ਚੰਡੀਗੜ•/07 ਜੂਨ: ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਉੱਤੇ ਲੰਗਰ ਉੱਤੇ ਜੀਐਸਟੀ ਰਾਹਤ ਦੇ ਮੁੱਦੇ ਉੱਤੇ ਸਿੱਖਾਂ ਵਿਚਕਾਰ ਵੰਡੀਆਂ ਪਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਕੁੱਝ ਕਾਂਗਰਸੀ ਆਗੂਆਂ ਦੁਆਰਾ ਕੇਂਦਰ ਸਰਕਾਰ ਵਲੋਂ ਲੰਗਰ ਰਸਦ 1ੁੱਤੇ ਦਿੱਤੀ ਜੀਐਸਟੀ ਰਾਹਤ ਬਾਰੇ ਬੇਤੁਕੇ ਸੁਆਲ ਉਠਾ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਜਦਕਿ ਸੂਬੇ ਅੰਦਰ ਉਹਨਾਂ ਦੀ ਆਪਣੀ ਕਾਂਗਰਸ ਸਰਕਾਰ ਨੇ ਅਜੇ ਤੀਕ ਲੰਗਰ ਰਸਦ ਉੱਤੇ ਸੂਬਾਈ ਜੀਐਸਟੀ ਮੁਆਫ ਨਹੀਂ ਕੀਤਾ ਹੈ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਹਮੇਸ਼ਾਂ ਤੋਂ ਸਿੱਖ-ਵਿਰੋਧੀ ਮਾਨਸਿਕਤਾ ਰੱਖਣ ਵਾਲੀ ਕਾਂਗਰਸ ਪਾਰਟੀ ਦੇ ਆਗੂਆਂ ਨੇ ਹੁਣ ਕੇਂਦਰ ਸਰਕਾਰ ਵੱਲੋਂ ਲੰਗਰ ਰਸਦ ਉੱਤੇ ਦਿੱਤੀ ਜੀਐਸਟੀ ਰਾਹਤ ਬਾਰੇ ਝੂਠਾ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਉੁਹਨਾਂ ਕਿਹਾ ਕਿ ਸਿੱਖਾਂ ਦਾ ਹਮੇਸ਼ਾਂ ਹੀ ਵਿਰੋਧ ਕਰਨ ਵਾਲੀ ਕਾਂਗਰਸ ਪਾਰਟੀ ਹੁਣ ਕੇਂਦਰ ਸਰਕਾਰ ਦੇ ਲੰਗਰ ਉੱਤੇ ਜੀਐਸਟੀ ਹਟਾਏ ਜਾਣ ਦੇ ਫੈਸਲੇ ਤੋਂ ਬੁਰੀ ਤਰ•ਾਂ ਬੌਖਲਾ ਗਈ ਹੈ। ਉਹਨਾਂ ਕਿਹਾ ਕਿ ਇੰਨੇ ਸਾਲਾਂ ਦੇ ਤਜਰਬੇ ਤੋਂ ਪੰਜਾਬ ਦੇ ਲੋਕ ਜਾਣ ਚੁੱਕੇ ਹਨ ਕਿ ਕਾਂਗਰਸ ਕਦੇ ਵੀ ਸਿੱਖਾਂ ਦੇ ਹਿੱਤਾਂ ਦੀ ਗੱਲ ਨਹੀਂ ਕਰ ਸਕਦੀ। ਇਹ ਸਿਰਫ ਸਿੱਖਾਂ ਵਿਚਕਾਰ ਫੁੱਟ ਪਾਉਣ ਦੀਆਂ ਸਾਜ਼ਿਸ ਰਚ ਸਕਦੀ ਹੈ।
ਸੀਨੀਅਰ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਭੱਠਲ ਵੱਲੋਂ ਜੀਐਸਟੀ ਰਾਹਤ ਨੂੰ ਸਿੱਖ ਮਰਿਆਦਾ ਦੇ ਖ਼ਿਲਾਫ ਕਰਾਰ ਦਿੱਤੇ ਜਾਣ ਦੀ ਨਿਖੇਧੀ ਕਰਦਿਆਂ ਸਰਦਾਰ ਮਲੂਕਾ ਨੇ ਕਿਹਾ ਕਿ ਇਸ ਤਰ•ਾਂ ਜਾਪਦਾ ਹੈ ਕਿ ਬੀਬੀ ਭੱਠਲ ਨੂੰ ਨਾ ਤਾਂ ਸਿੱਖ ਮਰਿਆਦਾ ਦੀ ਸਮਝ ਹੈ ਅਤੇ ਨਾ ਹੀ ਉਹ ਜੀਐਸਟੀ ਰਾਹਤ ਯੋਜਨਾ ਬਾਰੇ ਕੋਈ ਜਾਣਕਾਰੀ ਰੱਖਦੇ ਹਨ। ਉਹਨਾਂ ਕਿਹਾ ਕਿ ਲੰਗਰ ਸੰਗਤ ਦੇ ਪੈਸੇ ਨਾਲ ਹੀ ਚੱਲਦਾ ਹੈ। ਸੰਗਤ ਦੇ ਪੈਸੇ ਨਾਲ ਲੰਗਰ ਰਸਦ ਖਰੀਦੀ ਜਾਂਦੀ ਹੈ। ਜਦੋਂ ਕੇਂਦਰ ਸਰਕਾਰ ਲੰਗਰ ਰਸਦ ਖਰੀਦਣ ਸਮੇ ਲਏ ਗਏ ਜੀਐਸਟੀ ਨੂੰ ਵਾਪਸ ਕਰੇਗੀ ਤਾਂ ਇਹ ਸੰਗਤ ਦਾ ਹੀ ਪੈਸਾ ਹੋਵੇਗਾ ਜਿਹੜਾ ਵਾਪਸ ਸੰਗਤ ਦੀ ਸੇਵਾ ਲਈ ਵਰਤਿਆ ਜਾਵੇਗਾ। ਉਹਨਾਂ ਕਿਹਾ ਕਿ ਬੀਬੀ ਭੱਠਲ ਨੇ ਸੰਗਤ ਦੇ ਪੈਸੇ ਨੂੰ ਸਰਕਾਰੀ ਪੈਸਾ ਕਹਿ ਕੇ ਨਾ ਸਿਰਫ ਆਪਣੀ ਅਗਿਆਨਤਾ ਦਾ ਸਬੂਤ ਦਿੱਤਾ ਹੈ, ਸਗੋਂ ਕਾਂਗਰਸ ਦੀਆਂ ਸਿੱਖਾਂ ਅੰਦਰ ਫੁੱਟ ਪਾਉਣ ਦੀਆਂ ਕੋਝੀਆਂ ਚਾਲਾਂ ਦਾ ਵੀ ਸਬੂਤ ਦੇ ਦਿੱਤਾ ਹੈ।
ਕੇਂਦਰ ਸਰਕਾਰ ਵੱਲੋਂ ਸਾਰੀਆਂ ਧਾਰਮਿਕ ਅਤੇ ਚੈਰੀਟੇਬਲ ਸੰਸਥਾਵਾਂ ਨੂੰ ਲੰਗਰ ਰਸਦ ਉੱਤੇ ਜੀਐਸਟੀ ਤੋਂ ਛੋਟ ਦੇਣ ਲਈ ਅਮਲ ਵਿਚ ਲਿਆਂਦੀ ਜਾ ਰਹੀ 'ਸੇਵਾ ਭੋਜ ਯੋਜਨਾ' ਬਾਰੇ ਕੁੱਝ ਕਾਂਗਰਸ-ਪੱਖੀ ਸਿੱਖ ਆਗੂਆਂ ਵੱਲੋਂ ਫੈਲਾਈਆਂ ਜਾ ਰਹੀਆਂ ਗਲਤ-ਫਹਿਮੀਆਂ ਦੀ ਨਿੰਦਾ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਸ ਯੋਜਨਾ ਤਹਿਤ ਧਾਰਮਿਕ ਅਤੇ ਚੈਰੀਟੇਬਲ ਸੰਸਥਾਵਾਂ ਦੁਆਰਾ ਲੋਕ ਭਲਾਈ ਦੇ ਕੰਮਾਂ ਲਈ ਖਰਚੇ ਪੈਸਿਆਂ ਉੱਤੇ ਲਾਏ ਗਏ ਜੀਐਸਟੀ ਨੂੰ ਇੰਨ-ਬਿੰਨ ਵਾਪਸ ਮੋੜ ਦਿੱਤਾ ਜਾਂਦਾ ਹੈ। ਸਰਕਾਰ ਇੱਕ ਹੱਥ ਨਾਲ ਪੈਸੇ ਲੈ ਕੇ ਦੂਜੇ ਹੱਥ ਨਾਲ ਵਾਪਸ ਕਰ ਦਿੰਦੀ ਹੈ। ਉਹਨਾਂ ਕਿਹਾ ਕਿ ਵਿੱਤੀ ਸਹਾਇਤਾ ਉਹ ਹੁੰਦੀ ਹੈ, ਜਿਹੜੀ ਸਰਕਾਰ ਆਪਣੀ ਜੇਬ ਵਿਚੋਂ ਕੱਢ ਕੇ ਲੋਕ ਭਲਾਈ ਦੇ ਕੰਮਾਂ ਲਈ ਦਿੰਦੀ ਹੈ। 'ਸੇਵਾ ਭੋਜ ਯੋਜਨਾ' ਤਹਿਤ ਮੋੜੇ ਗਏ ਪੈਸਿਆਂ ਨੂੰ ਸਰਕਾਰੀ ਸਹਾਇਤਾ ਕਰਾਰ ਦੇਣਾ ਇੱਕ ਨੀਵੇਂ ਪੱਧਰ ਦੀ ਰਾਜਨੀਤੀ ਹੈ, ਜੋ ਕਿ ਕਾਂਗਰਸ ਪਾਰਟੀ ਦਾ ਵਿਰਾਸਤੀ ਔਗੁਣ ਹੈ।
ਕਾਂਗਰਸ ਸਰਕਾਰ ਨੂੰ ਜੀਐਸਟੀ ਰਾਹਤ ਬਾਰੇ ਦੋਹਰੇ ਮਾਪਦੰਡ ਛੱਡ ਕੇ ਲੰਗਰ ਰਸਦ ਉੱੇਤੇ ਸੂਬਾਈ ਜੀਐਸਟੀ ਮੁਆਫ ਕਰਨ ਲਈ ਆਖਦਿਆਂ ਅਕਾਲੀ ਆਗੂ ਨੇ ਕਿਹਾ ਕਿ ਪਹਿਲਾਂ ਕਾਂਗਰਸੀ ਆਗੂ ਰੌਲਾ ਪਾਉਂਦੇ ਸੀ ਕਿ ਤੁਸੀਂ ਆਪਣੀ ਐਨਡੀਏ ਸਰਕਾਰ ਤੋਂ ਲੰਗਰ ਰਸਦ ਉੱਤੇ ਜੀਐਸਟੀ ਮੁਆਫ ਕਰਵਾਓ, ਅਸੀਂ ਤੁਰੰਤ ਸੂਬਾਈ ਜੀਐਸਟੀ ਮੁਆਫ ਕਰ ਦਿਆਂਗੇ। ਹੁਣ ਕੇਂਦਰ ਸਰਕਾਰ ਨੇ ਤਾਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇੱਕ ਵੱਡੀ ਰਾਹਤ ਦੇ ਦਿੱਤੀ ਗਈ ਹੈ ਜਦਕਿ ਕਾਂਗਰਸੀ ਆਪਣਾ ਰਾਹਤ ਦੇਣ ਦਾ ਵਾਅਦਾ ਪੁਗਾਉਣ ਦੀ ਥਾਂ ਇਸ ਮੁੱਦੇ ਝੂਠਾ ਪ੍ਰਚਾਰ ਕਰਕੇ ਸਿੱਖਾਂ ਵਿਚ ਵੰਡੀਆਂ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸੀ ਆਗੂਆਂ ਨੂੰ ਅਜਿਹੇ ਨਾਪਾਕ ਇਰਾਦਿਆਂ ਤੋਂ ਵਰਜਦਿਆਂ ਸਰਦਾਰ ਮਲੂਕਾ ਨੇ ਕਿਹਾ ਕਿ ਜੇ ਸਿੱਖ ਪੰਥ ਦਾ ਸੱਚਮੁੱਚ ਭਲਾ ਕਰਨਾ ਚਾਹੁੰਦੇ ਤਾਂ ਆਪਣੀ ਸਰਕਾਰ ਕੋਲੋਂ ਲੰਗਰ ਰਸਦ ਉੱਤੇ ਲੱਗਿਆ ਸੂਬਾਈ ਜੀਐਸਟੀ ਹਟਵਾਓ।