ਬਿਕਰਮ
ਮਜੀਠੀਆ ਨੇ ਕਿਹਾ ਕਿ ਦਾਖਾ ਅਤੇ ਜਲਾਲਾਬਾਦ ਦੇ ਰੋਡ ਸ਼ੋਅ ਫਲਾਪ ਹੋਣ ਮਗਰੋਂ ਚੱਲੀ
ਦੂਸ਼ਣਬਾਜ਼ੀ ਦੀ ਖੇਡ ਨੇ ਰਾਣਾ ਸੋਢੀ ਅਤੇ ਰਾਜਾ ਵੜਿੰਗ ਨੂੰ ਜਨਤਕ ਤੌਰ ਤੇ ਜਲੀਲ ਕੀਤਾ
ਕਿਹਾ ਕਿ ਇੱਕ ਕੈਬਨਿਟ ਮੰਤਰੀ ਵੱਲੋਂ ਸਮੁੱਚੀ ਕੈਬਨਿਟ ਦਲਿਤ-ਵਿਰੋਧੀ ਕਰਾਰ ਦੇਣ ਮਗਰੋਂ ਮੁੱਖ ਮੰਤਰੀ ਦਲਿਤਾਂ ਤੋਂ ਪਾਸਾ ਵੱਟ ਰਿਹਾ ਹੈ
ਚੰਡੀਗੜ੍ਹ/16
ਅਕਤੂਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਦਾਖਾ ਦੇ ਲੋਕਾਂ ਵੱਲੋਂ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੂੰ ਨਕਾਰੇ ਜਾਣ ਮਗਰੋਂ, ਹੁਣ ਮੁੱਖ ਮੰਤਰੀ ਵੱਲੋਂ ਦਾਖਾ ਅਤੇ
ਜਲਾਲਾਬਾਦ ਵਿਖੇ ਰੋਡ ਸ਼ੋਆਂ ਦੌਰਾਨ ਭੀੜ ਜੁਟਾਉਣ ਵਿਚ ਨਾਕਾਮ ਰਹਿਣ ਲਈ ਮੰਤਰੀਆਂ ਅਤੇ
ਸਲਾਹਕਾਰਾਂ ਨੂੰ ਨਕਾਰਿਆ ਜਾ ਰਿਹਾ ਹੈ।
ਇੱਥੇ
ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ
ਕਿ ਪੰਜਾਬੀਆਂ ਵੱਲੋਂ ਮੁੱਖ ਮੰਤਰੀ ਦੇ ਕੀਤੇ ਮੁਕੰਮਲ ਬਾਈਕਾਟ ਕਰਕੇ ਮੁੱਖ ਮੰਤਰੀ ਦੇ
ਇੱਕ ਪੁਰਾਣੇ ਨਜ਼ਦੀਕੀ ਅਤੇ ਸੀਨੀਅਰ ਮੰਤਰੀ ਰਾਣਾ ਸੋਢੀ ਨੂੰ ਅੱਜ ਪੁਲਿਸ ਕਰਮੀਆਂ ਨੇ
ਮੁੱਖ ਮੰਤਰੀ ਦੀ ਕਾਰ ਵਿਚ ਨਹੀਂ ਵੜਣ ਦਿੱਤਾ। ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ
ਮੰਤਰੀ ਨੂੰ ਸ਼ਰੇਆਮ ਜਲੀਲ ਕੀਤਾ ਅਤੇ ਮੁੱਖ ਮੰਤਰੀ ਦੀ ਕਾਰ 'ਚ ਚੜ੍ਹਣ ਲਈ ਉਸ ਦੀਆਂ
ਮਿੰਨਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ। ਉਹਨਾਂ ਕਿਹਾ ਕਿ ਇਸ ਤਰ੍ਹਾਂ ਇੱਕ
ਤਾਜ਼ਾ ਨਿਯੁਕਤ ਕੀਤੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਵੀ ਮੁੱਖ ਮੰਤਰੀ ਦੇ
ਕਾਫਲੇ ਤੋਂ ਦੂਰ ਰਹਿਣ ਅਤੇ ਇਸ ਦੇ ਨਜ਼ਦੀਕ ਨਾ ਆਉਣ ਲਈ ਕਹਿ ਦਿੱਤਾ ਗਿਆ।
ਸਰਦਾਰ
ਮਜੀਠੀਆ ਨੇ ਕਿਹਾ ਕਿ ਇਹ ਸਭ ਦਾਖਾ ਦੇ ਲੋਕਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੇ ਰੋਡ
ਸ਼ੋਅ ਦੇ ਕੀਤੇ ਮੁਕੰਮਲ ਬਾਈਕਾਟ ਅਤੇ ਅਗਾਂਊ ਪਹੁੰਚੀ ਇਹ ਸੂਚਨਾ ਕਿ ਅੱਜ ਮੁੱਖ ਮੰਤਰੀ ਦੇ
ਜਲਾਲਾਬਾਦ ਵਿਖੇ ਰੋਡ ਸ਼ੋਅ ਦੌਰਾਨ ਕੋਈ ਵੀ ਸਵਾਗਤ ਕਰਨ ਲਈ ਸੜਕਾਂ ਤੇ ਨਹੀਂ ਆਇਆ ਹੈ,
ਮਗਰੋਂ ਕਾਂਗਰਸ ਪਾਰਟੀ ਅੰਦਰ ਚੱਲੀ ਦੂਸ਼ਣਬਾਜ਼ੀ ਦੀ ਖੇਡ ਕਰਕੇ ਵਾਪਰਿਆ। ਉਹਨਾਂ ਕਿਹਾ ਕਿ
ਸਾਫ ਹੈ ਕਿ ਮੁੱਖ ਮੰਤਰੀ ਸੋਚਦਾ ਹੈ ਕਿ ਉਸ ਦੇ ਮੰਤਰੀ ਅਤੇ ਸਲਾਹਕਾਰ ਉਸ ਵਾਸਤੇ ਭੀੜ
ਇਕੱਠੀ ਕਰਨ ਵਿਚ ਨਾਕਾਮ ਹੋ ਰਹੇ ਹਨ ਅਤੇ ਸਿਰਫ ਆਪਣੇ ਕੰਮ ਕਢਵਾਉਣ ਵਿਚ ਦਿਲਚਸਪੀ ਰੱਖਦੇ
ਹਨ। ਉਹਨਾਂ ਕਿਹਾ ਕਿ ਇਹੀ ਵਜ੍ਹਾ ਹੈ ਕਿ ਮੁੱਖ ਮੰਤਰੀ ਦੇ ਸੁਰੱਖਿਆ ਕਰਮੀਆਂ ਨੇ ਰਾਣਾ
ਸੋਢੀ ਅਤੇ ਰਾਜਾ ਵੜਿੰਗ ਨੂੰ ਜਨਤਕ ਤੌਰ ਤੇ ਝਾੜ ਪਾਈ ਅਤੇ ਮੁੱਖ ਮੰਤਰੀ ਤੋਂ ਦੂਰ ਰਹਿਣ
ਲਈ ਕਹਿ ਦਿੱਤਾ।
ਇਹ
ਟਿੱਪਣੀ ਕਰਦਿਆਂ ਕਿ ਇਹ ਸਭ ਅੱਗੇ ਵਾਪਰਨ ਵਾਲੀਆਂ ਘਟਨਾਵਾਂ ਦੀ ਨਿਸ਼ਾਨੀ ਹੈ, ਅਕਾਲੀ
ਆਗੂ ਨੇ ਕਿਹਾ ਕਿ ਕੱਲ੍ਹ ਮੁੱਖ ਮੰਤਰੀ ਦਾਖਾ ਵਿਚ ਖਾਲੀ ਸੜਕਾਂ ਉੱਤੋਂ ਦੀ ਲੰਘਿਆ ਸੀ
ਅਤੇ ਅੱਜ ਜਲਾਲਾਬਾਦ ਦੇ ਲੋਕਾਂ ਨੇ ਉਸ ਵੱਲ ਪਿੱਠ ਘੁਮਾ ਲਈ। ਉਹਨਾਂ ਕਿਹਾ ਕਿ ਜਿਵੇ
ਦਾਖਾ ਵਿਚ ਹੋਇਆ ਸੀ, ਜਲਾਲਾਬਾਦ ਵਿਚ ਵੀ ਕਾਂਗਰਸ ਪਾਰਟੀ ਨੂੰ ਮੁੱਖ ਮੰਤਰੀ ਦੇ ਕਾਫ਼ਲੇ
ਉਤੇ ਫੁੱਲ ਸੁੱਟਣ ਲਈ ਪੁਲਿਸ ਕਰਮੀਆਂ ਦੀ ਡਿਊਟੀ ਲਾਉਣੀ ਪਈ ਅਤੇ ਇਹ ਅਖੌਤੀ ਰੋਡ ਸ਼ੋਅ
ਪੰਜਾਬ ਆਰਮਡ ਪੁਲਿਸ ਦੀ ਪਰੇਡ ਜਾਪ ਰਿਹਾ ਸੀ। ਇਹਨਾਂ ਦੋਵੇਂ ਰੋਡ ਸ਼ੋਆਂ ਦੀ ਅਸਫਲਤਾ ਤੋਂ
ਬਾਅਦ ਸਪੱਸ਼ਟ ਹੋ ਗਿਆ ਹੈ ਕਿ ਦਾਖਾ ਅਤੇ ਜਲਾਲਾਬਾਦ ਦੇ ਵੋਟਰਾਂ ਨੇ ਕਾਂਗਰਸ ਨੂੰ ਪੂਰੀ
ਤਰ੍ਹਾਂ ਨਕਾਰ ਦਿੱਤਾ ਹੈ ਅਤੇ ਉਹ ਪੰਜਾਬ ਅੰਦਰ ਕਾਂਗਰਸ ਪਾਰਟੀ ਦੇ ਕਫ਼ਨ 'ਚ ਆਖਰੀ ਕਿੱਲ
ਠੋਕਣਗੇ।
ਸਰਦਾਰ
ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਇਹਨਾਂ ਨਕਲੀ ਰੋਡ ਸ਼ੋਆਂ ਦਾ ਸਹਾਰਾ ਇਸ ਲਈ ਲੈ ਰਿਹਾ
ਹੈ, ਕਿਉਂਕਿ ਉਹ ਲੋਕਾਂ ਦਾ ਸਾਹਮਣਾ ਨਹੀਂ ਕਰ ਸਕਦਾ ਅਤੇ ਉਹਨਾਂ ਨੂੰ ਇਸ ਗੱਲ ਦਾ
ਜੁਆਬ ਨਹੀਂ ਦੇ ਸਕਦਾ ਕਿ ਉਸ ਨੇ ਪਾਵਨ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਦੇ ਚਰਨਾਂ ਦੀ ਸਹੁੰ ਖਾ ਕੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਿਉਂ ਨਹੀਂ ਕੀਤੇ ਹਨ?
ਉਹਨਾਂ ਕਿਹਾ ਕਿ ਪੰਜਾਬ ਕੈਬਨਿਟ ਦੀ ਦਲਿਤਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਅਤੇ ਉਹਨਾਂ
ਨੂੰ ਵਧੇਰੇ ਰੁਜ਼ਗਾਰ ਦੇਣ 'ਚ ਨਾਕਾਮੀ ਮਗਰੋਂ ਮੁੱਖ ਮੰਤਰੀ ਦਲਿਤਾਂ ਦਾ ਵੀ ਸਾਹਮਣਾ ਕਰਨ
ਤੋਂ ਟਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੁੱਦੇ ਨੂੰ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ
ਨੇ ਇਹ ਕਹਿ ਕੇ ਉਭਾਰਿਆ ਸੀ ਕਿ ਅਨੁਸੂਚਿਤ ਜਾਤੀਆਂ ਦੇ ਉਮੀਦਵਾਰਾਂ ਲਈ ਵਧੇਰੇ ਨੌਕਰੀਆਂ
ਪੈਦਾ ਕਰਨ ਦਾ ਸਮੁੱਚੀ ਕੈਬਨਿਟ ਨੇ ਇੱਕਸੁਰ ਵਿਚ ਵਿਰੋਧ ਕੀਤਾ ਸੀ। ਉਹਨਾਂ ਕਿਹਾ ਕਿ
ਕਿੰਨੇ ਦੁੱਖ ਦੀ ਗੱਲ ਹੈ ਕਿ ਧਰਮਸੋਤ ਵਰਗੇ ਕੈਬਨਿਟ ਮੰਤਰੀ ਅਜੇ ਵੀ ਕੈਬਨਿਟ ਨੂੰ
ਚਿੰਬੜੇ ਬੈਠੇ ਹਨ ਅਤੇ ਕਾਂਗਰਸ ਪਾਰਟੀ ਦੇ ਬਾਕੀ ਸੀਨੀਅਰ ਦਲਿਤ ਆਗੂ ਵੀ ਆਪਣੇ ਦਲਿਤ
ਭਰਾਵਾਂ ਦੇ ਹੱਕਾਂ ਦੀ ਰਾਖੀ ਲਈ ਆਵਾਜ਼ ਨਹੀਂ ਉਠਾ ਰਹੇ ਹਨ।
ਅਕਾਲੀ
ਆਗੂ ਨੇ ਕਿਹਾ ਕਿ ਇਸੇ ਤਰ੍ਹਾਂ ਮੁੱਖ ਮੰਤਰੀ ਖ਼ਿਲਾਫ ਇਸ ਗੱਲ ਨੂੰ ਲੈ ਕੇ ਵੀ ਬਹੁਤ
ਗੁੱਸਾ ਹੈ ਕਿ ਮੁੱਲਾਂਪੁਰ ਦਾਖਾ ਵਿਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਇੱਕ
ਅੰਮ੍ਰਿਤਧਾਰੀ ਨੌਜਵਾਨ ਦੇ ਕੱਕਾਰਾਂ ਦੀ ਕੀਤੀ ਬੇਅਦਬੀ ਮਗਰੋਂ ਵੀ ਕੈਪਟਨ ਉਸ ਸਿੱਖ
ਨੌਜਵਾਨ ਦੀ ਮੱਦਦ ਲਈ ਨਹੀਂ ਬਹੁੜਿਆ ਹੈ। ਉਹਨਾਂ ਕਿਹਾ ਕਿ ਸਿੱਖ ਹੈਰਾਨ ਹਨ ਕਿ ਕੈਪਟਨ
ਅਮਰਿੰਦਰ ਸਿੰਘ ਆਪਣੇ ਇੱਕ ਮੰਤਰੀ ਨੂੰ ਬਚਾਉਣ ਲਈ ਆਪਣੇ ਭਾਈਚਾਰੇ ਨੂੰ ਛੱਡ ਰਿਹਾ ਹੈ
ਅਤੇ ਦਸ਼ਮੇਸ਼ ਪਿਤਾ ਵੱਲੋਂ ਸਿੱਖਾਂ ਨੂੰ ਦਿੱਤੀ 'ਦਸਤਾਰ' ਦੇ ਸਨਮਾਨ ਦੀ ਰਾਖੀ ਕਰਨ ਤੋਂ
ਇਨਕਾਰ ਕਰ ਰਿਹਾ ਹੈ।