ਮਜੀਠੀਆ ਨੇ ਕਾਂਗਰਸ ਨੂੰ ਕਿਹਾ ਕਿ ਜੇਕਰ ਉਹ ਵੈਦ ਦੀ ਰਾਇ ਨਾਲ ਇਤਫਾਕ ਨਹੀਂ ਰੱਖਦੀ ਤਾਂ ਵਿਧਾਇਕ ਨੂੰ ਤੁਰੰਤ ਪਾਰਟੀ ਵਿਚੋਂ ਕੱਢੇ
ਸਪੀਕਰ ਨੂੰ ਵੈਦ ਨੂੰ ਮੁਅੱਤਲ ਕਰਨ ਲਈ ਕਿਹਾ
ਚੰਡੀਗੜ•/22 ਫਰਵਰੀ:ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਵੱਲੋਂ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਜ਼ਖ਼ਮਾਂ ਉੱਤੇ ਇਹ ਕਹਿ ਕੇ ਲੂਣ ਛਿੜਕਣ ਲਈ ਨਿਖੇਧੀ ਕੀਤੀ ਹੈ ਕਿ ਉਹਨਾਂ ਦੇ ਸਕੇ ਸੰਬੰਧੀ ਤਿੰਨ ਲੱਖ ਰੁਪਏ ਦਾ ਮੁਆਵਜ਼ਾ ਲੈਣ ਦੀ ਲਾਲਚ ਵਿਚ ਖੁਦਕੁਸ਼ੀਆਂ ਕਰ ਗਏ ਹਨ। ਪਾਰਟੀ ਨੇ ਅਜਿਹੀ ਸ਼ਰਮਨਾਕ ਟਿੱਪਣੀ ਲਈ ਵਿਧਾਇਕ ਅਤੇ ਕਾਂਗਰਸ ਪਾਰਟੀ ਤੋਂ ਤੁਰੰਤ ਮੁਆਫੀ ਦੀ ਮੰਗ ਕੀਤੀ ਹੈ।
ਕਾਂਗਰਸੀ ਵਿਧਾਇਕ ਵੱਲੋਂ ਵਿਧਾਨ ਸਭਾ ਵਿਚ ਕੀਤੀ ਇਸ ਟਿੱਪਣੀ ਨੂੰ ਕਠੋਰ ਅਤੇ ਅਣਮਨੁੱਖੀ ਕਰਾਰ ਦਿੰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਇਸ ਵਿੱਚੋਂ ਕਾਂਗਰਸ ਪਾਰਟੀ ਦੀ ਮਾਨਸਿਕਤਾ ਝਲਕਦੀ ਹੈ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੀਆਂ ਤਕਲੀਫਾਂ ਪ੍ਰਤੀ ਇੰਨੀ ਕਰੂਰ ਅਤੇ ਬੇਰਹਿਮ ਹੋ ਚੁੱਕੀ ਹੈ ਕਿ ਇਸ ਨੇ ਉਹਨਾਂ ਉੱਤੇ ਸਿਰਫ ਤਿੰਨ ਲੱਖ ਰੁਪਏ ਦੇ ਮੁਆਵਜ਼ੇ ਖਾਤਿਰ ਖੁਦਕੁਸ਼ੀਆਂ ਕਰਨ ਦਾ ਦੋਸ਼ ਲਾਉਣਾ ਸ਼ੁਰੂ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਮੈਂ ਕਾਂਗਰਸੀ ਵਿਧਾਇਕ ਨੂੰ ਦੱਸਣਾ ਚਾਹਾਂਗਾ ਕਿ ਉਹਨਾਂ ਦੀ ਪਾਰਟੀ ਵੱਲੋਂ ਪਿੱਠ ਵਿਚ ਛੁਰਾ ਮਾਰੇ ਜਾਣ ਮਗਰੋਂ ਪਿਛਲੇ ਦੋ ਸਾਲਾਂ ਵਿਚ 900 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਉਹਨਾਂ ਦੇ ਪਰਿਵਾਰਾਂ ਨੂੰ ਨਾ ਤਾਂ ਦਸ ਲੱਖ ਰੁਪਏ ਦਾ ਮੁਆਵਜ਼ਾ ਮਿਲਿਆ ਹੈ ਅਤੇ ਨਾ ਹੀ ਸਰਕਾਰੀ ਨੌਕਰੀ ਮਿਲੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨਾਲ ਉਹਨਾਂ ਵੱਲੋਂ ਰਾਸ਼ਟਰੀ, ਸਹਿਕਾਰੀ ਬੈਕਾਂ ਅਤੇ ਆੜ•ਤੀਆਂ ਕੋਲੋਂ ਲਏ 90 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਨੂੰ ਮੁਆਫ ਕਰਨ ਦਾ ਵਾਅਦਾ ਕੀਤਾ ਗਿਆ ਸੀ। ਕਰਜ਼ਾ ਮੁਆਫ ਕਰਨਾ ਤਾਂ ਦੂਰ, ਉਲਟਾ ਉਹਨਾਂ ਦੀ ਕੁਰਕੀ ਕਰਵਾਈ ਜਾ ਰਹੀ ਹੈ, ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਅਤੇ ਇਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਾਅਦੇ ਉੱਤੇ ਭਰੋਸਾ ਕਰਦਿਆਂ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਨਹੀਂ ਦਿੱਤੀਆਂ। ਇਸ ਤੋਂ ਬਾਅਦ ਹੀ ਉਹਨਾਂ ਨੇ ਦੁਖੀ ਹੋ ਕੇ ਖੁਦਕੁਸ਼ੀ ਵਰਗੇ ਕਦਮ ਚੁੱਕੇ ਹਨ।
ਅਕਾਲੀ ਆਗੂ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਹ ਵੀ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਵੈਦ ਦੇ ਬਿਆਨ ਨਾਲ ਉਹ ਵੀ ਇਤਫਾਕ ਰੱਖਦੀ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹਾ ਨਹੀਂ ਹੈ ਤਾਂ ਵੈਦ ਨੂੰ ਤੁਰੰਤ ਪਾਰਟੀ ਵਿਚੋਂ ਕੱਢਿਆ ਜਾਣਾ ਚਾਹੀਦਾ ਹੈ। ਅਸੀਂ ਇਹ ਬਰਦਾਸ਼ਤ ਨਹੀ ਕਰ ਸਕਦੇ ਕਿ ਕੋਈ ਨੁੰਮਾਇਦਾ ਇਸ ਢੰਗ ਨਾਲ ਦੁਖੀ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖੇਡੇ। ਮੈਂ ਸਪੀਕਰ ਰਾਣਾ ਕੇਪੀ ਸਿੰਘ ਨੂੰ ਅਪੀਲ ਕਰਦਾ ਹਾਂ ਕਿ ਸਦਨ ਦੀ ਮਰਿਆਦਾ ਬਰਕਰਾਰ ਰੱਖਣ ਲਈ ਉਹ ਕੁਲਦੀਪ ਵੈਦ ਨੂੰ ਤੁਰੰਤ ਵਿਧਾਨ ਸਭਾ ਵਿਚੋਂ ਮੁਅੱਤਲ ਕਰ ਦੇਣ।