ਚੰਡੀਗੜ੍ਹ/11 ਅਪ੍ਰੈਲ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਹੈ ਕਿ ਕਾਂਗਰਸ ਸਰਕਾਰ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਖਿਲਾਫ ਕਤਲ ਕੇਸ ਵਿਚ ਸੂਬੇ ਦਾ ਪੱਖ ਪੇਸ਼ ਕਰਨ ਵਾਸਤੇ ਇੱਕ ਜੂਨੀਅਰ ਵਕੀਲ ਭੇਜ ਕੇ ਸਾਬਕਾ ਕ੍ਰਿਕਟਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਦੇ ਹਿੱਤਾਂ ਦੀ ਰਾਖੀ ਕਰਨ ਦੇ ਮੁੱਦੇ ਉੱਤੇ ਕਾਂਗਰਸੀ ਦੀ ਨੀਅਤ ਉਸ ਸਮੇਂ ਸਪੱਸ਼ਟ ਹੋ ਗਈ ਸੀ, ਜਦੋਂ ਨਵਜੋਤ ਸਿੰਘ ਵੱਲੋਂ ਮਾਰੇ ਗਏ ਬਜ਼ੁਰਗ ਦੇ ਵਾਰਿਸਾਂ ਨੂੰ ਇਨਸਾਫ ਦਿਵਾਉਣ ਲਈ ਸਰਕਾਰ ਵੱਲੋਂ ਇੱਕ ਕਮਜ਼ੋਰ ਵਕੀਲ ਉਪਲੱਬਧ ਕਰਵਾਇਆ ਗਿਆ ਸੀ ਤਾਂ ਕਿ ਸਿੱਧੂ ਨੂੰ ਇਸ ਮਾਮਲੇ ਵਿਚੋਂ ਰਾਹਤ ਦਿਵਾਈ ਜਾ ਸਕੇ।
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਕਾਂਗਰਸ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜੁਆਬ ਦੇਵੇ ਕਿ ਉਸ ਨੇ ਨਵਜੋਤ ਸਿੱਧੂ ਦੇ ਘਸੁੰਨਾਂ ਦਾ ਸ਼ਿਕਾਰ ਹੋਏ ਗੁਰਨਾਮ ਸਿੰਘ ਦੇ ਪਰਿਵਾਰ ਨਾਲ ਇੰਨੀ ਮਾੜੀ ਕਿਉਂ ਕੀਤੀ ਹੈ? ਉਹਨਾਂ ਕਿਹਾ ਕਿ ਇਹ ਪਰਿਵਾਰ ਪਹਿਲਾਂ ਹੀ ਦਹਾਕਿਆਂ ਬੱਧੀ ਚੱਲੇ ਇਸ ਮੁਕੱਦਮੇ ਕਰਕੇ ਖਰਚੇ ਦੇ ਬੋਝ ਥੱਲੇ ਦਬ ਚੁੱਕਿਆ ਹੈ। ਹੁਣ ਜਦੋਂ ਇਹ ਪਰਿਵਾਰ ਸਿੱਧੂ ਵੱਲੋਂ ਟੈਲੀਵੀਜ਼ਨ ਉੱਤੇ ਕੀਤੇ ਇਕਬਾਲ ਦੇ ਰੂਪ ਵਿਚ ਇੱਕ ਠੋਸ ਸਬੂਤ ਲੈ ਕੇ ਆਇਆ ਹੈ, ਜਿਸ ਵਿਚ ਸਿੱਧੂ ਸਵੀਕਾਰ ਕਰਦਾ ਹੈ ਕਿ ਉਹ ਅਪਰਾਧ ਵਾਲੀ ਥਾਂ ਉੱਤੇ ਮੌਜੂਦ ਸੀ ਅਤੇ ਉਸ ਦੀ ਗੁਰਨਾਮ ਨਾਲ ਲੜਾਈ ਹੋ ਗਈ ਸੀ ਅਤੇ ਉਸ ਵੱਲੋਂ ਮਾਰੇ ਘਸੁੰਨਾਂ ਕਰਕੇ ਪੀੜਤ ਦੀ ਮੌਤ ਹੋ ਗਈ ਸੀ ਤਾਂ ਪੰਜਾਬ ਸਰਕਾਰ ਨੇ ਸਿੱਧੂ ਨੂੰ ਬਚਾਉਣ ਲਈ ਪੂਰਾ ਜ਼ੋਰ ਲਗਾ ਦਿੱਤਾ ਹੈ।
ਇਹ ਪੁੱਛਦਿਆਂ ਕਿ ਸਰਕਾਰ ਇੱਕ ਕਾਤਿਲ ਨੂੰ ਬਚਾਉਣ ਉੱਤੇ ਕਿਉਂ ਤੁਲੀ ਹੈ, ਸਰਦਾਰ ਮਜੀਠੀਆ ਨੇ ਕਿਹਾ ਕਿ ਸਰਕਾਰ ਨੂੰ ਦੋਹਰੇ ਮਾਪਦੰਡ ਨਹੀਂ ਅਪਣਾਉਣੇ ਚਾਹੀਦੇ। ਉਹਨਾਂ ਕਿਹਾ ਕਿ ਇਹ ਕੇਸ ਸਾਡੇ ਸਾਰਿਆਂ ਦੇ ਸਾਹਮਣੇ ਹੈ। ਸਿੱਧੂ ਨੇ ਖੁਦ ਇੱਕ ਨਿਰਦੋਸ਼, ਨਿਹੱਥੇ ਬਜ਼ੁਰਗ ਨੂੰ ਮਾਰਨ ਦੀ ਗੱਲ ਕਬੂਲੀ ਹੈ, ਜਿਹੜਾ ਉੱਥੋਂ ਭੱਜ ਵੀ ਨਹੀਂ ਸੀ ਸਕਦਾ, ਕਿਉਂਕਿ ਉਸ ਦੀ ਕਾਰ ਦੀਆਂ ਚਾਬੀਆਂ ਖੋਹ ਲਈਆਂ ਗਈਆਂ ਸਨ। ਸਿੱਧੂ ਨੇ ਟੈਲੀਵੀਜ਼ਨ ਸ਼ੋਅ ਉੱਤੇ ਇਹ ਕਹਿ ਕੇ ਉਸ ਬਜ਼ੁਰਗ ਦੀ ਮੌਤ ਦਾ ਮਜ਼ਾਕ ਬਣਾ ਦਿੱਤਾ ਸੀ ਕਿ ਹਰ ਰੋਜ਼ ਅਜਿਹੀਆਂ ਹਜ਼ਾਰਾਂ ਘਟਨਾਵਾਂ ਵਾਪਰਦੀਆਂ ਹਨ ਅਤੇ ਉਹ ਕੋਈ ਗੌਤਮ ਬੁੱਧ ਨਹੀਂ ਹੈ ਕਿ ਗੁੱਸਾ ਦਿਵਾਉਣ ਉੱਤੇ ਆਪਣੀ ਦੂਜੀ ਗੱਲ੍ਹ ਅੱਗੇ ਕਰ ਦੇਵੇਗਾ। ਉਸ ਨੇ ਇਕ ਨਿਰਦੋਸ਼ ਪਰਿਵਾਰ ਤਬਾਹ ਕਰਕੇ ਅਤੇ ਫਿਰ ਉਸ ਘਿਨੌਣੇ ਕਾਰੇ ਦੀ ਸ਼ਰੇਆਮ ਵਡਿਆਈ ਕਰਕੇ ਸਾਬਿਤ ਕਰ ਦਿੱਤਾ ਹੈ ਕਿ ਉਹ ਕਿੰਨਾ ਕਠੋਰ ਦਿਲ ਇਨਸਾਨ ਹੈ।
ਅਕਾਲੀ ਆਗੂ ਨੇ ਕਿਹਾ ਕਿ ਹੁਣ ਜਦੋਂ ਕ੍ਰਿਕਟਰ ਤੋਂ ਸਿਆਸਤਦਾਨ ਬਣੇ ਸਿੱਧੂ ਨੇ ਅਦਾਲਤ ਤੋਂ ਬਾਹਰ ਇਕਬਾਲ-ਏ-ਕਤਲ ਕਰਕੇ ਖੁਦ ਆਪਣੇ ਪੈਰਾਂ ਉੱਤੇ ਕੁਹਾੜੀ ਮਾਰ ਲਈ ਹੈ ਤਾਂ ਕਾਂਗਰਸ ਇਸ ਕਾਤਿਲ ਨਾਲ ਅੰਦਰਖਾਤੇ ਸੌਦੇਬਾਜ਼ੀ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਜਮਹੂਰੀਅਤ ਵਿਰੋਧੀ ਵਤੀਰੇ ਨੂੰ ਸਹੀ ਨਹੀਂ ਠਹਿਰਾਇਆ ਜਾ ਸਕਦਾ।