ਗਾਬੜੀਆ ਨੇ ਕਿਹਾ ਕਿ ਕੈਬਨਿਟ ਵਿਚ ਨਾ ਲਏ ਜਾਣ ਉੱਤੇ ਪੱਛੜੇ ਵਰਗਾਂ ਨਾਲ ਸੰਬੰਧਿਤ ਕਾਂਗਰਸੀ ਵਿਧਾਇਕ ਠੱਗੇ ਮਹਿਸੂਸ ਕਰ ਰਹੇ ਹਨ
ਚੰਡੀਗੜ•/24 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਕੀਤੇ ਆਪਣੇ ਤਾਜ਼ਾ ਵਜ਼ਾਰਤੀ ਵਾਧੇ ਦੌਰਾਨ ਪੱਛੜੇ ਵਰਗਾਂ ਦੇ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ ਵਿਚ ਨਾ ਲੈਣ ਦੀ ਸਖ਼ਤ ਨਿਖੇਧੀ ਕੀਤੀ ਹੈ ਅਤੇ ਇਸ ਕਾਰਵਾਈ ਨੂੰ ਪਛੜੇ ਵਰਗਾਂ ਨਾਲ ਸਭ ਤੋਂ ਵੱਡਾ ਧੋਖਾ ਕਰਾਰ ਦਿੱਤਾ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਪਾਰਟੀ ਦੇ ਬੀਸੀ ਵਿੰਗ ਦੇ ਪ੍ਰਧਾਨ ਸਰਦਾਰ ਹੀਰਾ ਸਿੰਘ ਗਾਬੜੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਛੜੇ ਭਾਈਚਾਰੇ ਨੂੰ ਭਰੋਸਾ ਦਿੱਤਾ ਸੀ ਕਿ ਸੂਬਾਈ ਵਜ਼ਾਰਤ ਵਿਚ ਉਹਨਾਂ ਨੂੰ ਢੁੱਕਵੀਂ ਨੁੰਮਾਇਦਗੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਪਰ ਹਾਲ ਹੀ ਵਿਚ ਜਦੋਂ ਇਸ ਨੇ 9 ਨਵੇਂ ਮੰਤਰੀਆਂ ਨੂੰ ਸ਼ਾਮਿਲ ਕਰਕੇ ਵਜ਼ਾਰਤ ਦਾ ਵਿਸਥਾਰ ਕੀਤਾ ਤਾਂ ਬੜੀ ਬੇਸ਼ਰਮੀ ਨਾਲ ਪਛੜੇ ਭਾਈਚਾਰੇ ਨਾਲ ਵਿਸ਼ਵਾਸ਼ਘਾਤ ਕਰਦਿਆਂ ਉਹਨਾਂ ਨੂੰ ਪੂਰੀ ਤਰ•ਾਂ ਨਜ਼ਰਅੰਦਾਜ਼ ਕਰ ਦਿੱਤਾ।
ਸੂਬੇ ਅੰਦਰ ਪਛੜੇ ਭਾਈਚਾਰੇ ਦੀ ਆਬਾਦੀ ਬਾਰੇ ਜਾਣਕਾਰੀ ਦਿੰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇੱਥੇ ਕੁੱਲ ਅਬਾਦੀ ਦਾ 27 ਫੀਸਦੀ ਪਛੜੇ ਭਾਈਚਾਰੇ ਦਾ ਹੈ ਅਤੇ ਸੂਬੇ ਅੰਦਰ ਇਹਨਾਂ ਦੀਆਂ 36 ਫਸਿਦੀ ਵੋਟਾਂ ਹਨ। ਉਹਨਾਂ ਕਿਹਾ ਕਿ ਮੋਜੂਦਾ ਸਮੇਂ ਕਾਂਗਰਸ ਪਾਰਟੀ ਵਿਚ 11 ਵਿਧਾਇਕ ਪਛੜੇ ਭਾਈਚਾਰੇ ਦੀ ਨੁੰਮਾਇਦਗੀ ਕਰਦੇ ਹਨ। ਪਰ ਕਿਸੇ ਨੂੰ ਕੋਈ ਅਹੁਦਾ ਨਹੀਂ ਦਿੱਤਾ ਗਿਆ। ਉਹ ਸਾਰੇ ਬੜੇ ਹੀ ਠੱਗੇ ਮਹਿਸੂਸ ਕਰਦੇ ਹਨ। ਉਹਨਾਂ ਵਿਚੋਂ ਕੁੱਝ ਨੇ ਤਾਂ ਕਾਂਗਰਸ ਪਾਰਟੀ ਦੇ ਸਾਰੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਆਪਣਾ ਗੁੱਸਾ ਵੀ ਜ਼ਾਹਿਰ ਕਰ ਦਿੱਤਾ ਹੈ।
ਲੋਕਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁਕਰਨ ਲਈ ਕਾਂਗਰਸ ਸਰਕਾਰ ਉੱਤੇ ਵਰ•ਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਸਰਕਾਰ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਛੜੇ ਭਾਈਚਾਰੇ ਲਈ ਸ਼ੁਰੂ ਕੀਤੀਆਂ ਸਾਰੀਆਂ ਲੋਕ ਭਲਾਈ ਸਕੀਮਾਂ ਬੰਦ ਕਰ ਦਿੱਤੀਆਂ ਹਨ। ਉਹਨਾਂ ਕਿਹਾ ਕਿ ਇਸ ਨੇ ਪਛੜੇ ਵਰਗਾਂ ਦੇ ਵਿਧਾਇਕਾਂ ਨੂੰ ਵਜ਼ੀਰ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਉਹ ਵਾਅਦਾ ਵੀ ਪੂਰਾ ਨਹੀਂ ਕੀਤਾ। ਇਸ ਤੋਂ ਪਤਾ ਚੱਲਦਾ ਹੈ ਕਿ ਕਾਂਗਰਸ ਸਰਕਾਰ ਦਾ ਪਛੜੇ ਅਤੇ ਗਰੀਬ ਤਬਕਿਆਂ ਪ੍ਰਤੀ ਵਤੀਰਾ ਕਿੰਨਾ ਰੁੱਖਾ ਅਤੇ ਕਠੋਰ ਹੈ।
ਸਰਦਾਰ ਗਾਬੜੀਆ ਨੇ ਕਿਹਾ ਕਿ ਅਕਾਲੀ ਦਲ ਜਲਦੀ ਹੀ ਸਾਰੇ ਪਛੜੇ ਵਰਗਾਂ ਦੀ ਇੱਕ ਮੀਟਿੰਗ ਸੱਦ ਕੇ ਇਸ ਧੱਕੇਸ਼ਾਹੀ ਖਿਲਾਫ ਅੰਦੋਲਨ ਸ਼ੁਰੂ ਕਰਨ ਲਈ ਰਣਨੀਤੀ ਉਲੀਕੇਗਾ। ਉਹਨਾਂ ਕਿਹਾ ਕਿ ਅਸੀਂ ਇਸ ਸਰਕਾਰ ਨੂੰ ਪਛੜੇ ਭਾਈਚਾਰੇ ਦੇ ਹਿੱਤਾਂ ਨੂੰ ਹੋਰ ਅਣਗੌਲਿਆ ਨਹੀਂ ਕਰਨ ਦਿਆਂਗੇ ਅਤੇ ਮੰਤਰੀ ਮੰਡਲ ਵਿਚ ਪਛੜੇ ਵਰਗਾਂ ਨੂੰ ਢੁੱਕਵੀਂ ਨੁੰਮਾਇਦਗੀ ਦੇਣ ਲਈ ਇਸ ਸਰਕਾਰ ਨੂੰ ਮਜ਼ਬੂਰ ਕਰ ਦਿਆਂਗੇ।