ਮੁਹਾਲੀ , 18 ਦਸੰਬਰ : ਸਾਬਕਾ ਐਮ ਪੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਹੈ ਕਿ ਜ਼ੀਰਾ ਵਿਚ ਜ਼ਮੀਨੇ ਹੇਠਲੇ ਪਾਣੀ ਨੂੰ ਪ੍ਰਦੂਸ਼ਤ ਕਰਨ ਖਿਲਾਫ ਸ਼ਾਂਤੀਪੂਰਨ ਮੁਜ਼ਾਹਰਾ ਕਰਨ ਵਾਲਿਆਂ ਦੀ ਆਵਾਜ਼ ਕੁਚਲ ਕੇ ਆਮ ਆਦਮੀ ਪਾਰਟੀ ਨੇ ਸ਼ਰਾਬ ਮਾਫੀਆ ਨਾਲ ਹੱਥ ਮਿਲਾ ਕੇ ਸਾਬਤ ਕਰ ਦਿੱਤਾ ਹੈ ਕਿ ਉਹ ਖਾਸ ਆਦਮੀ ਦੇ ਨਾਲ ਹੈ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਜ਼ੀਰਾ ਵਿਚ ਸ਼ਰਾਬ ਫੈਕਟਰੀ ਲਗਾਉਣ ਖਿਲਾਫ ਸ਼ਾਂਤੀਪੂਰਨ ਸੰਘਰਸ਼ ਨੂੰ ਕੁਚਲਣ ਦੀ ਜ਼ੋਰਦਾਰ ਨਿਖੇਧੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੇ 12 ਘੰਟਿਆਂ ਦੇ ਅੰਦਰ ਹੀ ਆਪਣਾ ਸਟੈਂਡ ਬਦਲ ਲਿਆ ਤੇ ਸ਼ਾਂਤੀਪੂਰਨ ਮੁਜ਼ਾਹਰਾ ਕਰਨ ਵਾਲਿਆਂ ਦੇ ਖਿਲਾਫ ਹੋ ਗਏ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਸ਼ਰਾਬ ਫੈਕਟਰੀ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨੂੰ ਭਰੋਸਾ ਦੁਆਇਆਸੀ ਕਿ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਉਹਨਾਂ ਨੇ ਇਸ ਮਕਸਦ ਵਾਸਤੇ ਆਪਣੇ ਮੰਤਰੀ ਸ੍ਰੀ ਕੁਲਦੀਪ ਧਾਲੀਵਾਲ ਦੀ ਡਿਊਟੀ ਵੀ ਲਗਾਈ ਸੀ। ਪਰ 12 ਘੰਟਿਆਂ ਅੰਦਰ ਹੀ ਉਹਨਾਂ ਆਪਣਾ ਫੈਸਲਾ ਲਿਆ ਤੇ ਰੋਸ ਵਿਖਾਵਾ ਕਰਨ ਵਾਲਿਆਂ ਦੇ ਟੈਂਟ ਪੁੱਟ ਸੁੱਟੇ ਗਏ, ਉਹਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਤੇ ਉਹਨਾਂ ਖਿਲਾਫ ਲਾਠੀਚਾਰਜ ਕੀਤਾ ਗਿਆ ਤਾਂ ਜੋ ਉਹ ਧਰਨੇ ਵਾਲੀ ਥਾਂ ਤੋਂ ਹੱਟ ਜਾਣ ਅਤੇ ਇਹ ਕਾਰਵਾਈ ਬਹੁਤ ਹੀ ਨਿੰਦਣਯੋਗ ਹੈ।
ਪ੍ਰੋ. ਚੰਦੂਮਾਜਰਾ ਨੇ ਮੁੱਖ ਮੰਤਰੀ ਨੂੰ ਆਖਿਆ ਕਿ ਉਹ ਪੰਜਾਬਰੀਆਂ ਨੂੰ ਦੱਸਣ ਕਿ ਉਹਨਾਂ ਇਸ ਮਾਮਲੇ ਵਿਚ ਕਿਸਦੇ ਦਬਾਅ ਹੇਠ ਆਪਣਾ ਸਟੈਂਡ ਬਦਲਿਆ ਹੈ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸ਼ਰਾਬ ਮਾਫੀਆ ਨਾਲ ਮੁੱਖ ਮੰਤਰੀ ਨੇ ਸਾਂਝ ਪਾ ਲਈ ਹੈ। ਉਹਨਾਂ ਕਿਹਾ ਕਿ ਪਹਿਲਾਂ ਆਪ ਸਰਕਾਰ ਸ਼ਰਾਬ ਮਾਫੀਆ ਦੇ ਖਿਲਾਫ ਨਰਮੀ ਵਰਤ ਰਹੀ ਸੀ ਤੇ ਇਸਨੇ ਕਾਂਗਰਸ ਰਾਜ ਵੇਲੇ ਗੈਰ ਕਾਨੂੰਨੀ ਤੌਰ ’ਤੇ ਬਣੀਆਂ ਸ਼ਰਾਬ ਫੈਕਟਰੀਆਂ ਤੇ ਬੋਟਲਿੰਗ ਪਲਾਂਟਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ। ਉਹਨਾਂ ਕਿਹਾ ਕਿ ਅਜਿਹੀਆਂ ਕਾਰਵਾਈਆਂ ਦੇ ਕਾਰਨ ਹੀ ਆਮ ਆਦਮੀ ਨੇ ਆਪ ਸਰਕਾਰ ਵਿਚ ਵਿਸ਼ਵਾਸ ਗੁਆ ਲਿਆ ਹੈ ਤੇ ਇਹੀ ਕਾਰਨ ਹੈ ਕਿ ਗੈਂਗਸਟਰ ਸੂਬੇ ਵਿਚ ਆਪਣੀ ਮਨਮਾਨੀ ਕਰ ਰਹੇ ਹਨ।
ਪ੍ਰੋ. ਚੰਦੂਮਾਜਰਾ ਨੇ ਜ਼ੀਰਾ ਵਿਚ ਸ਼ਰਾਬ ਫੈਕਟਰੀ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਪ ਸਰਕਾਰ ਨੇ ਜ਼ਮੀਨ ਹੇਠਾ ਪਾਣੀ ਗੰਧਲਾ ਕਰਨ ਦੇ ਮਾਮਲੇ ਵੱਲ ਅੱਖਾਂ ਮੀਟ ਲਈਆਂ ਹਨ। ਉਹਨਾਂ ਕਿਹਾ ਕਿ ਜ਼ਮੀਨ ਹੇਠਲੇ ਪਾਣੀ ਦਾ ਗੰਧਲਾ ਹੋਣਾ ਪੰਜਾਬ ਵਿਚ ਇਕ ਗੰਭੀਰ ਸਮੱਸਿਆ ਹੈ ਅਤੇ ਇਸਦੇ ਕਾਰਨ ਵੱਖ-ਵੱਖ ਫਸਲਾਂ ਦਾ ਹੀ ਨੁਕਸਾਨ ਨਹੀਂ ਹੋ ਰਿਹਾ ਬਲਕਿ ਖੇਤੀਬਾੜੀ ’ਤੇ ਆਪਣਾ ਜੀਵਨ ਨਿਰਬਾਹ ਕਰਨ ਵਾਲਿਆਂ ਦੀ ਜ਼ਿੰਦਗੀ ਵੀ ਇਸ ’ਤੇ ਟਿਕੀ ਹੈ।