ਇਸ ਨੂੰ ਵਿਦਿਆਰਥੀਆਂ ਉਤੇ ਅੱਤਿਆਚਾਰ ਕਰਾਰ ਦਿੰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਮਾਜ ਭਲਾਈ ਮੰਤਰੀ ਅਤੇ ਵਿੱਤ ਮੰਤਰੀ ਖ਼ਿਲਾਫ ਕੇਸ ਦਰਜ ਕੀਤੇ ਜਾਣ
ਕਿਹਾ ਕਿ ਪੰਜਾਬ ਯੂਨੀਵਰਸਿਟੀ ਅਤੇ ਹੋਰ ਸਰਕਾਰੀ ਤੇ ਪ੍ਰਾਈਵੇਟ ਸੰਸਥਾਨਾਂ ਵੱਲੋਂ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਨਾ ਦੇ ਕੇ ਉਹਨਾਂ ਦਾ ਕਰੀਅਰ ਖਰਾਬ ਕੀਤਾ ਜਾ ਰਿਹਾ ਹੈ
ਦਲਿਤ ਭਾਈਚਾਰੇ ਨੂੰ ਇਸ ਬੇਇਨਸਾਫੀ ਖ਼ਿਲਾਫ ਇੱਕਜੁਟ ਹੋਣ ਲਈ ਆਖਿਆ
ਚੰਡੀਗੜ੍ਹ/08 ਅਪ੍ਰੈਲ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਉਹਨਾਂ ਦੋ ਲੱਖ ਦਲਿਤ ਵਿਦਿਆਰਥੀਆਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਵਿਵਹਾਰ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਇਆ, ਜਿਹਨਾਂ ਨੂੰ ਇਸ ਲਈ ਪ੍ਰੀਖਿਆ ਵਿਚ ਬੈਠਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਡਿਗਰੀਆਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਦਲਿਤ ਵਿਦਿਆਰਥੀਆਂ ਦੀ ਬਕਾਇਆ ਰਹਿੰਦੀ ਵਜ਼ੀਫਾ ਫੀਸ ਇਹਨਾਂ ਵਿਦਿਅਕ ਅਦਾਰਿਆਂ ਕੋਲ ਜਮ੍ਹਾਂ ਨਹੀਂ ਕਰਵਾਈ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਇਹਨਾਂ ਵਿਦਿਆਰਥੀਆਂ ਨੂੰ ਇਸ ਲਈ ਪਰੇਸ਼ਾਨੀ ਝੱਲਣੀ ਪੈ ਰਹੀ ਹੈ, ਕਿਉਂਕਿ ਕਾਂਗਰਸ ਸਰਕਾਰ ਨੇ ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਦਲਿਤ ਵਿਦਿਆਰਥੀਆਂ ਲਈ ਦਿੱਤੇ ਤਕਰੀਬਨ 500 ਕਰੋੜ ਰੁਪਏ ਅਜੇ ਜਾਰੀ ਨਹੀਂ ਕੀਤੇ ਹਨ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ 2 ਹਜ਼ਾਰ ਦਲਿਤ ਵਿਦਿਆਰਥੀਆਂ ਨੂੰ ਇਸ ਲਈ ਡਿਗਰੀਆਂ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ, ਕਿਉਂਕਿ ਸਰਕਾਰ ਨੇ ਇਹਨਾਂ ਵਿਦਿਆਰਥੀਆਂ ਦੀ ਫੀਸ ਵਜੋਂ ਯੂਨੀਵਰਸਿਟੀ ਨੂੰ 10 ਕਰੋੜ ਰੁਪਏ ਨਹੀਂ ਦਿੱਤੇ ਹਨ।
ਇਹ ਕਹਿੰਦਿਆਂ ਕਿ ਸਰਕਾਰ ਦਾ ਅਜਿਹਾ ਲਾਪਰਵਾਹੀ ਵਾਲਾ ਵਤੀਰਾ ਦਲਿਤ ਵਿਦਿਆਰਥੀਆਂ ਉਤੇ ਅੱਤਿਆਚਾਰ ਢਾਹੁਣ ਦੇ ਬਰਾਬਰ ਹੈ, ਸਰਦਾਰ ਬਾਦਲ ਨੇ ਕਿਹਾ ਕਿ ਸਕਾਲਰਸ਼ਿਪ ਦੀ ਰਾਸ਼ੀ ਸਮੇਂ ਸਿਰ ਵਿਦਿਅਕ ਸੰਸਥਾਨਾਂ ਕੋਲ ਜਮ੍ਹਾਂ ਨਾ ਕਰਵਾਉਣ ਲਈ ਜ਼ਿੰਮੇਵਾਰ ਅਧਿਕਾਰੀਆਂ, ਐਸਸੀ ਅਤੇ ਬੀਸੀ ਭਲਾਈ ਮੰਤਰੀ ਅਤੇ ਵਿੱਤ ਮੰਤਰੀ ਖ਼ਿਲਾਫ ਕੇਸ ਦਰਜ ਕੀਤੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਕਿ ਇਸ ਸਾਲ ਫਰਵਰੀ ਵਿਚ ਐਸਸੀ ਸਕਾਲਰਸ਼ਿਪ ਸਕੀਮ ਤਹਿਤ ਕੇਂਦਰ ਸਰਕਾਰ ਕੋਲੋਂ ਹਾਸਿਲ ਕੀਤੇ 270 ਕਰੋੜ ਰੁਪਏ ਦੀ ਦੁਰਵਰਤੋ ਕਰਨ ਲਈ ਕੇਂਦਰ ਵੱਲੋਂ ਕਾਂਗਰਸ ਸਰਕਾਰ ਖ਼ਿਲਾਫ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਦਲਿਤ ਵਜ਼ੀਫਾ ਸਕੀਮ ਦੇ 250 ਕਰੋੜ ਰੁਪਏ ਦਾ ਬਕਾਇਆ ਪਹਿਲਾਂ ਤੋਂ ਪੰਜਾਬ ਸਰਕਾਰ ਵੱਲ ਖੜ੍ਹਾ ਸੀ, ਇਸ ਤਰ੍ਹਾਂ ਹੁਣ ਕਾਂਗਰਸ ਸਰਕਾਰ ਵੱਲ ਦਲਿਤ ਵਿਦਿਆਰਥੀਆਂ ਦੇ 500 ਕਰੋੜ ਰੁਪਏ ਤੋਂ ਵੱਧ ਦਾ ਬਕਾਇਆ ਖੜ੍ਹਾ ਹੈ।
ਸਰਦਾਰ ਬਾਦਲ ਨੇ ਪੰਜਾਬ ਯੂਨੀਵਰਸਿਟੀ ਵੱਲੋਂ 2000 ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਤੋਂ ਇਨਕਾਰ ਕਰਨ ਉੱਤੇ ਦੁੱਖ ਅਤੇ ਹੈਰਾਨੀ ਪ੍ਰਗਟ ਕੀਤੀ, ਜਿਸ ਵੱਲੋਂ ਅਜਿਹਾ ਕਦਮ ਕਾਂਗਰਸ ਸਰਕਾਰ ਨੂੰ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ 10 ਕਰੋੜ ਰੁਪਏ ਦੇ ਬਕਾਏ ਲੈਣ ਸੰਬੰਧੀ ਕਾਂਗਰਸ ਸਰਕਾਰ ਨੂੰ ਵਾਰ ਵਾਰ ਬੇਨਤੀਆਂ ਕਰਨ ਤੋਂ ਬਾਅਦ ਚੁੱਕਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਲਾਪਰਵਾਹੀ ਲਈ ਸਿਰਫ ਪੰਜਾਬ ਸਰਕਾਰ ਜ਼ਿੰਮੇਵਾਰ ਹੈ ਅਤੇ ਦਲਿਤ ਵਿਦਿਆਰਥੀਆਂ ਉਹਨਾਂ ਦਾ ਕਰੀਅਰ ਖ਼ਰਾਬ ਕਰਨ ਵਾਲੀ ਇਸ ਸਰਕਾਰ ਨੂੰ ਜਰੂਰ ਸਬਕ ਸਿਖਾਉਣਗੇ। ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਤੋਂ ਇਲਾਵਾ ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਅਤੇ ਹੋਰ ਬਹੁਤ ਸਾਰੇ ਪ੍ਰਾਈਵੇਟ ਸੰਸਥਾਨ ਵੀ ਦਲਿਤ ਵਿਦਿਆਰਥੀਆਂ ਨੂੰ ਡਿਗਰੀਆਂ ਦੇਣ ਤੋਂ ਇਨਕਾਰ ਕਰ ਰਹੇ ਹਨ।
ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸਿਰਫ ਇਹੀ ਨਹੀੰ। ਦਲਿਤ ਵਿਦਿਆਰਥੀਆਂ ਕੋਲੋਂ ਹੁਣ ਦਾਖ਼ਲਾ ਫੀਸ ਵੀ ਲਈ ਜਾ ਰਹੀ ਹੈ, ਜਿਹੜੀ ਕਿ ਅਕਾਲੀ-ਭਾਜਪਾ ਕਾਰਜਕਾਲ ਦੌਰਾਨ ਕਦੇ ਨਹੀਂ ਸੀ ਲਈ ਗਈ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਅਜਿਹੇ ਲੋਕ-ਵਿਰੋਧੀ ਕਦਮਾਂ ਕਰਕੇ ਦਲਿਤ ਵਿਦਿਆਰਥੀਆਂ ਦੀ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਵਿਚ ਗਿਣਤੀ ਸਿਰਫ ਦੋ ਲੱਖ ਰਹਿ ਗਈ ਹੈ, ਜਦਕਿ ਅਕਾਲੀ-ਭਾਜਪਾ ਸਰਕਾਰ ਸਮੇਂ ਇਹ ਗਿਣਤੀ ਤਿੰਨ ਲੱਖ ਤੋਂ ਉੱਪਰ ਹੁੰਦੀ ਸੀ।
ਇਹ ਕਹਿੰਦਿਆਂ ਕਿ ਅਕਾਲੀ ਦਲ ਕਾਂਗਰਸ ਸਰਕਾਰ ਨੂੰ ਇਸ ਤਰ੍ਹਾਂ ਦਲਿਤਾਂ ਨਾਲ ਵਿਤਕਰਾ ਨਹੀਂ ਕਰਨ ਦੇਵੇਗਾ, ਸਰਦਾਰ ਬਾਦਲ ਨੇ ਕਿਹਾ ਕਿ ਦਲਿਤਾਂ ਨੂੰ ਇਨਸਾਫ ਦਿਵਾਉਣ ਲਈ ਪਾਰਟੀ ਵੱਲੋਂ ਇੱਕ ਤਿੱਖਾ ਅੰਦੋਲਨ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਮੈਂ ਸਾਰੇ ਦਲਿਤ ਭਾਈਚਾਰੇ ਨੂੰ ਇਸ ਮੁੱਦੇ ਉੱਤੇ ਇੱਕਜੁਟ ਹੋਣ ਦੀ ਅਪੀਲ ਕਰਦਾ ਹਾਂ ਤਾਂ ਕਿ ਕਾਂਗਰਸ ਸਰਕਾਰ ਦੀਆਂ ਦਲਿਤ-ਵਿਰੋਧੀ ਨੀਤੀਆਂ ਕਰਕੇ ਸਾਡੇ ਲੱਖਾਂ ਬੱਚਿਆਂ ਦਾ ਭਵਿੱਖ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਅਕਾਲੀ ਦਲ ਦਲਿਤ ਭਾਈਚਾਰੇ ਦੇ ਬਾਕੀ ਮਸਲੇ ਜਿਵੇਂ ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਦਿੱਤੀਆਂ ਸ਼ਗਨ ਸਕੀਮ ਸਮੇਤ ਸਮਾਜ ਭਲਾਈ ਸਹੂਲਤਾਂ ਨੂੰ ਰੋਕਣ ਅਤੇ 200 ਯੂਨਿਟ ਮੁਫਤ ਬਿਜਲੀ ਦੇਣ ਸੰਬੰਧੀ ਨਿਯਮਾਂ 'ਚ ਕੀਤੀਆਂ ਤਬਦੀਲੀਆਂ ਸਮੇਤ ਸਾਰੇ ਮੁੱਦਿਆਂ ਨੂੰ ਜ਼ੋਰ ਸ਼ੋਰ ਨਾਲ ਉਠਾਏਗਾ।