ਮੁੱਖ ਮੰਤਰੀ ਦੱਸਣ ਕਿ ਅੰਸਾਰੀ ਨੁੰ ਪੰਜਾਬ ਦੀਆਂ ਜੇਲ੍ਹਾ ਵਿਚ ਵੀ ਵੀ ਆਈ ਪੀ ਸਹੂਲਤ ਕਿਉਂ ਦਿੱਤੀ ਗਈ : ਡਾ. ਦਲਜੀਤ ਸਿੰਘ ਚੀਮਾ
ਚੰਡੀਗੜ੍ਹ 5 ਅਪ੍ਰੈਲ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅੰਡਰ ਵਰਲਡ ਡਾਨ ਮੁਖਤਿਆਰ ਅੰਸਾਰੀ ਨੂੰ ਦਿੱਤੀ ਗਈ ਸਿਆਸੀ ਸ਼ਰਣ ਅਤੇ ਉਸਨੁੰ ਅਦਾਲਤ ਲਿਜਾਣ ਲਈਪ੍ਰਾਈਵੇਟ ਐਂਬੂਲੈਂਸ ਸਮੇਤ ਗੈਰ ਕਾਨੂੰਨੀ ਸਹੂਲਤਾਂ ਦੇਣ ਦੀ ਉਚ ਪੱਧਰੀ ਨਿਰਪੰਖ ਜਾਂਚ ਦੀ ਮੰਗ ਕੀਤੀ ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਿਸ ਤਰੀਕੇ ਮੁਖਤਿਆਰ ਅੰਸਾਰੀ ਨੂੰ ਪਹਿਲਾਂ ਰੋਪੜ ਜੇਲ੍ਹ ਆਨੇ ਬਹਾਨੇ ਦੋ ਸਾਲ ਤੱਕ ਵੀ ਆਈ ਪੀ ਸਹੂਲਤ ਦਿੱਤੀ ਜਾਂਦੀ ਰਹੀ ਅਤੇ ਪੰਜਾਬ ਸਰਕਾਰ ਨੇ ਦੇਸ਼ ਦੇ ਚੋਟੀ ਦੇ ਵਕੀਲ ਕਰ ਕੇ ਅਦਾਲਤ ਵਿਚ ਇਸਨੂੰ ਸਹੀ ਵੀ ਠਹਿਰਾਇਆ, ਉਸਨੇ ਸਾਰੇ ਪੰਜਾਬੀਆਂ ਨੁੰ ਹੈਰਾਨ ਕਰ ਦਿੱਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਹ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਨੇ ਸਾਰੇ ਨਿਯਮਾਂ ਦੀ ਉਲੰਘਣਾ ਕਰ ਕੇ ਅੰਸਾਰੀ ਨੂੰ ਰੋਪੜ ਜੇਲ੍ਹ ਤੋਂ ਮੁਹਾਲੀ ਅਦਾਲਤ ਤੱਕ ਲਿਜਾਣ ਲਈ ਪ੍ਰਾਈਵੇਟ ਐਂਬੂਲੈਂਸ ਦੀ ਵਰਤੋਂ ਦੀ ਆਗਿਆ ਦਿੱਤੀ। ਉਹਨਾਂ ਕਿਹਾ ਕਿ ਇਹ ਐਂਬੂਲੈਂਸ ਹੁਣ ਰੋਪੜ ਨੇੜੇ ਲਾਵਾਰਸ ਖੜ੍ਹੀ ਪਾਈ ਗਈ ਹੈ।
ਡਾ. ਚੀਮਾ ਨੇ ਕਿਹਾ ਕਿ ਇਸ ਨਾਲ ਯੂ ਪੀ ਪੁਲਿਸ ਦੇ ਇਹਨਾਂ ਦਾਅਵਿਆਂ ਨੁੰ ਬੱਲ ਮਿਲਿਆ ਹੈ ਕਿ ਪੰਜਾਬ ਸਰਕਾਰ ਅੰਸਾਰੀ ’ਤੇ ਮਿਹਰਬਾਨ ਸੀ ਤੇ ਉਸਨੁੰ ਹਰ ਸੰਭਵ ਤਰੀਕੇ ਸਹੂਲਤਾਂ ਦੇਣ ਦੇ ਹੁਕਮ ਉਪਰੋਂ ਆ ਰਹੇ ਸੀ। ਉਹਨਾਂ ਕਿਹਾ ਕਿ ਇਸ ਗੱਲ ਦਾ ਕੋਈ ਜਵਾਬ ਨਹੀਂ ਹੋ ਸਕਦਾ ਕਿ ਪੰਜਾਬ ਪੁਲਿਸ ਨੇ ਅੰਸਾਰੀ ਨੁੰ ਇਕ ਪ੍ਰਾਈਵੇਟ ਐਂਬੂਲੈਂਸ ਜੋ ਕਿ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਰਜਿਸਟਰਡ ਸੀ, ਵਰਤਣ ਦੀ ਆਗਿਆ ਕਿਵੇਂ ਦਿੱਤੀ। ਉਹਨਾਂ ਕਿਹਾ ਕਿ ਇਸ ਪਿੱਛੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਤੇ ਕਿਸੇ ਕੇਂਦਰੀ ਏਜੰਸੀ ਦੀ ਨਿਰਪੱਖ ਜਾਂਚ ਨਾਲ ਹੀ ਇਸਨੂੰ ਬੇਨਕਾਬ ਕੀਤਾ ਜਾ ਸਕਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਕਿ ਅੰਸਾਰੀ ਨੁੰ ਵੀ ਵੀ ਆਈ ਪੀ ਸਹੂਲਤਾਂ ਕਿਉਂ ਦਿੱਤੀਆਂ ਗਈਆਂ ਤੇ ਕਿਉਂ ਪੰਜਾਬ ਸਰਕਾਰ ਆਨੇ ਬਹਾਨੇ ਉਸਦਾ ਯੂ ਪੀ ਤਬਾਦਲਾ ਕਰਨ ਤੋਂ ਟਲਦੀ ਰਹੀ ਜਦਕਿ ਅੰਸਾਰੀ ਉਥੇ ਕਈ ਘਿਨੌਣੇ ਅਪਰਾਧਾਂ ਵਿਚ ਲੋੜੀਂਦਾ ਹੈ। ਉਹਨਾਂ ਕਿਹਾ ਕਿਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦਹੀ ਹੈ। ਪੰਜਾਬੀ ਇਸਦਾ ਜਵਾਬ ਚਾਹੁੰਦੇ ਹਨ ਕਿ ਅੰਸਾਰੀ ਨੂੰ ‘ਇਕ ਅੰਸਾਰੀ’ ਨਾ ਕਿ ਮੁਖਤਿਆਰ ਅੰਸਾਰੀ ਦੇ ਨਾਂ ’ਤੇ ਦਰਜ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਗ੍ਰਿਫਤਾਰ ਕਿਉਂ ਕੀਤਾ ਗਿਆ ਸੀ। ਪੰਜਾਬੀ ਇਹ ਵੀ ਜਾਨਣਾ ਚਾਹੁੰਦੇ ਹਨ ਕਿ ਅੰਸਾਰੀ ਨੂੰ ਖੁੱਲ੍ਹੀ ਛੋਟ ਕਿਉਂ ਦਿੱਤੀ ਗਈ ਤੇ ਕਿਉਂ ਉਸਦੀ ਮੈਡੀਕਲ ਹਾਲਤ ਦਾ ਪਤਾ ਲਾਉਦ ਲਈ ਨਿਰਪੱਖ ਮੈਡੀਕਲ ਬੋਰਡ ਕਿਉਂ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕਿ ਅੰਸਾਰੀ ਵੱਲੋਂ ਪ੍ਰਾਈਵੇਟ ਐਂਬੂਲੈਂਸ ਦੀ ਵਰਤੋਂ ਤੇ ਇਸਦੇ ਪਿੱਛੇ ਲੁਕੇ ਅਸਲ ਮੰਤਵ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ।