ਜ਼ਾਹਿਦਾ ਸੁਲੇਮਾਨ ਨੂੰ ਮਾਲੇਰਕੋਟਲਾ ਦਾ ਸ਼੍ਰੋਮਣੀ ਅਕਾਲੀ ਦਲ ਦਾ ਹਲਕਾ ਇੰਚਾਰਜ ਐਲਾਨਿਆ
ਮਾਲੇਰਕੋਟਲਾ/ਸੰਗਰੂਰ, 11 ਜਨਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਨੇ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਮਾੜੀ ਸਰਕਾਰ ਹੋਣ ਦੀ ਬਦਨਾਮੀ ਖੱਟੀ ਹੈ ਕਿਉਂਕਿ ਇਸਦੇ ਰਾਜ ਕਾਲ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਈ, ਕੁਪ੍ਰਸ਼ਾਸਨ ਸਿਖ਼ਰਾਂ ’ਤੇ ਪੁੱਜਾ, ਬੇਰੋਜ਼ਗਾਰੀ ਵਧੀ ਅਤੇ ਹਰ ਕਿਸਮ ਦੇ ਵਿਕਾਸ ਕਾਰਜ ਮੁਕੰਮਲ ਤੌਰ ’ਤੇ ਠੱਪ ਹੋ ਗਏ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਰਾਜਕਾਲ ਵਿਚ ਭ੍ਰਿਸ਼ਟਾਚਾਰ ਸਿਖ਼ਰਾਂ ’ਤੇ ਪਹੁੰਚ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਦੰਸਿਆ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ’ਬੇਈਮਾਨ’ ਸਾਬਤ ਹੋਇਆ ਹੈ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਆਖਿਆ ਕਿ ਲੋਕਾਂ ਵਿਚ ਸਰਕਾਰ ਨੂੰ ਲੈ ਕੇ ਬਹੁਤ ਰੋਹ ਹੈ। ਉਹਨਾਂ ਕਿਹਾ ਕਿ ਪੰਜਾਬੀ ਇਸ ਗੱਲ ਤੋਂ ਔਖੇ ਹਨ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ 92 ਵਿਧਾਇਕਾਂ ਨੂੰ ਜੇਤੂ ਬਣਾਇਆ ਪਰ ਉਹਨਾਂ ਨਾਲ ਕੀਤਾ ਗਿਆ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ ।
ਅਕਾਲੀ ਦਲ ਦੇ ਪ੍ਰਧਾਨ ਇਥੇ ਇਕ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ ਜਿਸ ਦੌਰਾਨ ਉਹਨਾਂ ਨੌਜਵਾਨ ਆਗੂ ਜ਼ਾਹਿਦਾ ਸੁਲੇਮਾਨ ਨੂੰ ਪਾਰਟੀ ਦੇ ਮਾਲੇਰਕੋਟਲਾ ਹਲਕੇ ਦਾ ਇੰਚਾਰਜ (ਮੁੱਖ ਸੇਵਾਦਾਰ) ਐਲਾਨਿਆ।
ਸਰਦਾਰ ਬਾਦਲ ਨੇ ਉਹਨਾਂ ਦੀ ਹਲਕੇ ਦੇ ਲੋਕਾਂ ਦੀ ਸੇਵਾ ਲਈ ਦ੍ਰਿੜ੍ਹਤਾ ਤੇ ਵਚਨਬੱਧਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਹਲਕੇ ਵਿਚ ਪਾਰਟੀ ਦੇ ਸਮੂਹ ਆਗੂ ਤੇ ਵਰਕਰ ਉਹਨਾਂ ਦੀ ਡਟਵੀਂ ਹਮਾਇਤ ਕਰਨਗੇ ਤੇ ਹਲਕੇ ਵਿਚ ਪਾਰਟੀ ਨੂੰ ਮਜ਼ਬੂਤ ਕਰਨਗੇ। ਸ੍ਰੀਮਤੀ ਜ਼ਾਹਿਦਾ ਸੁਲੇਮਾਨ ਕਿੱਤੇ ਵਜੋਂ ਪੱਤਰਕਾਰ ਹਨ ਜਿਹਨਾਂ ਮਾਸ ਕਮਿਊਨਿਕੇਸ਼ਨ ਵਿਚ ਮਾਸਟਰਜ਼ ਦੀ ਡਿਗਰੀ ਕੀਤੀ ਹੋਈ ਹੈ। ਉਹ ਸਮਾਜ ਸੇਵੀਆਂ ਦੇ ਪ੍ਰਤੀਸ਼ਠਤ ਪਰਿਵਾਰ ਵਿਚੋਂ ਆਉਂਦੇ ਹਨ। ਆਪਣੇ ਸੰਬੋਧਨ ਵਿਚ ਸਰਦਾਰ ਬਾਦਲ ਨੇ ਮੁੱਖ ਮੰਤਰੀ ਵੱਲੋਂ ਅਪਰਾਧ ਨੂੰ ਨਕੇਲ ਪਾਉਣ ਵਿਚ ਬੁਰੀ ਤਰ੍ਹਾਂ ਅਸਫਲ ਰਹਿਣ ਦੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਸੂਬੇ ਵਿਚ ਹਰ ਕਿਸੇ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਹੈ ਕਿਉਂਕਿ ਗੁੰਡਾ ਤੱਤ ਮੌਜਾਂ ਮਾਣ ਰਹੇ ਹਨ। ਉਹਨਾਂ ਕਿਹਾ ਕਿ ਫਿਰੌਤੀਆਂ, ਅਗਵਾਕਾਰੀਆਂ, ਲੁੱਟ ਖੋਹ ਤੇ ਹੱਤਿਆਵਾਂ ਨੇ ਆਮ ਆਦਮੀ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਉਹਨਾਂ ਕਿਹਾਕਿ ਉਦਯੋਗਪਤੀ ਵੀ ਸੂਬਾ ਛੱਡ ਕੇ ਜਾ ਰਹੇ ਹਨ ਕਿਉਂਕਿ ਉਹ ਫਿਰੌਤੀਆਂ ਦੇ ਸਭਿਆਚਾਰ ਤੋਂ ਤੰਗ ਹਨ।
ਸਰਦਾਰ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਹੀ ਇਹਨਾਂ ਹਾਲਾਤਾਂ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਗ੍ਰਹਿ ਮੰਤਰੀ ਵਜੋਂ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ ਜਿਹਨਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ। ਉਹਨਾਂ ਨੇ ਸੂਬੇ ਵਿਚ ਪ੍ਰਸ਼ਾਸਕੀ ਹਫੜਾ ਦਫੜੀ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਸਭ ਕੁਝ ਮੁੱਖ ਮੰਤਰੀਦੇ ਗਲਤ ਫੈਸਲਿਆਂ ਦਾ ਨਤੀਜਾ ਹੈ। ਸਰਦਾਰ ਬਾਦਲ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਬੁਰੀ ਤਰ੍ਹਾਂ ਭ੍ਰਿਸ਼ਟਾਚਾਰ ਵਿਚ ਲੱਗੇ ਹੋਏਹਨ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਵਾਅਦਾ ਕਰ ਕੇ ਹੁਣ ਉਹ ਇਸਨੂੰ ਹੋਰ ਉਤਸ਼ਾਹਿਤ ਕਰ ਰਹੇ ਹਨ। ਉਹਨਾਂ ਕਿਹਾ ਕਿ ਅਖੌਤੀ ’ਕੱਟੜ ਇਮਾਨਦਾਰ ਪਾਰਟੀ’ ਦੇ ਦੋ ਮੰਤਰੀ ਭ੍ਰਿਸ਼ਟ ਸਾਬਤ ਹੋਏ ਹਨ।
ਸਰਦਾਰ ਬਾਦਲ ਨੇ ਇਸ ਤੋਂ ਪਹਿਲਾਂ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਦੀ ਪਾਰਟੀ ਸੂਬੇ ਦੀ ਅਮਨ ਸ਼ਾਂਤੀ, ਫਿਰਕੂ ਸਦਭਾਵਨਾ ਤੇ ਆਪਸੀ ਭਾਈਚਾਰ ਸਾਂਝ ਪ੍ਰਤੀ ਵਚਨਬੱਧ ਹੈ। ਉਹਨਾਂ ਨੇ ਚੇਤੇ ਕਰਵਾਇਆਕਿ ਕਿਵੇਂ ਪੰਜ ਵਾਰ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਸੰਘਰਸ਼ ਕਰ ਕੇ ਸੂਬੇ ਦੀ ਅਮਨ ਸ਼ਾਂਤੀ ਤੇ ਫਿਰਕੂ ਸਦਭਾਵਨਾ ਕਾਇਮ ਰੱਖੀ।
ਆਪਣੇ ਭਾਸ਼ਣ ਦੌਰਾਨ ਜ਼ਾਹਿਦਾ ਸੁਲੇਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਮਾਲੇਰਕੋਟਲਾ ਕਾਰੀਗਰਾਂ ਦਾ ਗੜ੍ਹ ਬਣੇ ਅਤੇ ਇਸ ਵਾਸਤੇ ਉਹ ਪੁਰਜ਼ੋਰ ਯਤਨ ਕਰਨਗੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਇਕਬਾਲ ਸਿੰਘ ਝੂੰਦਾਂ ਨੇ ਵੀ ਇਕੱਠ ਨੂੰ ਸੰਬੋਧਨ ਕੀਤਾ।