀ ਬੰਦ ਕਰ ਦਿੱਤੀ ਹੈ ਤੇ ਇਸੇ ਤਰੀਕੇ ਤੀਰਥ ਯਾਤਰਾ ਸਕੀਮ, ਮੈਡੀਕਲ ਬੀਮਾ ਸਕੀਮ, ਮੁਫਤ ਭਾਂਡੇ ਦੇਣ ਦੀ ਸਕੀਮ, ਜਿੰਮ ਅਤੇ ਸੁਵਿਧਾ ਕੇਂਦਰ ਤੇ ਸੇਵਾ ਕੇਂਦਰ ਵੀ ਬੰਦ ਕਰ ਦਿੱਤੇ ਹਨ।
ਉਹਨਾਂ ਕਿਹਾ ਕਿ ਇਸ ਤੋਂ ਸਰਕਾਰ ਦਾ ਦੋਗਲਾ ਚੇਹਰਾ ਨੰਗਾ ਹੋ ਗਿਆ ਹੈ ਤੇ ਇਹ ਲੋਕਾਂ ਨੂੰ ਸਹੂਲਤਾਂ ਘੱਟ ਦੇ ਰਹੀ ਹੈ ਤੇ ਟੈਕਸ ਵੱਧ ਲਗਾ ਰਹੀ ਹੈ।