ਮਹਿਤਪੁਰ/21 ਮਈ: ਸ਼੍ਰੋਮਣੀ ਅਕਾਲੀ ਦਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਆਦਮਪੁਰ ਹਲਕੇ ਤੋਂ ਆਪ ਦੇ ਉਮੀਦਵਾਰ ਰਹਿ ਚੁੱਕੇ ਹੰਸ ਰਾਜ ਰਾਣਾ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋ ਗਏ।
ਅਕਾਲੀ ਦਲ ਦਾ ਲੜ ਫੜਦਿਆਂ ਆਪ ਆਗੂ ਨੇ ਕਿਹਾ ਕਿ ਉਹਨਾਂ ਦਾ ਆਪ ਤੋਂ ਪੂਰੀ ਤਰ•ਾਂ ਮੋਹ ਭੰਗ ਹੋ ਚੁੱਕਿਆ ਹੈ, ਕਿਉਂਕਿ ਇਸ ਦੀ ਲੀਡਰਸ਼ਿਪ ਨੇ ਆਦਰਸ਼ਵਾਦ ਦਾ ਮਖੌਟਾ ਪਾ ਕੇ ਭ੍ਰਿਸ਼ਟਾਚਾਰ ਦੀਆਂ ਸਭ ਹੱਦਾਂ ਮੁਕਾ ਦਿੱਤੀਆਂ ਸਨ। ਉਹਨਾਂ ਕਿਹਾ ਕਿ ਉਹ ਇਸ ਗੱਲ ਤੋਂ ਵੀ ਦੁਖੀ ਸਨ ਕਿ ਪਾਰਟੀ ਪੰਜਾਬੀਆਂ ਦੇ ਜਜ਼ਬਾਤਾਂ ਦੀ ਕਦਰ ਨਹੀਂ ਕਰਦੀ ਸੀ ਅਤੇ ਆਪ ਦੇ ਪੰਜਾਬ ਯੂਨਿਟ ਉੱਤੇ ਤਾਨਾਸ਼ਾਹੀ ਕੰਟਰੋਲ ਰੱਖਿਆ ਜਾਂਦਾ ਸੀ।
ਸ੍ਰੀ ਰਾਣਾ ਨੇ ਕਿਹਾ ਕਿ ਉਹ ਅਕਾਲੀ ਦਲ ਵਿਚ ਇਸ ਲਈ ਸ਼ਾਮਿਲ ਹੋਏ ਹਨ, ਕਿਉਂਕਿ ਇਹ ਹੀ ਇੱਕ ਅਜਿਹੀ ਪਾਰਟੀ ਹੈ, ਜਿਸ ਨੇ ਪੂਰੀ ਜ਼ਿੰਮੇਵਾਰੀ ਨਾਲ ਦਲਿਤ-ਪੱਖੀ ਸਕੀਮਾਂ ਲਾਗੂ ਕੀਤਾ ਸੀ। ਉਹਨਾਂ ਕਿਹਾ ਕਿ ਸਰਦਾਰ ਪਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀਆਂ ਸਾਰੀਆਂ ਅਨੁਸੂਚਿਤ ਜਾਤੀ ਭਲਾਈ ਸਕੀਮਾਂ, ਜਿਵੇਂ ਸ਼ਗਨ ਸਕੀਮ ਅਤੇ ਦਲਿਤ ਬੱਚਿਆਂ ਲਈ ਵਜ਼ੀਫਾ ਸਕੀਮ ਨੂੰ ਕਾਂਗਰਸ ਸਰਕਾਰ ਦੁਆਰਾ ਬੰਦ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਨੇ ਮੈਨੂੰ ਭਰੋਸਾ ਦਿਵਾਇਆ ਹੈ ਕਿ ਉਹ ਦਲਿਤਾਂ ਦੀ ਭਲਾਈ ਲਈ ਵਚਨਬੱਧ ਹਨ ਅਤੇ ਸੱਤਾ ਵਿਚ ਆਉਣ ਮਗਰੋਂ ਅਕਾਲੀ ਦਲ ਦਲਿਤਾਂ ਦੀ ਭਲਾਈ ਵਾਸਤੇ ਹੋਰ ਸਕੀਮਾਂ ਸ਼ੁਰੂ ਕਰੇਗਾ।
ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਹੰਸਰਾਜ ਰਾਣਾ ਦਾ ਅਕਾਲੀ ਦਲ ਵਿਚ ਸਵਾਗਤ ਕਰਦਿਆਂ ਕਿਹਾ ਕਿ ਉਹਨਾਂ ਦੀ ਸ਼ਮੂਲੀਅਤ ਨਾਲ ਅਕਾਲੀ ਦਲ ਦੁਆਬਾ ਖੇਤਰ ਵਿਚ ਹੋਰ ਮਜ਼ਬੂਤ ਹੋਵੇਗਾ। ਉਹਨਾਂ ਕਿਹਾ ਕਿ ਸ੍ਰੀ ਰਾਣਾ ਨੇ ਅਕਾਲੀ ਦਲ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ ਅਤੇ ਪਾਰਟੀ ਵਿਚ ਉਹਨਾਂ ਢੁੱਕਵਾਂ ਸਥਾਨ ਦਿੱਤਾ ਜਾਵੇਗਾ।
ਇਸ ਦੌਰਾਨ ਮੀਡੀਆ ਨਾਲ ਵੱਖਰੇ ਤੌਰ ਤੇ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਬਿਆਸ ਦਰਿਆ ਵਿਚ ਜ਼ਹਿਰਾਂ ਘੋਲਣ ਵਾਸਤੇ ਮੁੱਖ ਮੰਤਰੀ ਦੇ ਧਾਰਮਿਕ ਸਲਾਹਕਾਰ ਪਰਮਜੀਤ ਸਿੰਘ ਸਰਨਾ ਦੇ ਪਰਿਵਾਰ ਖ਼ਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਅਜੇ ਤਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਹੈ। ਉਹਨਾਂ ਕਿਹਾ ਕਿ ਵਾਤਾਰਵਰਣ ਮੰਤਰਾਲੇ ਨੂੰ ਤੁਰੰਤ ਵਾਤਾਵਰਣ ਅਤੇ ਜਲ ਜੀਵਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਇੱਕ ਕੇਂਦਰੀ ਟੀਮ ਭੇਜਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਪ੍ਰਦੂਸ਼ਿਤ ਪਾਣੀ ਨਾਲ ਮਨੁੱਖਾਂ ਵਾਸਤੇ ਪੈਦਾ ਹੋਏ ਨੁਕਸਾਨ ਦੇ ਖ਼ਤਰੇ ਦਾ ਵੱਖਰੇ ਤੌਰ ਤੇ ਜਾਇਜ਼ਾ ਲਿਆ ਜਾਣਾ ਚਾਹੀਦਾ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਪਵਨ ਕੁਮਾਰ ਟੀਨੂੰ ਹਾਜ਼ਿਰ ਸਨ।