ਸਮਿਤੀ ਪ੍ਰਧਾਨ ਪਰਗਟ ਸਿੰਘ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਅਗਸਤ 2016 ਵਿਚ ਕਾਂਗਰਸ ਵਿਚ ਸ਼ਾਮਿਲ ਹੋਇਆ ਸੀ
ਸ਼ਾਹਕੋਟ/25 ਮਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਕੱਲ• ਇੱਕ ਕਿਸਾਨ ਕੋਲੋਂ 3 ਲੱਖ ਖੋਹ ਕੇ ਭੱਜਦਿਆਂ ਗਿਰਫ਼ਤਾਰ ਕੀਤਾ ਗਿਆ ਭੀਖੀ ਬਲਾਕ ਸਮਿਤੀ ਪ੍ਰਧਾਨ ਪਰਗਟ ਸਿੰਘ ਇੱਕ ਕਾਂਗਰਸੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਪਰਗਟ ਸਿੰਘ 23 ਅਗਸਤ 2016 ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿਚ ਕਾਂਗਰਸ ਵਿਚ ਸ਼ਾਮਿਲ ਹੋਇਆ ਸੀ।
ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਸ਼ਾਹਕੋਟ ਜ਼ਿਮਨੀ ਚੋਣ ਵਿਚ ਲਾਹਾ ਲੈਣ ਲਈ ਜਾਣ ਬੁੱਝ ਕੇ ਪਰਗਟ ਦੀ ਗਿਰਫਤਾਰੀ ਦੇ ਵੇਰਵੇ ਜਾਰੀ ਕਰਦਿਆਂ ਉਸ ਨੂੰ ਇੱਕ ਅਕਾਲੀ ਆਗੂ ਬਣਾ ਕੇ ਪੇਸ਼ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਤਰ•ਾਂ ਜਾਪਦਾ ਹੈ ਕਿ ਮੀਡੀਆ ਨੇ ਤੱਥਾਂ ਦੀ ਪੁਸ਼ਟੀ ਨਹੀਂ ਕੀਤੀ ਅਤੇ ਕਾਂਗਰਸ ਵੱਲੋਂ ਫੈਲਾਏ ਝੂਠ ਨਾਲ ਗੁੰਮਰਾਹ ਹੋ ਗਿਆ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਸੱਚ ਇਹ ਹੈ ਕਿ ਪਰਗਟ ਕਾਂਗਰਸ ਵਿਚ ਸ਼ਾਮਿਲ ਹੋ ਗਿਆ ਸੀ ਅਤੇ ਇਸ ਬਾਰੇ ਮੀਡੀਆ ਨੇ ਖਬਰ ਵੀ ਲਾਈ ਸੀ। ਉਹਨਾਂ ਕਿਹਾ ਕਿ ਹੁਣ ਸਾਰੇ ਤੱਥਾਂ ਨੇ ਸਾਫ ਕਰ ਦਿੱਤਾ ਹੈ ਕਿ ਇਸ ਸਮੁੱਚੇ ਮਸਲੇ ਨੂੰ ਸਪੱਸ਼ਟ ਕੀਤਾ ਜਾਣਾ ਚਾਹੀਦਾ ਹੈ ਅਤੇ ਝੂਠੀ ਖਬਰਾਂ ਫੈਲਾਉਣ ਵਾਲਿਆਂ ਦਾ ਪਰਦਾਫਾਸ਼ ਅਤੇ ਉਹਨਾਂ ਖ਼ਿਲਾਫ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ।
ਸਰਦਾਰ ਗਰੇਵਾਲ ਨੇ ਕਿਹਾ ਕਿ ਕਾਂਗਰਸੀ ਪਰਗਟ ਸਿੰਘ ਨੂੰ ਤਾਂ ਤਿੰਨ ਲੱਖ ਰੁਪਏ ਖੋਹਦਿਆਂ ਗਿਰਫਤਾਰ ਕੀਤਾ ਗਿਆ ਹੈ, ਇੱਥੇ ਸ਼ਾਹਕੋਟ ਵਿਚ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਖਿਲਾਫ ਫਿਰੌਤੀ ਅਤੇ ਗੈਰ-ਕਾਨੂੰਨੀ ਮਾਈਨਿੰਗ ਦੇ ਇੱਕ ਸਟਿੰਗ ਆਪਰੇਸ਼ਨ ਦੀ ਸ਼ਕਲ ਵਿਚ ਠੋਸ ਸਬੂਤ ਹੋਣ ਦੇ ਬਾਵਜੂਦ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਤੋਂ ਫਿਰੌਤੀ ਵਰਗੇ ਅਪਰਾਧ ਪ੍ਰਤੀ ਕਾਂਗਰਸ ਪਾਰਟੀ ਦੇ ਸਟੈਂਡ ਦੀ ਝਲਕ ਮਿਲਦੀ ਹੈ ਅਤੇ ਇਸ ਵੱਲੋਂ ਸੂਬੇ ਅੰਦਰ ਰੇਤ ਮਾਫੀਆ ਨੂੰ ਦਿੱਤੀ ਜਾ ਰਹੀ ਹੱਲਾਸ਼ੇਰੀ ਦਾ ਵੀ ਪਰਦਾਫਾਸ਼ ਹੁੰਦਾ ਹੈ।