ਜਸਟਿਸ ਰਣਜੀਤ ਸਿੰਘ ਨੇ ਨਿਆਂਪਾਲਿਕਾਂ ਦੀ ਸ਼ਾਨ ਨੂੰ ਘਟਾਇਆ
ਚੰਡੀਗੜ•/27 ਅਪ੍ਰੈਲ: ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਸਰਦਾਰ ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼੍ਰੋਮਣੀ ਅਕਾਲੀ ਦਲ ਅਤੇ ਉਹਨਾਂ ਖ਼ਿਲਾਫ ਆਪਣੀ ਪੁਰਾਣੀ ਸਿਆਸੀ ਅਤੇ ਨਿੱਜੀ ਬਦਲੇਖੋਰੀ ਵਾਲੀ ਨੀਤੀ ਉੱਤੇ ਚੱਲ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਨੇ ਖੁਦ ਨੂੰ ਪੰਜਾਬ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਹੱਥਾਂ ਵਿਚ ਇਸਤੇਮਾਲ ਹੋਣ ਵਾਲਾ 'ਬਦਲੇਖੋਰੀ ਦਾ ਸਾਧਨ' ਬਣਾ ਕੇ ਮੁਲਕ ਵਿਚ ਨਿਆਂਪਾਲਿਕਾ ਦੀ ਸ਼ਾਨ ਨੂੰ ਘੱਟ ਕੀਤਾ ਹੈ।
ਉਹਨਾਂ ਕਿਹਾ ਕਿ ਜਸਟਿਸ ਸਿੰਘ ਵੱਲੋਂ ਪਵਿੱਤਰ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਸੰਵੇਦਨਸ਼ੀਲ ਮੁੱਦੇ ਉੱਤੇ ਅਖੌਤੀ ਜਾਂਚ ਰਿਪੋਰਟ ਜਾਰੀ ਕਰਨ ਦੀ ਕੀਤੀ ਕਾਰਵਾਈ ਤੋਂ ਪੂਰੇ ਮੁਲਕ ਨੂੰ ਖਾਸ ਕਰਕੇ ਨਿਆਂਇਕ ਅਤੇ ਕਾਨੂੰਨੀ ਭਾਈਚਾਰੇ ਨੂੰ ਵੱਡਾ ਝਟਕਾ ਲੱਗਿਆ ਹੈ। ਜਦਕਿ ਇਸ ਬਾਰੇ ਸਾਡੇ ਬਿਆਨ ਰਿਕਾਰਡ ਅਤੇ ਇਕੱਠੇ ਕਰਨ ਦੀ ਕਾਰਵਾਈ ਅਜੇ ਚੱਲ ਰਹੀ ਹੈ।
ਸਰਦਾਰ ਬਾਦਲ ਨੇ ਇਹ ਵੀ ਕਿਹਾ ਕਿ ਇਸ ਮਨਘੜਤ,ਜਾਅਲੀ ਅਤੇ ਪਹਿਲਾਂ ਤੋਂ ਤਿਆਰ ਕੀਤੇ ਕਾਂਗਰਸੀ ਦਸਤਾਵੇਜ਼ ਨੂੰ ਜਾਰੀ ਕਰਨ ਦਾ ਸਮਾਂ ਵੀ ਅਹਿਮ ਹੈ, ਕਿਉਂਕਿ ਇਸ ਨੂੰ 28 ਮਈ ਨੂੰ ਸ਼ਾਹਕੋਟ ਅਸੰਬਲੀ ਹਲਕੇ ਦੀ ਜ਼ਿਮਨੀ ਚੋਣ ਦੇ ਮੌਕੇ ਉੱਤੇ ਬਾਹਰ ਕੱਢਿਆ ਹੈ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਇਹ ਅਖੌਤੀ ਰਿਪੋਰਟ ਅਤੇ ਇਸ ਦੇ ਲੇਖਕ ਦੀ ਮਾਨਸਿਕਤਾ ਦਾ ਕਿੰਨਾ ਸਿਆਸੀਕਰਨ ਹੋ ਚੁੱਕਿਆ ਹੈ। ਇਹ ਸਾਡੇ ਮੁਲਕ ਵਿਚ ਨਿਆਂਪਾਲਿਕਾ ਦੇ ਵੱਕਾਰ ਵਾਸਤੇ ਇੱਕ ਦੁਖ ਦੀ ਘੜੀ ਹੈ।
ਸਾਬਕਾ ਮੁੱਖ ਮੰਤਰੀ ਨੇ ਜਸਟਿਸ ਰਣਜੀਤ ਸਿੰਘ ਦੀ ਇਹ ਬੇਹੂਦਗੀ ਵੀ ਸਾਹਮਣੇ ਲਿਆਂਦੀ ਕਿ ਇੱਕ ਪਾਸੇ ਤਾਂ ਉਹ ਸਬੂਤ ਇਕੱਠੇ ਕਰਨ ਦਾ ਪਾਖੰਡ ਕਰ ਰਹੇ ਹਨ ਅਤੇ ਦੂਜੇ ਪਾਸੇ ਇਸ ਅਖੌਤੀ ਰਿਪੋਰਟ ਨੂੰ ਮੀਡੀਆ ਅੱਗੇ ਰਿਲੀਜ਼ ਕਰ ਰਹੇ ਹਨ।
ਸਰਦਾਰ ਬਾਦਲ ਮੀਡੀਆ ਵਿਚ ਛਪੀ ਉਸ ਰਿਪੋਰਟ ਉਤੇ ਟਿੱਪਣੀ ਕਰ ਰਹੇ ਸਨ, ਜਿਸ ਵਿਚ ਬੇਅਦਬੀ ਦੇ ਮੁੱਦੇ ਉੱਤੇ ਜਸਟਿਸ ਰਣਜੀਤ ਸਿੰਘ ਦੇ ਨਾਂ ਕੁੱਝ ਟਿੱਪਣੀਆਂ ਛਾਪੀਆਂ ਗਈਆਂ ਸਨ।
ਉਹਨਾਂ ਕਿਹਾ ਕਿ ਜਸਟਿਸ ਰਣਜੀਤ ਸਿੰਘ (ਸੇਵਾ ਮੁਕਤ) ਨੇ ਦੋਗਲੀਆਂ ਗੱਲਾਂ ਕਰਕੇ ਨਿਆਂਪਾਲਿਕਾਂ ਦੇ ਨਾਂ ਦੀ ਦੁਰਵਰਤੋਂ ਕੀਤੀ ਹੈ ਅਤੇ ਇਨਸਾਫ ਦਾ ਮਜ਼ਾਕ ਉਡਾਇਆ ਹੈ।ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਵੱਲੋਂ ਜਸਟਿਸ ਰਣਜੀਤ ਸਿੰਘ ਦਾ ਇਸਤੇਮਾਲ ਸਿਰਫ ਕਾਂਗਰਸ ਭਵਨ ਵਿਚ ਤਿਆਰ ਕੀਤੇ ਗਏ ਇੱਕ ਸਿਆਸੀ ਦਸਤਾਵੇਜ ਉੱਤੇ ਦਸਤਖ਼ਤ ਕਰਵਾਉਣ ਲਈ ਕੀਤਾ ਗਿਆ ਹੈ। ਮੀਡੀਆ ਰਿਪੋਰਟ ਵਿਚ ਜਸਟਿਸ ਰਣਜੀਤ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਇਸ ਰਿਪੋਰਟ ਦਾ ਮਜ਼ਮੂਨ ਪਹਿਲਾਂ ਹੀ ਕੈਪਟਨ ਅਮਰਿੰਦਰ ਸਿੰਘ ਨਾਲ ਸਾਂਝਾ ਕਰ ਚੁੱਕਿਆ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਅਕਾਲੀ ਆਗੂਆਂ ਵਿਰੁੱਧ ਆਪਣੀ ਬਦਲੇਖੋਰੀ ਅਤੇ ਟਕਰਾਅ ਵਾਲੀ ਤਬਾਹਕੁਨ ਨੀਤੀ ਤੋਂ ਕੁੱਝ ਨਹੀਂ ਸਿੱਖਿਆ ਹੈ। ਉਹਨਾਂ ਕਿਹਾ ਕਿ ਉਸ ਨੇ ਮੈਨੂੰ , ਮੇਰੇ ਪਰਿਵਾਰ ਤੋਂ ਇਲਾਵਾ ਹਰ ਅਕਾਲੀ ਆਗੂ ਅਤੇ ਉਹਨਾਂ ਦੇ ਪਰਿਵਾਰਾਂ ਖ਼ਿਲਾਫ ਅਣਮਨੁੱਖੀ ਤਰੀਕੇ ਨਾਲ ਧੱਕੇਸ਼ਾਹੀਆਂ ਕੀਤੀਆਂ ਸਨ। ਉਸ ਨੇ ਮੇਰੇ ਅਤੇ ਮੇਰੇ ਸਾਥੀਆਂ ਉੱਤੇ ਦੌਲਤ ਇਕੱਠੀ ਕਰਨ ਦੇ ਝੂਠੇ ਦੋਸ਼ ਲਗਾਏ ਅਤੇ ਪੰਜ ਸਾਲ ਕਾਂਗਰਸ ਸਰਕਾਰ ਨੂੰ ਬਦਲਾ, ਬਦਲੀ ਅਤੇ ਬਾਦਲ ਤੋਂ ਸਿਵਾਇ ਹੋਰ ਕੁੱਝ ਨਹੀਂ ਸੁੱਝਿਆ। ਨਿਆਂਪਾਲਿਕਾ ਨੇ ਸਾਨੂੰ ਸਹੀ ਸਾਬਿਤ ਕਰ ਦਿੱਤਾ ਸੀ ਅਤੇ ਅਮਰਿੰਦਰ ਸਰਕਾਰ ਵੱਲੋਂ ਸਾਡੇ ਖ਼ਿਲਾਫ ਲਾਏ ਸਾਰੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਸੀ। ਪੰਜਾਬੀਆਂ ਨੇ ਵੀ ਕੈਪਟਨ ਦੀ ਸਾਡੇ ਖ਼ਿਲਾਫ ਦੋਸ਼ ਲਾਉਣ ਦੀ ਨੀਤੀ ਨੂੰ ਬੁਰੀ ਤਰ•ਾਂ ਨਕਾਰਦਿਆਂ 10 ਸਾਲ ਲਈ ਉਸ ਨੂੰ ਸਿਆਸੀ ਤੌਰ ਤੇ ਹਾਸ਼ੀਏ ਉੱਤੇ ਧੱਕ ਦਿੱਤਾ ਸੀ। ਪਰ ਕੈਪਟਨ ਨੇ ਆਪਣੀ ਉਸ ਨਾਕਾਮੀ ਤੋਂ ਕੋਈ ਸਬਕ ਨਹੀਂ ਸਿੱਖਿਆ ਅਤੇ ਮੇਰੇ, ਅਕਾਲੀ ਆਗੂਆਂ ਅਤੇ ਅਕਾਲੀ ਵਰਕਰਾਂ ਖਿਲਾਫ ਲਗਾਤਾਰ ਬਦਲੇਖੋਰੀ ਦੀ ਨੀਤੀ ਅਪਣਾਉਂਦਾ ਤੁਰਿਆ ਆ ਰਿਹਾ ਹੈ।
ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਦੇ ਸਾਡੇ ਖਿਲਾਫ ਸਿਆਸੀ ਬਦਲੇਖੋਰੀ ਦੇ ਜਨੂੰਨ ਕਰਕੇ ਹੀ ਪੰਜਾਬ ਵਿਚ ਪ੍ਰਸਾਸ਼ਨ ਨਾਂ ਦੀ ਕੋਈ ਚੀਜ਼ ਨਜ਼ਰ ਨਹੀਂ ਆ ਰਹੀ। ਕਿਸਾਨ, ਖੇਤ ਮਜ਼ਦੂਰ, ਵਪਾਰੀ, ਕਰਮਚਾਰੀ, ਦਲਿਤ ਅਤੇ ਗਰੀਬ ਤਬਕੇ ਕਾਂਗਰਸ ਸਰਕਾਰ ਵੱਲੋਂ ਪਾਏ ਖਿਲਾਰੇ ਦਾ ਸੰਤਾਪ ਭੋਗ ਰਹੇ ਹਨ।