ਚੰਡੀਗੜ੍ਹ, 21 ਮਈ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਖਿਲਾਫ ਦਰਜ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਦਾ ਮੁਖੀ ਬਦਲਣਾ ਕੋਈ ਨਵੀਂ ਗੱਲ ਨਹੀਂ ਹੈ ਕਿਉਂਕਿ ਆਪ ਸਰਕਾਰ ਅਫਸਰਾਂ ’ਤੇ ਦਬਾਅ ਬਣਾ ਰਹੀ ਹੈ ਕਿ ਉਹ ਮਜੀਠੀਆ ਖਿਲਾਫ ਸਰਕਾਰ ਦੀ ਸੋਚ ਮੁਤਾਬਕ ਚੱਲਣ ਤੇ ਪਾਰਟੀ ਨੇ ਇਸ ਸਾਰੀ ਕਾਰਵਾਈ ਨੂੰ ਸਿਆਸੀ ਵਿਰੋਧੀਆਂ ਖਿਲਾਫ ਕਿੱੜਾਂ ਕੱਢਣ ਲਈ ਕੋਰੀ ਸਿਆਸਤ ਕਰਾਰ ਦਿੱਤਾ।
ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ’ਤੇ ਵਰ੍ਹਦਿਆਂ ਅਕਾਲੀ ਦਲ ਦੇ ਲੀਗਲ ਸੈਲ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਰ ਮੁਹਾਜ਼ ’ਤੇ ਫੇਲ੍ਹ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਲੋਕਾਂ ਦਾ ਧਿਆਨ ਪਾਸੇ ਕਰਨ ਵਾਸਤੇ ਕੰਮ ਕਰ ਰਹੇ ਹਨ ਅਤੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਐਸ ਆਈ ਟੀ ਦਾ ਮੁਖੀ ਬਦਲਿਆ ਗਿਆ ਹੋਵੇ। ਉਹਨਾਂ ਕਿਹਾ ਕਿ ਜਿਸ ਕਿਸੇ ਨੇ ਵੀ ਸਰਕਾਰਾਂ ਵੱਲੋਂ ਲਿਖੀ ਸਿਆਸੀ ਕਹਾਣੀ ’ਤੇ ਕੰਮ ਕਰਨ ਤੋਂ ਇਨਕਾਰ ਕੀਤਾ, ਉਸਨੂੰ ਬਦਲਿਆ ਗਿਆ ਤੇ ਕਾਂਗਰਸ ਸਰਕਾਰ ਵੇਲੇ ਦੋ ਐਡਵੋਕੇਟ ਜਨਰਲਾਂ ਅਤੇ ਤਿੰਨ ਡੀ ਜੀ ਪੀਜ਼ ਦਾ ਬਦਲਣਾ ਇਸ ਗੱਲ ਦਾ ਪ੍ਰਤੱਖ ਸਬੂਤਹੈ। ਉਹਨਾਂ ਕਿਹਾ ਕਿ ਦਸੰਬਰ ਮਹੀਨੇ ਵਿਚ ਇਕ ਰਾਤ ਨੂੰ ਡੀ ਜੀ ਪੀ ਨੇ ਸਿਰਫ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਕੇਸਦਰਜ ਕੀਤਾ ਸੀ ਤੇ ਹੁਣ ਭਗਵੰਤ ਮਾਨ ਸਰਕਾਰ ਅਫਸਰਾਂ ’ਤੇ ਦਬਾਅ ਬਣਾ ਰਹੀ ਹੈ ਕਿ ਉਹ ਸਰਕਾਰ ਦੀ ਸਿਆਸੀ ਸੋਚ ਮੁਤਾਬਕ ਕੰਮ ਕਰਨ।
ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਆਪ ਸਰਕਾਰ ਇਹ ਭੁੱਲ ਗਈ ਹੈ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕਿਹਾ ਸੀ ਕਿ ਸਰਦਾਰ ਮਜੀਠੀਆ ਦੇ ਖਿਲਾਫ ਕੋਈ ਸਬੂਤ ਨਹੀਂ ਹੈ ਤੇ ਇਹ ਕੇਸ ਸਿਆਸੀ ਨਜ਼ਰੀਏ ਤੋਂ ਦਰਜ ਕੀਤਾ ਗਿਆ ਜਾਪਦਾ ਹੈ। ਉਹਨਾਂ ਕਿਹਾਕਿ ਕੇਸ ਦਰਜ ਹੋਏ ਨੂੰ ਡੇਢ ਸਾਲ ਤੋਂ ਵੱਧ ਸਮਾਂ ਲੰਘ ਚੁੱਕਾ ਹੈ ਤੇ ਹਾਲੇ ਤੱਕ ਸਰਕਾਰ ਤੇ ਪੁਲਿਸ ਚਲਾਨ ਪੇਸ਼ ਨਹੀਂ ਕਰ ਸਕੀ ਕਿਉਂਕਿ ਸਰਦਾਰ ਮਜੀਠੀਆ ਵੱਲੋਂ ਕੁਝ ਵੀ ਗਲਤ ਕਰਨ ਦਾ ਕੋਈ ਸਬੂਤ ਨਹੀਂ ਹੈ।
ਉਹਨਾਂ ਹੋਰ ਕਿਹਾ ਕਿ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਕਰਨ ਵਾਸਤੇ ਐਸ ਆਈ ਟੀ ਬਣਾਈਸੀ ਤੇ ਉਸਨੂੰ ਵੀ ਸਰਦਾਰ ਮਜੀਠੀਆ ਖਿਲਾਫ ਕੋਈ ਸਬੂਤ ਨਹੀਂ ਮਿਲਿਆ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਵੇਖ ਲਿਆ ਹੈ ਕਿ ਹਾਲ ਹੀ ਵਿਚ ਖੋਲ੍ਹੀਆਂ ਤਿੰਨ ਐਸ ਆਈ ਟੀ ਰਿਪੋਰਟਾਂ ਵਿਚ ਵੀ ਸਰਦਾਰ ਮਜੀਠੀਆ ਦਾ ਨਾਂ ਨਹੀਂ ਹੈ ਤਾਂ ਇਸ ਕਰ ਕੇ ਉਹ ਐਸ ਆਈ ਟੀ ਦਾ ਮੁਖੀ ਬਦਲ ਕੇ ਸਰਦਾਰ ਮਜੀਠੀਆ ਖਿਲਾਫ ਝੂਠੀ ਕਹਾਣੀ ਘੜਨਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਆਪ ਸਰਕਾਰ ਦੀ ਇਹ ਕਾਰਵਾਈ ਮੂਧੇ ਮੂੰਹ ਡਿੱਗੇਗੀ ਕਿਉਂਕਿ ਹਰ ਕੋਈ ਜਾਣਦਾ ਹੈ ਕਿ ਭਗਵੰਤ ਮਾਨ ਜਦੋਂ ਵਿਰੋਧੀ ਧਿਰ ਵਿਚ ਸੀ ਤਾਂ ਲੋਕਾਂ ਨੂੰ ਨਸ਼ਿਆਂ ਦੇ ਮਾਮਲੇ ’ਤੇ ਗੁੰਮਰਾਹ ਕਰਦੇ ਸਨ ਤੇ ਹੁਣ ਉਹਨਾਂ ਦੀ ਆਪ ਸਰਕਾਰ ਇਸ ਬੁਰਾਈ ’ਤੇ ਨਕੇਲ ਪਾਉਣ ਵਿਚ ਫੇਲ੍ਹ ਸਾਬਤ ਹੋਈ ਹੈ ਤੇ ਰੋਜ਼ਾਨਾ ਪੰਜਾਬ ਵਿਚ ਨਸ਼ਿਆਂ ਨਾਲ ਨੌਜਵਾਨਾਂ ਦੀ ਮੌਤ ਹੋਈ ਹੈ।
ਸਰਦਾਰ ਕਲੇਰ ਨੇ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਸੂਬੇ ਵਿਚ ਇਹ ਗੰਦੀ ਰਾਜਨੀਤੀ ਖੇਡਣਾ ਬੰਦ ਕਰਨ ਤੇ ਲੋਕਾਂ ਨਾਲ ਕੀਤੇ ਵੱਡੇ ਵੱਡੇ ਵਾਅਦੇ ਪੂਰੇ ਕਰਨ ਵਾਸਤੇ ਕੰਮ ਕਰਨਾ ਸ਼ੁਰੂ ਕਰਨ।