ਕਿਹਾ ਕਿ ਜੇਕਰ ਲੋਕਾਂ ਨੇ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਪ੍ਰਗਟ ਕੀਤਾ ਤਾਂ ਸਾਰੀਆਂ ਸਮਾਜ ਭਲਾਈ ਸਕੀਮਾਂ ਦੇ ਲਾਭ ਬੰਦ ਹੋ ਜਾਣਗੇ
ਸੰਗਰੂਰ, ਬਰਨਾਲਾ, 14 ਫਰਵਰੀ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਪੰਜਾਬ ਵਿਚ ਬਦਲਾਅ ਲਿਆਉਣਾ ਤਾਂ ਦੁਰ ਦੀ ਗੱਲ ਆਮ ਆਦਮੀ ਪਾਰਟੀ ਨੇ ਦਲਬਦਬਲੂਆਂ ਜਿਹਨਾਂ ਵਿਚੋਂ ਅਨੇਕਾਂ ਦੇ ਖਿਲਾਫ ਫੌਜਦਾਰੀ ਕੇਸ ਦਰਜ ਹਨ, ਨੁੰ ਕਰੋੜਾਂ ਰੁਪਏ ਵਿਚ ਟਿਕਟਾਂ ਵੇਚ ਕੇ ਸੂਬੇ ਦਾ ਸਿਆਸੀ ਮਾਹੌਲ ਖਰਾਬ ਕਰ ਦਿੱਤਾ ਹੈ।
ਇਥੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਵਿੰਨਰਜੀਤ ਸਿੰਘ ਗੋਲਡੀ ਅਤੇ ਬਰਨਾਲਾ ਤੋਂ ਕੁਲਵੰਤ ਸਿੰਘ ਕੰਤਾ ਦੇ ਹੱਕ ਵਿਚ ਚੋਣ ਇਕੱਠਾਂ ਨੁੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਵਿਚ ਬਦਲਾਅ ਲਿਆਉਣ ਦੀ ਗੱਲ ਕਰ ਰਿਹਾ ਹੈ। ਮੈਂ ਉਸਨੁੰ ਪੁੱਛਣਾ ਚਾਹੁੰਦਾ ਹਾਂ ਕਿ ਉਹ 117 ਵਿਚੋ 65 ਟਿਕਟਾਂ ਦਲਬਦਲੂਆਂ ਨੁੰ ਵੇਚ ਕੇ ਸੂਬੇ ਵਿਚ ਕੀ ਬਦਲਾਅ ਲਿਆਉਣ ਦੀ ਤਜਵੀਜ਼ ਰੱਖਦਾ ਹੈ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਕੇਜਰੀਵਾਲ ਸਿਰਫ ਸੱਤਾ ਵਾਸਤੇ ਪੰਜਾਬ ਨੁੰ ਇਕ ਪੌੜੀ ਵਜੋਂ ਵਰਤਦਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ 20 ਸੀਟਾਂ ਜਿੱਤਣ ਅਤੇ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਵਿਰੋਧੀ ਧਿਰ ਬਣਨ ਤੋਂ ਬਾਅਦ ਸਾਢੇ ਚਾਰ ਸਾਲਾਂ ਤੱਕ ਪੰਜਾਬ ਨਹੀਂ ਵੜਿ੍ਹਆ। ਉਸਦੀ ਹੁਣ ਪੰਜਾਬ ਨਾਲ ਕੋਈ ਵਚਨਬੱਧਤਾ ਨਹੀਂ ਹੈ। ਇਕ ਵਾਰ ਉਹ ਇਥੋਂ ਹਾਰ ਗਿਆ ਤਾਂ ਫਿਰ ਰਾਜਸਥਾਨ ਜਾਂ ਕਿਸੇ ਹੋਰ ਸੁਬੇ ਵਿਚ ਜਾ ਵੜ੍ਹੇਗਾ।
ਸਰਦਾਰ ਬਾਦਲ ਨੇ ਕਿਹਾ ਕਿ ਕੇਜਰੀਵਾਲ ਨੇ ਹਮੇਸ਼ਾ ਪੰਜਾਬ ਵਿਰੋਧੀ ਏਜੰਡਾ ਅਪਣਾਇਆ ਹੈ। ਉਹਨਾਂ ਦੱਸਿਆ ਕਿ ਕਿਵੇਂ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਦੇ ਕੇ ਮੰਗ ਕੀਤੀ ਕਿ ਪੰਜਾਬ ਦੇ ਦਰਿਆਈ ਪਾਣੀਆਂ ਵਿਚੋਂ ਹਰਿਆਣਾ ਤੇ ਦਿੱਲੀ ਨੁੰ ਹਿੱਸਾ ਦਿੱਤਾ ਜਾਵੇ। ਉਹਨਾਂ ਕਿਹਾ ਕਿ ਇਸੇ ਤਰੀਕੇ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਚਾਰ ਥਰਮਲ ਪਲਾਂਟ ਬੰਦ ਕਰਵਾਉਣ ਦੀ ਮੰਗ ਰੱਖੀ ਤੇ ਨਾਲ ਹੀ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਫੌਜਦਾਰੀ ਕੇਸ ਦਰਜ ਕਰਨ ਦੀ ਮੰਗ ਕੀਤੀ। ਅਸੀਂ ਅਜਿਹੀ ਪਾਰਟੀ ਨੁੰ ਆਪਣਾ ਭਵਿੱਖ ਨਹੀਂ ਸੌਂਪ ਸਕਦੇ।
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬੀਆਂ ਨੁੰ ਚੌਕਸ ਕੀਤਾ ਕਿ ਜੇਕਰ ਉਹਨਾਂ ਨੇ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਪ੍ਰਗਟ ਕੀਤਾ ਤਾਂ ਕੇਜਰੀਵਾਲ ਸਾਰੀਆਂ ਸਮਾਜ ਭਲਾਈ ਸਕੀਮਾਂ ਬੰਦ ਕਰ ਦੇਵੇਗਾ। ਉਹਨਾਂ ਕਿਹਾ ਕਿ ਬੁਢਾਪਾ ਪੈਨਸ਼ਨ, ਆਟਾ ਦਾਲ ਤੇ ਸ਼ਗਨ ਸਕੀਮ ਵਰਗੀਆਂ ਯੋਜਨਾਵਾਂ ਦਿੱਲੀ ਵਿਚ ਨਹੀਂ ਚਲ ਰਹੀਆਂ ਤੇ ਨਾ ਹੀ ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਕਿਸਾਨਾਂ ਨੁੰ ਮੁਫਤ ਬਿਜਲੀ ਦੇ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਮਹਿਲਾਵਾਂ ਲਈ ਜੋ 1000 ਰੁਪਏ ਪ੍ਰਤੀ ਮਹੀਨਾ ਅਤੇ 300 ਯੂਨਿਟ ਬਿਜਲੀ ਮੁਫਤ ਦੇਣ ਦਾ ਐਲਾਨ ਕੀਤਾ ਗਿਆ ਹੈ, ਉਹ ਦਿੱਲੀ ਵਿਚ ਲਾਗੂ ਨਹੀਂਹੈ। ਉਹਨਾਂ ਕਿਹਾ ਕਿ ਸਪਸ਼ਟ ਹੈ ਕਿ ਕੇਜਰੀਵਾਲ ਉਸੇ ਤਰੀਕੇ ਪੰਜਾਬੀਆਂ ਨੁੰ ਮੂਰਖ ਬਣਾਉਣਾ ਚਾਹ ਰਿਹਾ ਹੈ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ।
ਅਕਾਲੀ ਦਲ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਬੁਢਾਪਾ ਪੈਨਸ਼ਨ 1500 ਰੁਪਏ ਤੋਂ ਵਧਾ ਕੇ 3100 ਰੁਪਏ ਪ੍ਰਤੀ ਮਹੀਨਾ ਦਿਆਂਗੇ। ਕਮਜ਼ੋਰ ਵਰਗਾਂ ਦੀਆਂ ਧੀਆਂ ਲਈ ਵਿਆਹ ਮੌਕੇ ਸ਼ਗਨ ਸਕੀਮ ਦੀ ਰਾਸ਼ੀ ਵਧਾ ਕੇ 75000 ਰੁਪਏ ਕਰਾਂਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਕਾਂਗਰਸ ਸਰਕਾਰ ਵੱਲੋਂ ਜੋ ਨੀਲੇ ਕਾਰਡ ਕੱਟੇ ਗਏ ਹਨ, ਉਹ ਇਕ ਮਹੀਨੇ ਵਿਚ ਬਹਾਲ ਕੀਤੇ ਜਾਣਗੇ ਤੇ ਸਾਰੇ ਘਰੇਲੂ ਖਪਤਕਾਰਾਂ ਨੁੰ 400 ਯੁਨਿਟ ਪ੍ਰਤੀ ਮਹੀਨਾ ਬਿਜਲੀ ਮੁਫਤ ਦਿੱਤੀ ਜਾਵੇਗੀ।
ਸਰਦਾਰ ਬਾਦਲ ਨੇ ਜ਼ੋੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ ਪੰਜਾਬੀਆਂ ਨਾਲ ਕੀਤੇ ਵਾਅਦੇ ਹਮੇਸ਼ਾ ਨਿਭਾਏ ਹਨ ਭਾਵੇਂ ਉਹ ਕਿਸਾਨਾਂ ਨੰੁੰ ਮੁਫਤ ਬਿਜਲੀ ਦੇਣ ਦੀ ਗੱਲ ਹੋਵੇ ਜਾਂ ਫਿਰ ਸੁਬੇ ਨੁੰ ਬਿਜਲੀ ਸਰਪਲੱਸ ਬਣਾਉਣ ਦੀ ਹੋਵੇ। ਉਹਨਾਂ ਕਿਹਾ ਕਿ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਗਰੀਬੀ ਰੇਖਾ ਤੋਂ ਹੇਠਲੇ ਪਰਿਵਾਰਾਂ ਦੀ ਅਗਵਾਈ ਕਰਨ ਵਾਲੀਆਂ ਮਹਿਲਾਵਾਂ ਨੁੰ ਹਰ ਮਹੀਨੇ 2 ਹਜ਼ਾਰ ਰੁਪਏ ਦੀ ਸਹਾਇਤਾ ਦੇਵੇਗੀ, ਉਚੇਰੀ ਸਿੱਖਿਆ ਲਈ 10 ਲੱਖ ਰੁਪਏ ਦਾ ਸਟੂਡੈਂਟ ਕਾਰਡ, 10 ਲੱਖ ਦਾ ਮੈਡੀਕਲ ਬੀਮਾ, ਇਕ ਲੱਖ ਸਰਕਾਰੀ ਨੌਕਰੀਆਂ, 10 ਲੱਖ ਪ੍ਰਾਈਵੇਟ ਨੌਕਰੀਆਂ, ਬੇਘਰਿਆਂ ਨੁੰ ਪੰਜ ਲੱਖ ਘਰ ਅਤੇ ਲੋੜਵੰਦਾਂ ਨੂੰ ਪੰਜ ਹਜ਼ਾਰ ਪੰਜ ਪੰਜ ਮਰਲੇ ਦੇ ਪਲਾਟ ਹਰ ਹਲਕੇ ਵਿਚ ਦਿੱਤੇ ਜਾਣਗੇ। ਉਹਨਾਂ ਇਹ ਵੀ ਐਲਾਨ ਕੀਤਾ ਕਿ ਅਕਾਲੀ ਦਲ ਤੇ ਬਸਪਾ ਸਰਕਾਰ ਬਣਨ ’ਤੇ ਕਿਸਾਨਾਂ ਨੁੰ ਖੇਤੀਬਾੜੀ ਲਈ ਡੀਜ਼ਲ 10 ਰੁਪਏ ਪ੍ਰਤੀ ਲੀਟਰ ਸਸਤਾ ਦਿੱਤਾ ਜਾਵੇਗਾ। ਉਹਨਾਂ ਇਹ ਐਲਾਨ ਵੀ ਕੀਤਾ ਕਿ ਗਠਜੋੜ ਸਰਕਾਰ ਸਿਹਤ ਅਤੇ ਸਿੱਖਿਆ ’ਤੇ ਧਿਆਨ ਦੇੇਵਗੀ ਅਤੇ ਹਰ ਬਲਾਕ ਵਿਚ ਮੈਗਾ ਸਕੂਲ ਬਣਾਏ ਜਾਣਗੇ ਤਾਂ ਜੋ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਅਤੇ ਹਰ ਹਲਕੇ ਵਿਚ ਇਕ ਵੱਡਾ ਹਸਪਤਾਲ ਅਤੇ ਹਰ ਜ਼ਿਲ੍ਹੇ ਵਿਚ ਮੈਡੀਕਲ ਕਾਲਜ ਬਣਾਏ ਜਾਣਗੇ।