ਆਮ ਆਦਮੀ ਪਾਰਟੀ ਦੇ ਐਮ ਪੀਜ਼ ਵੱਲੋਂ ਚਲ ਰਹੇ ਸੰਸਦ ਇਜਲਾਸ ਵਿਚ ਪੰਜਾਬ ਮੁੱਦੇ ਚੁੱਕਣ ਤੋਂ ਇਨਕਾਰ ਕਰਨ ਦੀ ਕੀਤੀ ਨਿਖੇਧੀ
ਚੰਡੀਗੜ੍ਹ, 19 ਜੁਲਾਈ : ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰਾਂ ਦੀ ਇਸ ਗੱਲੋਂ ਨਿਖੇਧੀ ਕੀਤੀ ਕਿ ਉਹਨਾਂ ਨੇ ਪੰਜਾਬ ਦੇ ਸਾਰੇ ਮੁੱਦੇ ਵਿਸਾਰ ਦਿੱਤੇ ਹਨ ਤੇ ਉਹ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਬੰਧੂਆ ਮਜ਼ਦੂਰਾਂ ਵਜੋਂ ਵਿਹਾਰ ਕਰ ਰਹੇ ਹਨ ਤੇ ਸੰਸਦ ਵਿਚ ਰੋਸ ਮੁਜ਼ਾਹਰੇ ਕਰ ਕੇ ਉਹਨਾਂ ਦੇ ਬੋਸ ਨੂੰ ਸਿੰਗਾਪੁਰ ਜਾ ਕੇ ਦਿੱਲੀ ਮਾਡਲ ਦੀ ਪੇਸ਼ਕਾਰੀ ਲਈ ਪ੍ਰਵਾਨਗੀ ਦੇਣ ਵਿਚ ਦੇਰੀ ਨੂੰ ਉਜਾਗਰ ਰਹੇ ਹਨ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਆਪ ਦੇ ਸੰਸਦ ਮੈਂਬਰ ਫੇਲ੍ਹ ਦਿੱਲੀ ਮਾਡਲ ਨਾਲ ਇਕਜੁੱਟਤਾ ਪ੍ਰਗਟ ਕਰ ਰਹੇ ਹਨ ਪਰ ਚੰਡੀਗੜ੍ਹ ਵਿਚ ਹਰਿਆਣਾ ਨੁੰ ਵੱਖਰੀ ਥਾਂ ਦੇ ਕੇ ਕੇਂਦਰ ਸ਼ਾਸਤ ਪ੍ਰਦੇਸ਼ ’ਤੇ ਪੰਜਾਬ ਦੇ ਹੱਕਾਂ ਨਾਲ ਕੀਤੇ ਸਮਝੌਤੇ ਦੇ ਖਿਲਾਫ ਰੋਸ ਮੁਜ਼ਾਹਰੇ ਨਹੀਂ ਕਰ ਰਹੇ। ਇਸੇ ਤਰੀਕੇ ਆਪ ਦੇ ਸੰਸਦ ਮੈਂਬਰਾਂ ਨੇ ਸਤਲੁਜ ਯਮੁਨਾ ਲੰਕ ਨਹਿਰ ਰਾਹੀਂ ਪੰਜਾਬ ਦੇ ਪਾਣੀਆਂ ’ਤੇ ਹਰਿਆਣਾ ਵੱਲੋਂ ਡਾਕਾ ਮਾਰਨ ’ਤੇ ਵੀ ਚੁੱਪ ਵੱਟੀ ਹੋਈ ਹੈ ਤੇ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਵਿਚ ਬਦਲਣ ਖਿਲਾਫ ਵੀ ਰੋਸ ਮੁਜ਼ਾਹਰਾ ਨਹੀਂ ਕੀਤਾ।
ਆਪ ਦੇ ਸੰਸਦ ਮੈਂਬਰਾਂ ਦੇ ਵਤੀਰੇ ਨੂੰ ਬੰਧੂਆਂ ਮਜ਼ਦੂਰਾਂ ਵਾਲਾ ਕਰਾਰ ਦਿੰਦਿਆਂ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਆਪ ਦੀ ਪੰਜਾਬ ਇਕਾਈ ਅਤੇ ਇਸਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ ਪੰਜਾਬ ਦੇ ਹਿੱਤ ਹਾਈ ਕਮਾਂਡ ਨੂੰ ਵੇਚ ਦਿੱਤੇ ਹਨ ਅਤੇ ਪਾਰਟੀ ਦੇ ਐਮ ਪੀ ਵੀ ਇਸੇ ਲੀਹ ’ਤੇ ਚੱਲ ਰਹੇ ਹਨ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਅਸੀਂ ਵੇਖਿਆ ਸੀ ਕਿ ਕਿਵੇਂ ਪੰਜਾਬ ਤੇ ਦਿੱਲੀ ਵਿਚਾਲੇ ਜਾਣਕਾਰੀ ਦੇ ਵਟਾਂਦਰੇ ਲਈ ਸਮਝੌਤਾ ਕੀਤਾ ਗਿਆ ਸੀ ਤੇ ਪੰਜਾਬ ਦੇ 16 ਸਰਕਾਰੀ ਵਿਭਾਗ ਸਿੱਧਾ ਦਿੱਲੀ ਸਰਕਾਰ ਦੇ ਅਧੀਨ ਕਰ ਦਿੱਤੇ ਗਏ ਸਨ। ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਸਲਾਹਕਾਰ ਕਮੇਟੀ ਬਣਾ ਕੇ ਪਾਰਟੀ ਦੇ ਐਮ ਪੀ ਰਾਘਵ ਚੱਢਾ ਨੂੰ ਸੁਪਰ ਸੀ ਐਮ ਬਣਾ ਦਿੱਤਾ ਹੈ। ਉਹਨਾਂ ਕਿਹਾ ਕਿ ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਆਪ ਹਾਈ ਕਮਾਂਡ ਦੇ ਕਹਿਣ ’ਤੇ ਮੁੱਖ ਮੰਤਰੀ ਨੇ ਚੰਡੀਗੜ੍ਹ ’ਤੇ ਪੰਜਾਬ ਦੇ ਹੱਕ ਸਰੰਡਰ ਕਰ ਦਿੱਤੇ ਹਨ।
ਸਰਦਾਰਨੀ ਬਾਦਲ ਨੇ ਕਿਹਾ ਕਿ ਆਪ ਅਤੇ ਇਸਦੇ ਪੰਜਾਬ ਦੇ ਐਮ ਪੀ ਭਾਵੇਂ ਪੰਜਾਬ ਨੂੰ ਭੁੱਲ ਗਏ ਹਨ ਪਰ ਸ਼੍ਰੋਮਣੀ ਅਕਾਲੀ ਦਲ ਸੂਬੇ ਦੇ ਸਾਰੇ ਲਟਕਦੇ ਮਸਲੇ ਹੱਲ ਕਰਵਾਉਣ ਲਈ ਆਪਣੀ ਪੂਰੀ ਵਾਹ ਲਗਾਵੇਗਾ। ਉਹਨਾਂ ਕਿਹਾ ਕਿ ਅਸੀਂ ਕੱਲ੍ਹ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਰੋਸ ਮੁਜ਼ਾਹਰਾ ਕਰ ਰਹੇ ਹਾਂ ਤੇ ਨਾਲ ਹੀ ਮੰਗ ਕਰਾਂਗੇ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਹੁਕਮ ’ਤੇ ਹਸਤਾਖ਼ਰ ਕਰਨ ਜਿਸਦੀ ਫਾਈਲ ਅੱਠ ਮਹੀਨਿਆਂ ਤੋਂ ਉਹਨਾਂ ਦੇ ਦਫਤਰ ਵਿਚ ਪਈ ਹੈ। ਉਹਨਾਂ ਕਿਹਾ ਕਿ ਅਸੀਂ ਸੰਸਦ ਵਿਚ ਵੀ ਇਹ ਮੁੱਦੇ ਚੁੱਕਾਂਗੇ।