ਭੂੰਦੜ ਨੇ ਪੰਜਾਬ ਵਿਚੋਂ ਮਾਫੀਆ ਰਾਜ ਖ਼ਤਮ ਕਰਨ ਲਈ ਰਾਹੁਲ ਗਾਂਧੀ ਨੂੰ ਦਖ਼ਲ ਦੇਣ ਲਈ ਕਿਹਾ
ਚੰਡੀਗੜ੍ਹ/23 ਜੂਨ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਤੋਂ ਜੁਆਬ ਮੰਗਿਆ ਹੈ ਕਿ ਜਦੋਂ ਪੰਜਾਬ ਵਿਚ ਰੇਤ ਮਾਫੀਆ ਵੱਲੋਂ ਕੀਤੀ ਜਾ ਰਹੀ ਗੈਰਕਾਨੂੰਨੀ ਮਾਈਨਿੰਗ ਕਰਕੇ ਆਮ ਆਦਮੀ ਤਕਲੀਫ਼ ਝੱਲ ਰਿਹਾ ਹੈ ਤਾਂ ਸਰਕਾਰ ਗੈਰਕਾਨੂੰਨੀ ਮਾਈਨਿੰਗ ਦੇ ਦੋਸ਼ੀ ਅਤੇ ਪਾਰਟੀ ਵਿਧਾਇਕ ਹਰਦੇਵ ਸਿੰਘ ਲਾਡੀ ਵਰਗੇ ਆਪਣੇ ਚਹੇਤਿਆਂ ਅਤੇ ਨੇੜਲਿਆਂ ਨੂੰ ਕਲੀਨ ਚਿਟਾਂ ਦੇ ਕੇ ਇਨਸਾਫ ਦਾ ਮਜ਼ਾਕ ਕਿਉਂ ਉਡਾ ਰਹੀ ਹੈ?
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸੀਨੀਅਰ ਆਗੂ ਅਤੇ ਪਾਰਟੀ ਸਾਂਸਦ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਕਾਂਗਰਸ ਸਰਕਾਰ ਨੇ ਹਰਦੇਵ ਲਾਡੀ ਨੂੰ ਕਲੀਨ ਚਿਟ ਦਿਵਾਉਣ ਲਈ ਪੁਲਿਸ ਦੀ ਦੁਰਵਰਤੋਂ ਕੀਤੀ ਹੈ। ਉਹਨਾਂ ਕਿਹਾ ਕਿ ਲਾਡੀ ਨੂੰ ਦੋਸ਼ੀ ਸਾਬਿਤ ਕਰਨ ਵਾਲੇ ਸਟਿੰਗ ਦਾ ਵੀਡਿਓਗ੍ਰਾਫਿਕ ਸਬੂਤ ਹੋਣ ਦੇ ਬਾਵਜੂਦ ਜਲੰਧਰ ਦਿਹਾਤੀ ਪੁਲਿਸ ਨੇ ਲਾਡੀ ਖ਼ਿਲਾਫ ਦਰਜ ਐਫਆਈਆਰ ਨੂੰ ਰੱਦ ਕਰਨ ਦੀ ਸਿਫਾਰਿਸ਼ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਇਸ ਕਾਰਵਾਈ ਨੇ ਨਾ ਸਿਰਫ ਪੁਲਿਸ ਦੇ ਕੰਮਕਾਜ ਉੱਤੇ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ, ਸਗੋਂ ਇਸ ਨੇ ਆਮ ਆਦਮੀ ਦਾ ਕਾਨੂੰਨ ਅਤੇ ਸੂਬੇ ਦੇ ਪ੍ਰਸਾਸ਼ਨ ਉੱਤੋਂ ਵੀ ਭਰੋਸਾ ਚੁੱਕ ਦਿੱਤਾ ਹੈ।
ਸਰਦਾਰ ਭੂੰਦੜ ਨੇ ਕਿਹਾ ਕਿ ਇਸ ਤੋਂ ਵੀ ਦੁੱਖ ਦੀ ਗੱਲ ਇਹ ਹੈ ਕਿ ਢੇਰ ਸਾਰੀਆਂ ਸ਼ਿਕਾਇਤਾਂ ਅਤੇ ਵੀਡਿਓਗ੍ਰਾਫਿਕ ਸਬੂਤਾਂ ਦੇ ਆਧਾਰ ਉੱਤੇ ਲਾਡੀ ਖਿਲਾਫ ਪਰਚਾ ਦਰਜ ਕਰਨ ਵਾਲਾ ਬਹਾਦਰ ਪੁਲਿਸ ਅਫਸਰ ਪਰਮਿੰਦਰ ਸਿੰਘ ਬਾਜਵਾ ਅਜੇ ਤਕ ਮੁਅੱਤਲ ਹੈ। ਉਹਨਾਂ ਕਿਹਾ ਕਿ ਜੇਕਰ ਇਹ ਝੂਠਾ ਇਨਸਾਫ ਨਹੀਂ ਤਾਂ ਹੋਰ ਕੀ ਹੈ?
ਸਰਦਾਰ ਭੂੰਦੜ ਨੇ ਕਿਹਾ ਕਿ ਜਿਸ ਤਰੀਕੇ ਨਾਲ ਲਾਡੀ ਨੂੰ ਕਲੀਨ ਚਿਟ ਦਿੱਤੀ ਗਈ ਹੈ, ਉਸ ਤੋਂ ਇਹੀ ਸੰਕੇਤ ਮਿਲਿਆ ਹੈ ਕਿ ਕਾਂਗਰਸ ਸਰਕਾਰ ਮਾਈਨਿੰਗ ਮਾਫੀਆ ਖ਼ਿਲਾਫ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਸ ਤੋਂ ਲੋਕਾਂ ਵਿਚ ਇਹ ਵੀ ਪ੍ਰਭਾਵ ਗਿਆ ਹੈ ਕਿ ਰੇਤ ਮਾਫੀਏ ਦੀ ਕਾਂਗਰਸੀ ਆਗੂਆਂ ਨਾਲ ਗੰਢਤੁੱਪ ਹੈ ਤਾਂ ਹੀ ਉਹਨਾਂ ਖ਼ਿਲਾਫ ਕੋਈ ਕਾਰਵਾਈ ਨਹੀ ਕੀਤੀ ਜਾਂਦੀ ਹੈ।
ਰਾਜ ਸਭਾ ਸਾਂਸਦ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਸੂਬੇ ਦੀ ਪੁਲਿਸ ਬਹੁਤ ਸਾਰੇ ਕੇਸਾਂ ਵਿਚ ਮਾਈਨਿੰਗ ਮਾਫੀਏ ਦੀ ਕਾਂਗਰਸੀ ਆਗੂਆਂ ਨਾਲ ਨੇੜਤਾ ਹੋਣ ਕਰਕੇ ਉਹ ਖਿਲਾਫ ਕਾਰਵਾਈ ਕਰਨ ਤੋਂ ਇਨਕਾਰ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਪਟਿਆਲਾ ਮਾਈਨਿੰਗ ਵਿਭਾਗ ਦੇ ਜਨਰਲ ਮੈਨੇਜਰ ਟਹਿਲ ਸਿੰਘ ਸੇਖੋਂ ਨੂੰ ਰੇਤ ਮਾਫੀਆ ਦੇ ਬੰਦਿਆਂ ਵੱਲੋਂ ਇਸ ਲਈ ਕੁੱਟਿਆ ਗਿਆ ਸੀ, ਕਿਉਂਕਿ ਉਸ ਨੇ ਘਨੌਰ ਦੇ ਕਾਂਗਰਸੀ ਵਿਧਾਇਕ ਦੇ ਖਾਸ ਬੰਦੇ ਦਾ ਟਿੱਪਰ ਰੋਕ ਲਿਆ ਸੀ।। ਉਹਨਾਂ ਕਿਹਾ ਕਿ ਹਾਲ ਹੀ ਵਿਚ ਮਾਫੀਆ ਮੈਂਬਰਾਂ ਦਾ ਹੌਂਸਲਾ ਇੰਨਾ ਖੁੱਲ੍ਹ ਗਿਆ ਕਿ ਉਹਨਾਂ ਨੇ ਗੈਰਕਾਨੂੰਨੀ ਮਾਈਨਿੰਗ ਨੂੰ ਰੋਕ ਰਹੇ ਦੋ ਜੰਗਲਾਤ ਅਧਿਕਾਰੀਆਂ ਉੱਤੇ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ।
ਸਰਦਾਰ ਭੂੰਦੜ ਨੇ ਕਿਹਾ ਕਿ ਹੁਣ ਜਦੋਂ ਕਾਂਗਰਸ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਹ ਰੇਤ ਮਾਫੀਆ ਖ਼ਿਲਾਫ ਕੋਈ ਕਾਰਵਾਈ ਨਹੀਂ ਕਰੇਗੀ ਤਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਦਖ਼ਲ ਦੇਣਾ ਚਾਹੀਦਾ ਹੈ ਅਤੇ ਕਾਂਗਰਸ ਪਾਰਟੀ ਨੂੰ ਸੂਬੇ ਅੰਦਰ ਮਾਫੀਆ ਰਾਜ ਨੂੰ ਖਤਮ ਕਰਨ ਦਾ ਨਿਰਦੇਸ਼ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਹੁਲ ਨੂੰ ਸੂਬੇ ਦੀ ਲੀਡਰਸ਼ਿਪ ਨੂੰ ਰੇਤ ਦੀਆਂ ਕੀਮਤਾਂ ਘਟਾਉਣ ਵਾਸਤੇ ਕਦਮ ਚੁੱਕਣ ਲਈ ਕਹਿਣਾ ਚਾਹੀਦਾ ਹੈ ਤਾਂ ਕਿ ਆਮ ਆਦਮੀ ਨੂੰ ਰਾਹਤ ਮਿਲ ਸਕੇ। ਉਹਨਾਂ ਕਿਹਾ ਕਿ ਜੇਕਰ ਰਾਹੁਲ ਗਾਂਧੀ ਹੁਣ ਵੀ ਦਖ਼ਲ ਨਹੀਂ ਦਿੰਦੇ ਤਾਂ ਇਹ ਸਪੱਸ਼ਟ ਹੋ ਜਾਵੇਗਾ ਕਿ ਸਮੁੱਚੀ ਕਾਂਗਰਸ ਪਾਰਟੀ ਹੀ ਮਾਫੀਆ ਨਾਲ ਮਿਲੀ ਹੋਈ ਹੈ।