ਬਰਨਾਲਾ, 30 ਜਨਵਰੀ : ਸ਼੍ਰੋਮਣੀ ਅਕਾਲੀ ਦਲ ਨੁੰ ਅੱਜ ਉਸ ਵੇਲੇ ਹੁਲਾਰਾ ਮਿਲਿਆ ਜਦੋਂ ਆਪ ਦੇ ਯੂਥ ਵਿੰਗ ਦੇ ਜੁਆਇੰਟ ਸਕੱਤਰ ਮਾਸਟਰ ਦਲਬੀਰ ਸਿੰਘ ਸੈਣੀ ਆਪਣੀ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਸਾਰੀ ਟੀਮ ਦੇ ਨਾਲ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋਏ।
ਸ੍ਰੀ ਸੈਣੀ, ਜੋ ਸੁਜਾਨਪੁਰ ਸੀਟ ਤੋਂ ਆਪ ਦੇ ਹਲਕਾ ਇੰਚਾਰਜ ਸਨ, ਅਕਾਲੀ ਦਲ ਦੇ ਸੁਜਾਨਪੁਰ ਸੀਟ ਤੋਂ ਉਮੀਦਵਾਰ ਰਾਜ ਕੁਮਾਰ ਗੁਪਤਾ ਦੀ ਪ੍ਰੇਰਨਾ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਉਹਨਾਂ ਦੇ ਨਾਲ ਆਪ ਦੇ ਸੁਜਾਨਪੁਰ ਤੋਂ ਚਾਰ ਬਲਾਕ ਪ੍ਰਧਾਨ ਤੇ ਐਸ ਸੀ ਵਿੰਗ ਪ੍ਰਧਾਨ ਅਤੇ ਸਰਕਲ ਪ੍ਰਧਾਨ ਵੀ ਮਾਸਟਰ ਦਲਬੀਰ ਸੈਣੀ ਦੇ ਨਾਲ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ।
ਇਹਨਾਂ ਨੁੰ ਪਾਰਟੀ ਵਿਚ ਸ਼ਾਮਲ ਹੋਣ ’ਤੇ ਜੀ ਆਇਆਂ ਕਹਿੰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੁੰ ਪਾਰਟੀ ਵਿਚ ਪੂਰਾ ਮਾਣ ਤੇ ਸਤਿਕਾਰ ਅਤੇ ਜ਼ਿੰਮੇਵਾਰੀਆਂ ਦੇਣ ਦਾ ਭਰੋਸਾ ਦੁਆਇਆ।
ਇਸ ਮੌਕੇ ਮਾਸਟਰ ਸੈਣੀ ਨੇ ਆਪ ਲੀਡਰਸ਼ਿਪ ਵੱਲੋਂ ਬਾਹਰਲਿਆਂ, ਪੈਰਾਸ਼ੂਟ ਰਾਹੀਂ ਆਏ ਤੇ ਅਯੋਗ ਵਿਅਕਤੀਆਂ ਨੁੰ ਟਿਕਟਾਂ ਦੇਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਾਰਟੀ ਵਿਚ ਮਿਹਨਤੀ ਵਰਕਰਾਂ ਦੀ ਕੋਈ ਕਦਰ ਨਹੀਂ ਹੈ ਜਿਸ ਤੋਂ ਉਹ ਬਹੁਤ ਪ੍ਰੇਸ਼ਾਨ ਸਨ। ਉਹ ਪਿਛਲੇ 7 ਸਾਲਾਂ ਤੋਂ ਪਾਰਟੀ ਲਈ ਕੰਮ ਕਰ ਰਹੇ ਸਨ ਤੇ ਪਿਛਲੇ ਡੇਢ ਸਾਲ ਤੋਂ ਹਲਕੇ ਵਿਚ ਮਿਹਨਤ ਕਰ ਰਹੇ ਸਨ ਪਰ ਹੁਦ ਪਾਰਟੀ ਨੇ ਟਿਕਟ ਇਕ ਕਾਂਗਰਸੀ ਨੂੰ ਦੇ ਦਿੱਤੀ ਹੈ ਜੋ ਟਿਕਟਾਂ ਵੰਡਣ ਤੋਂ ਕੁਝ ਦਿਨ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਇਆ ਸੀ।