ਅੰਮ੍ਰਿਤਸਰ, 4 ਜੂਨ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਸਰਦਾਰ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੁੰ ਅਪੀਲ ਕੀਤੀ ਹੈ ਕਿ 6 ਜੂਨ ਨੂੰ ਤੀਜੇ ਘੱਲੂਘਾਰੇ ਦੀ ਬਰਸੀ 'ਤੇ ਜੂਨ 1984 ਦੇ ਤੀਜੇ ਘੱਲੂਘਾਰੇ ਤੇ ਨਵੰਬਰ 84 ਦੇ ਸਿੱਖ ਕਤਲੇਆਮ ਲਈ ਇੰਦਰਾ ਗਾਂਧੀ, ਰਾਜੀਵ ਗਾਂਧੀ ਤੇ ਸੋਨੀਆ ਗਾਂਧੀ ਸਮੇਤ ਗਾਂਧੀ ਪਰਿਵਾਰ, ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਤੇ ਹੋਰ ਦੋਖੀਆਂ ਨੂੰ ਸਿੱਖ ਕੌਮ ਦਾ ਦੁਸ਼ਮਣ ਕਰਾਰ ਦੇਣ ਦਾ ਹੁਕਮਨਾਮਾ ਜਾਰੀ ਕੀਤਾ ਜਾਵੇ।
ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਵਲਟੋਹਾ ਨੇ ਕਿਹਾ ਕਿ ਹੁਣ ਤੱਕ ਸਿੱਖ ਕੌਮ ਨੇ ਤਿੰਨ ਘੱਲੂਘਾਰੇ ਝੱਲੇ ਹਨ। ਪਹਿਲਾ ਘੱਲੂਘਾਰਾ ਜਿਸਨੂੰ ਛੋਟਾ ਘੱਲੂਘਾਰਾ ਕਿਹਾ ਜਾਂਦਾ ਹੈ, ਉਹ 1746 ਵਿਚ ਵਾਪਰਿਆ ਜਿਸ ਵਿਚ 11000 ਸਿੰਘ ਸਿੰਘਣੀਆਂ ਤੇ ਬੱਚੇ ਸ਼ਹੀਦ ਹੋਏ। ਦੂਜਾ ਘੱਲੂਘਾਰਾ 1762 ਵਿਚ ਵਾਪਰਿਆ ਜਦੋਂ ਅਹਿਮਦ ਸ਼ਾਹ ਅਬਦਾਲੀ ਨੇ 30 ਤੋਂ 35 ਹਜ਼ਾਰ ਸਿੱਖਾਂ ਦਾ ਕਤਲੇਆਮ ਕੀਤਾ। ਉਹਨਾਂ ਕਿਹਾ ਕਿ ਚਾਹੇ ਅਹਿਮਦਸ਼ਾਹ ਅਬਦਾਲੀ, ਜ਼ਕਰੀਆ ਖਾਨ, ਯਹੀਆ ਖਾਂ, ਲਖਪਤ ਰਾਏ, ਮੀਰ ਮੰਨੂ, ਮੱਸੇ ਰੰਗੜ ਅਤੇ ਹਰੇਕ ਉਸ ਜ਼ਾਲਮ ਨੂੰ ਜਿਸਨੇ ਵੀ ਸਿੱਖਾਂ 'ਤੇ ਜ਼ੁਲਮ ਕੀਤੇ, ਉਹਨਾਂ ਨੂੰ ਸਿੱਖਾਂ ਦੇ ਦੁਸ਼ਮਣ ਦੇ ਤੌਰ 'ਤੇ ਜਾਣਿਆ ਜਾਂਦਾ ਹੈ।
ਉਹਨਾਂ ਕਿਹਾ ਕਿ ਆਜ਼ਾਦ ਹਿੰਦੋਸਤਾਨ ਵਿਚ ਦੇਸ਼ ਦੀ ਹਾਕਮ ਇੰਦਰਾ ਗਾਂਧੀ ਵੱਲੋਂ ਸਿੱਖਾਂ ਨੂੰ ਨੇਸਤੋ ਨਬੂਤ ਕਰਨ ਵਾਸਤੇ ਸ੍ਰੀ ਹਰਿਮੰਦਿਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਟੈਂਕਾਂ ਅਤੇ ਤੋਪਾਂ ਨਾਲ ਹਮਲਾ ਕਰ ਕੇ ਤੀਜਾ ਘੱਲੂਘਾਰਾ ਕੀਤਾ ਗਿਆ,
ਜਿਥੇ 20 ਹਜ਼ਾਰ ਸਿੰਘ ਸਿੰਘਣੀਆਂ ਤੇ ਬੱਚੇ ਫੌਜ ਵੱਲੋਂ ਗੋਲੀਆਂ ਮਾਰ ਕੇ ਸ਼ਹੀਦ ਕੀਤੇ ਗਏ,ਉਥੇ ਨਾਲ ਹੀ ਸਿੱਖਾਂ ਦੇ ਅਨਮੋਲ ਧਾਰਮਿਕ ਤੇ ਇਤਿਹਾਸਕ ਖ਼ਜ਼ਾਨੇ ਅਤੇ ਸਿੱਖ ਵਿਰਸੇ ਨੂੰ ਵੀ ਵੱਡੀ ਪੱਧਰ 'ਤੇ ਤਬਾਹ ਕੀਤਾ ਗਿਆ।
ਉਹਨਾਂ ਕਿਹਾ ਕਿ ਜੂਨ 1984 ਦੇ ਤੀਜੇ ਘੱਲੂਘਾਰੇ ਨੂੰ ਵਾਪਰੇ ਅੱਜ 37 ਸਾਲ ਦਾ ਸਮਾਂ ਬੀਤ ਗਿਆ ਹੈ ਪਰ ਹਾਲੇ ਤੱਕ ਇਸ ਘੱਲੂਘਾਰੇ ਲਈ ਦੋਸ਼ੀ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਨੂੰ ਸਿੱਖ ਕੌਮ ਦੇ ਦੁਸ਼ਮਣ ਕਰਾਰ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹਨਾਂ ਨੂੰ 1984 ਵਿਚ ਹੀ ਸਮੇਂ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਕੌਮ ਦੇ ਦੁਸ਼ਮਣ ਕਰਾਰ ਦੇ ਦਿੱਤਾ ਜਾਣਾ ਚਾਹੀਦਾ ਸੀ ਪਰ ਉਹਨਾਂ ਨੇ ਤੇ ਨਾ ਉਹਨਾਂ ਤੋਂ ਬਾਅਦ ਨਿਯੁਕਤ ਹੋਏ ਜਥੇਦਾਰਾਂ ਨੇ ਇਹਨਾਂ ਦੋਖੀਆਂ ਨੁੰ ਸਿੱਖ ਕੌਮ ਦੇ ਦੁਸ਼ਮਣ ਐਲਾਨਿਆ।
ਉਹਨਾਂ ਕਿਹਾ ਕਿ ਉਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦੇ ਹਨ ਕਿ ਫੌਰੀ ਤੌਰ 'ਤੇ ਇਹਨਾਂ ਤੇ ਹੋਰ ਪੰਥ ਦੋਖੀਆਂ ਨੁੰ ਸਿੱਖ ਕੌਮ ਦੇ ਦੁਸ਼ਮਣ ਐਲਾਨਿਆ ਜਾਵੇ।
ਉਹਨਾਂ ਕਿਹਾ ਕਿ ਅਕਾਲੀ ਦਲ ਅਤੇ ਪੰਥ ਵੱਲੋਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਕਈ ਮੋਰਚੇ ਲਗਾਏ ਗਏ ਪਰ ਧਰਮਯੁੱਧ ਮੋਰਚੇ ਦੌਰਾਨ 1984 ਦੀਆਂ ਲੋਕ ਸਭਾ ਚੋਣਾਂ ਜਿੱਤਣ ਲਈ ਇੰਦਰਾ ਗਾਂਧੀ ਤੇ ਕਾਂਗਰਸ ਪਾਰਟੀ ਵੱਲੋਂ ਦੇਸ਼ ਦੇ ਬਾਕੀ ਲੋਕਾਂ ਅੰਦਰ ਸਿੱਖਾਂ ਦਾ ਹਊਆ ਖੜ੍ਹਾ ਕੀਤਾ ਗਿਆ। ਸਿੱਖਾਂ ਨੂੰ ਅਤਿਵਾਦੀ, ਵੱਖਵਾਦੀ, ਜ਼ਾਲਮ, ਕਾਤਲ ਦੇ ਤੌਰ 'ਤੇ ਇਕ ਗਿਣੀ ਮਿਥੀ ਸਾਜ਼ਿਸ਼ ਦੇ ਤਹਿਤ ਵੱਡੇ ਪੱਧਰ 'ਤੇ ਪ੍ਰਚਾਰਿਆ ਗਿਆ ਤੇ ਇਸੇ ਧਰੁਵੀਕਰਨ ਦੇ ਮਕਸਦ ਨਾਲ ਸਿੱਖ ਵਿਰੋਧੀ ਹੋਣ ਦਾ ਪੱਤਾ ਖੇਡ ਕੇ ਦੁਨੀਆਂ ਦੇ ਸਭ ਤੋਂ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ 'ਤੇ ਟੈਂਕਾਂ ਤੇ ਤੋਪਾਂ ਨਾਲ ਹਮਲਾ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਹਮਲੇ ਦੌਰਾਨ ਸ੍ਰੀ ਹਰਿਮੰਦਿਰ ਸਾਹਿਬ ਅੰਦਰ ਪ੍ਰਕਾਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਇਤਿਹਾਸਕ ਸਰੂਪ ਵਿਚ ਵੀ ਗੋਲੀਆ ਵੱਜੀਆਂ ਅਤੇ ਤਾਬਿਆ ਬੈਠੇ ਗ੍ਰੰਥੀ ਸਿੰਘ ਤੇ ਕੀਰਤਨ ਦੀ ਮਰਿਆਦਾ ਨਿਭਾਉਂਦੇ ਹੋਏ ਰਾਗੀ ਸਿੰਘ ਸ਼ਹੀਦ ਹੋਏ ਜਿਹਨਾਂ ਪਵਿੱਤਰ ਰੂਹਾਂ ਨੂੰ ਅਸੀਂ ਅੱਜ ਵੀ ਨਮਨ ਕਰਦੇ ਹਾਂ।
ਉਹਨਾਂ ਕਿਹਾ ਕਿ 1984 ਦੇ ਜ਼ਖ਼ਮ ਨਾ ਕਦੇ ਭਰੇ ਸਨ ਤੇ ਨਾ ਹੀ ਭਰੇ ਜਾ ਸਕਦੇ ਹਨ। ਉਹਨਾਂ ਕਿਹਾ ਕਿ ਇਹ ਪੀੜਾ ਅਕਹਿ ਤੇ ਅਸਹਿ ਹੈ।
ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਅੱਜ ਪੰਜਾਬ ਦੀ ਧਰਤੀ 'ਤੇ ਇਥੋਂ ਤੱਕ ਸ੍ਰੀ ਅੰਮ੍ਰਿਤਸਰ ਸਾਹਿਬ ਵਿਚ ਵੀ ਇੰਦਰਾ ਗਾਂਧੀ ਤੇ ਸਿੱਖਾਂ ਦੇ ਸਭ ਤੋਂ ਵੱਡੇ ਦੁਸ਼ਮਣ ਰਾਜੀਵ ਗਾਂਧੀ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਹਨ ਜੋ ਕਿ ਬੇਹੱਦ ਮੰਦਭਾਗਾ ਹੈ।
ਉਹਨਾਂ ਕਿਹਾ ਕਿ ਆਜ਼ਾਦ ਭਾਰਤ ਵਿਚ ਕਦੇ ਵੀ ਕਾਂਗਰਸ ਨੂੰ ਲੋਕ ਸਭਾ ਚੋਣਾਂ ਵਿਚ 350 ਤੋਂ ਜ਼ਿਆਦਾ ਸੀਟਾਂ ਨਹੀਂ ਮਿਲੀਆਂ ਪਰ 1984 ਵਿਚ ਸਿੱਖਾਂ ਦੀ ਨਸਲਕੁਸ਼ੀ ਕਰ ਕੇ ਕਾਂਗਰਸ ਨੇ ਦੇਸ਼ ਵਿਚ ਸਿੱਖ ਵਿਰੋਧੀ ਧਰੁਵੀਕਰਨ ਦੇ ਬਲਬੂਤੇ 450 ਸੀਟਾਂ ਜਿੱਤੀਆਂ।