ਬਟਾਲਾ/07 ਦਸੰਬਰ:ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਜੇਕਰ 2022 ਵਿਚ ਅਕਾਲੀ-ਭਾਜਪਾ ਸਰਕਾਰ ਬਣੀ ਤਾਂ ਇਸ ਵੱਲੋਂ ਸਿਟ ਦਾ ਗਠਨ ਕਰਕੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਐਸਐਸਪੀ ਉਪਿੰਦਰਜੀਤ ਘੁੰਮਣ ਸਮੇਤ ਉਹਨਾਂ ਸਾਰੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ, ਜਿਹਨਾਂ ਨੇ ਸਾਬਕਾ ਅਕਾਲੀ ਸਰਪੰਚ ਦਲਬੀਰ ਸਿੰਘ ਦਾ ਕਤਲ ਕਰਨ ਵਾਲੇ ਕਾਂਗਰਸੀ ਗੁੰਡਿਆਂ ਨੂੰ ਪਨਾਹ ਦਿੱਤੀ ਹੈ ਅਤੇ ਉਹਨਾਂ ਸਾਰਿਆਂ ਨੂੰ ਕਾਨੂੰਨ ਮੁਤਾਬਿਕ ਸਜ਼ਾ ਦਿੱਤੀ ਜਾਵੇਗੀ।
ਇਹ ਟਿੱਪਣੀ ਕਰਦਿਆਂ ਕਿ ਸੱਂਿਭਅਕ ਸਮਾਜ ਅੰਦਰ ਬਦਲੇਖੋਰੀ ਲਈ ਕੋਈ ਥਾਂ ਨਹੀਂ ਹੁੰਦੀ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਭ ਦਰਜ ਕਰਵਾਏ ਬਦਲੇਖੋਰੀ ਦੇ ਸਾਰੇ ਕੇਸਾਂ ਨੂੰ ਦੁਬਾਰਾ ਖੋਲ੍ਹਿਆ ਜਾਵੇਗਾ ਅਤੇ ਉਹਨਾਂ ਸਾਰੇ ਪੁਲਿਸ ਅਧਿਕਾਰੀਆਂ ਖ਼ਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਜਿਹਨਾਂ ਨੇ ਇਹਨਾਂ ਕਾਂਗਰਸੀ ਆਗੂਆਂ ਦੇ ਇਸ਼ਾਰੇ ਉੱਤੇ ਬੇਕਸੂਰ ਲੋਕਾਂ ਨੂੰ ਸਜ਼ਾ ਦਿੱਤੀ ਹੈ।
ਬਟਾਲਾ ਦੇ ਐਸਐਸਪੀ ਉਪਿੰਦਰਜੀਤ ਘੁੰਮਣ ਦੀ ਭੂਮਿਕਾ ਬਾਰੇ ਬੋਲਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਐਸਐਸਪੀ ਨੇ ਇਹ ਦਰਸਾਉਣ ਲਈ ਕਿ ਇਹ ਕਤਲ ਸੁਖਜਿੰਦਰ ਰੰਧਾਵਾ ਦੀ ਸਿਆਸੀ ਬਦਲੇਖੋਰੀ ਕਰਕੇ ਨਹੀਂ ਹੋਇਆ ਹੈ, ਆਪਣਾ ਪੂਰਾ ਜ਼ੋਰ ਲਾ ਦਿੱਤਾ ਹੈ ਅਤੇ ਪੀੜਤ ਪਰਿਵਾਰ ਦੇ ਬਿਆਨ ਅਨੁਸਾਰ ਇਸ ਕਤਲ ਕੇਸ ਦੀ ਸ਼ਿਕਾਇਤ ਦਰਜ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਹੁਣ ਵੀ ਐਸਐਸਪੀ ਵੱਲੋਂ ਕਾਤਿਲਾਂ ਨੂੰ ਕਾਬੂ ਕਰਨ ਲਈ ਕੁੱਝ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਅਕਾਲੀ ਦਲ ਵੱਲੋਂ ਪੂਰਾ ਤਾਣ ਲਾਇਆ ਜਾਵੇਗਾ।
ਇਸ ਮੌਕੇ ਉੱਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਸ ਕੇਸ ਦੀ ਸੀਬੀਆਈ ਕੋਲੋਂ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਦਲਬੀਰ ਸਿੰਘ ਦੇ ਕਾਤਿਲ ਇਸ ਲਈ ਨਹੀਂ ਫੜੇ ਜਾ ਰਹੇ ਹਨ, ਕਿਉਂਕਿ ਉਹਨਾਂ ਨੂੰ ਚੰਡੀਗੜ੍ਹ ਵਿਚ ਜੇਲ੍ਹ ਮੰਤਰੀ ਦੀ ਰਿਹਾਇਸ਼ ਉਤੇ ਪਨਾਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਬਟਾਲਾ ਪੁਲਿਸ ਜਾਣ ਬੁੱਝ ਕੇ ਇਸ ਮਾਮਲੇ ਦੀ ਜਾਂਚ ਢਿੱਲੀ ਰਫਤਾਰ ਨਾਲ ਕਰ ਰਹੀ ਹੈ। ਪੁਲਿਸ ਨੇ ਕਤਲ ਹੋਣ ਤੋਂ 18 ਦਿਨ ਮਗਰੋਂ ਦੋਸ਼ੀ ਦਾ ਸਕੈਚ ਜਾਰੀ ਕੀਤਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਇੰਨਾ ਵੱਡਾ ਅਪਰਾਧ ਹੋਣ ਤੋਂ ਬਾਅਦ ਵੀ ਸੁਖਜਿੰਦਰ ਰੰਧਾਵਾ ਨੇ ਇਸ ਨੂੰ 'ਮਾਮੂਲੀ ਮੁੱਦਾ' ਕਹਿ ਕੇ ਪੀੜਤ ਪਰਿਵਾਰ ਦੇ ਜ਼ਖ਼ਮਾਂ ਉੱਤੇ ਨਮਕ ਮਲਿਆ ਹੈ। ਉਹਨਾਂ ਕਿਹਾ ਕਿ ਇਸ ਘਟਨਾ ਦੇ 20 ਦਿਨ ਬਾਅਦ ਵੀ ਮੰਤਰੀ ਨੇ ਪੀੜਤ ਪਰਿਵਾਰ ਨਾਲ ਹਮਦਰਦੀ ਕਰਨਾ ਜਰੂਰੀ ਨਹੀਂ ਸਮਝਿਆ ਹੈ। ਉਹਨਾਂ ਕਿਹਾ ਕਿ ਇਸ ਦੀ ਬਜਾਇ ਬਟਾਲਾ ਪੁਲਿਸ ਵੱਲੋਂ ਕੇਸ ਦੀ ਜਾਂਚ ਨੂੰ ਲੀਹੋਂ ਲਾਹੁਣ ਲਈ ਪੂਰੀ ਵਾਹ ਲਾਈ ਜਾ ਰਹੀ ਹੈ, ਕਿਉਂਕਿ ਇਹ ਜੇਲ੍ਹ ਮੰਤਰੀ ਦੇ ਨਿਰਦੇਸ਼ਾਂ ਉੱਤੇ ਕੰਮ ਕਰ ਰਹੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਦਲਬੀਰ ਦੀ ਮੌਤ ਇੱਕ ਸਿਆਸੀ ਕਤਲ ਸੀ ਅਤੇ ਇਸ ਕਤਲ ਦੇ ਬੀਜ 2004 ਵਿਚ ਉਸ ਸਮੇਂ ਬੀਜੇ ਗਏ ਸਨ, ਜਦੋਂ ਦਲਬੀਰ ਵੱਲੋਂ ਰੰਧਾਵਾ ਨੂੰ ਬੂਥਾਂ ਉੱਤੇ ਕਬਜ਼ੇ ਕਰਨ ਤੋ ਰੋਕਦਿਆਂ ਹੋਈ ਧੱਕਾ ਮੁੱਕੀ ਵਿਚ ਕਾਂਗਰਸੀ ਆਗੂ ਦੀ ਦਸਤਾਰ ਉਤਰ ਗਈ ਸੀ। ਉਸ ਸਮੇਂ ਰੰਧਾਵਾ ਨੇ ਨਾ ਸਿਰਫ ਦਲਬੀਰ ਦੇ ਪਿਤਾ ਨੂੰ ਇਹ ਧਮਕੀ ਦਿੱਤੀ ਸੀ ਕਿ ਉਹ ਦੋ ਬੇਟੇ ਗੁਆ ਚੁੱਕਿਆ ਹੈ ਅਤੇ ਹੁਣ ਤੀਜਾ ਵੀ ਖੋ ਦੇਵੇਗਾ, ਸਗੋਂ ਪੂਰੇ ਪਰਿਵਾਰ ਖ਼ਿਲਾਫ ਇੱਕ ਝੂਠਾ ਕੇਸ ਦਰਜ ਕਰਵਾ ਕੇ ਪਰਿਵਾਰ ਦੇ ਸਾਰੇ 11 ਮੈਂਬਰਾਂ ਨੂੰ ਗਿਰਫਤਾਰ ਕਰਵਾ ਦਿੱਤਾ ਸੀ।
ਅਕਾਲੀ ਦਲ ਆਗੂ ਨੇ ਕਿਹਾ ਕਿ ਰੰਧਾਵਾ ਵੱਲੋਂ ਸਿਰਫ ਦਲਬੀਰ ਨੂੰ ਹੀ ਨਿਸ਼ਾਨਾ ਨਹੀਂ ਬਣਾਇਆ ਗਿਆ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਰੰਧਾਵਾ ਦੇ ਇਸ਼ਾਰੇ ਉੱਤੇ ਕਾਂਗਰਸ ਦੀ ਕਰਜ਼ਾ ਮੁਆਫੀ ਸਕੀਮ ਦੇ ਮੁੱਖ ਚਿਹਰੇ ਬੁੱਧ ਸਿੰਘ ਉੱਤੇ ਵੀ ਇੱਕ ਕਾਂਗਰਸੀ ਆਗੂ ਦੇ ਬੇਟੇ ਵੱਲੋਂ ਹਮਲਾ ਕੀਤਾ ਗਿਆ ਸੀ, ਕਿਉਂਕਿ ਬੁੱਧ ਸਿੰਘ ਨੇ ਕਾਂਗਰਸ ਸਰਕਾਰ ਦੀ ਪੋਲ੍ਹ ਖੋਲ੍ਹ ਦਿੱਤੀ ਸੀ।
ਸਰਦਾਰ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਸ ਇਲਾਕੇ ਦੇ ਨਾਮੀ ਬਦਮਾਸ਼ ਜੱਗੂ ਭਗਵਾਨਪੁਰੀਏ ਦੀ ਜੇਲ੍ਹ ਮੰਤਰੀ ਵੱਲੋਂ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਅਤੇ ਉਸ ਨੂੰ ਜੇਲ੍ਹ ਵਿਚ ਫੋਨ ਦਾ ਇਸਤੇਮਾਲ ਕਰਨ ਦੀ ਖੁੱਲ੍ਹ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਰੰਧਾਵਾ ਦੀ ਹਮਾਇਤ ਕਰਕੇ ਜੱਗੂ ਦੀ ਮਾਤਾ ਹਰਜੀਤ ਕੌਰ ਪਿੰਡ ਭਗਵਾਨਪੁਰ ਦੀ ਸਰਪੰਚ ਵਜੋਂ ਕੰਮ ਕਰ ਰਹੀ ਹੈ ਅਤੇ ਜੇਲ੍ਹ ਅੰਦਰ ਬੈਠੇ ਜੱਗੂ ਨੇ ਆਪਣਾ ਫਿਰੌਤੀ ਦਾ ਧੰਦਾ ਕਈ ਗੁਣਾ ਵੱਡਾ ਕਰ ਲਿਆ ਹੈ। ਉਹਨਾਂ ਕਿਹਾ ਕਿ ਰੰਧਾਵਾ ਵੱਲੋਂ ਇਸ ਹੱਦ ਤਕ ਗੈਂਗਸਟਰਾਂ ਦਾ ਬਚਾਅ ਕੀਤਾ ਜਾਂਦਾ ਹੈ ਕਿ ਉਸ ਨੇ ਮਾਨਸਾ ਵਿਚ ਇੱਕ ਗੈਂਗਵਾਰ ਦੌਰਾਨ ਮਾਰੇ ਗਏ ਗੈਂਗਸਟਰ ਮਨਪ੍ਰੀਤ ਮੰਨਾ ਦੀ ਖੁੱਲ੍ਹ ਕੇ ਵਕਾਲਤ ਕੀਤੀ ਸੀ। ਉਹਨਾਂ ਕਿਹਾ ਕਿ ਮੰਨਾ ਨੂੰ ਗੈਂਗਸਟਰ ਕਹੇ ਜਾਣ 'ਤੇ ਰੰਧਾਵਾ ਮੁਕਤਸਰ ਦੇ ਐਸਐਸਪੀ ਦੀ ਨਿਖੇਧੀ ਦੀ ਮੰਗ ਕਰਨ ਤਕ ਚਲਿਆ ਗਿਆ ਸੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਕਟਰ ਦਲਜੀਤ ਸਿੰਘ ਚੀਮਾ, ਵਿਰਸਾ ਸਿੰਘ ਵਲਟੋਹਾ, ਗੁਰਬਚਨ ਸਿੰਘ ਬੱਬੇਹਾਲੀ, ਗੁਲਜ਼ਾਰ ਸਿੰਘ ਰਣੀਕੇ, ਵੀਰ ਸਿੰਘ ਲੋਪੋਕੇ, ਸਿਕੰਦਰ ਸਿੰਘ ਮਲੂਕਾ, ਪਵਨ ਕੁਮਾਰ ਟੀਨੂੰ, ਰਵੀਕਿਰਨ ਸਿੰਘ ਕਾਹਲੋਂ ਅਤੇ ਸੋਨੂੰ ਲੰਗਾਹ ਨੇ ਵੀ ਸੰਬੋਧਨ ਕੀਤਾ।