ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਨੇ ਰਾਜਪਾਲ ਨੂੰ ਗੁੰਮਰਾਹ ਕੀਤਾ ਅਤੇ ਗੈਰਕਾਨੂੰਨੀ ਸਿਫਾਰਿਸ਼ ਕੀਤੀ
ਚੰਡੀਗੜ੍ਹ/03 ਜੁਲਾਈ:ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਵੀਪੀ ਸਿੰਘ ਬਦਨੌਰ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਚਾਰ ਪੁਲਿਸ ਕਰਮੀਆਂ ਨੂੰ ਦਿੱਤੀ ਮੁਆਫੀ ਤੁਰੰਤ ਵਾਪਸ ਲੈ ਲੈਣ, ਜਿਹਨਾਂ ਨੇ ਇੱਕ 22 ਸਾਲ ਦੇ ਸਿੱਖ ਨੌਜਵਾਨ ਨੂੰ ਅਗਵਾ ਕਰਨ ਮਗਰੋਂ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਦਿੱਤਾ ਸੀ। ਇਸ ਤੋਂ ਇਲਾਵਾ ਪਾਰਟੀ ਨੇ ਇਸ ਗੈਰਕਾਨੂੰਨੀ ਅਤੇ ਤਰਕਹੀਣ ਮੁਆਫੀ ਦੀ ਸਿਫਾਰਿਸ਼ ਪਿਛਲੀ ਸਾਜ਼ਿਸ਼ ਨੂੰ ਬੇਨਕਾਬ ਕਰਨ ਲਈ ਰਾਜਪਾਲ ਨੂੰ ਜਾਂਚ ਦਾ ਹੁਕਮ ਦੇਣ ਦੀ ਵੀ ਮੰਗ ਕੀਤੀ ਹੈ।
ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਸੀਨੀਅਰ ਆਗੂਆਂ ਵਾਲੇ ਅਕਾਲੀ ਵਫ਼ਦ ਅਤੇ ਚਾਰ ਪੁਲਿਸ ਕਰਮੀਆਂ ਵੱਲੋਂ ਮਾਰੇ ਗਏ 22 ਸਾਲ ਦੇ ਸਿੱਖ ਹਰਜੀਤ ਸਿੰਘ ਦੇ ਪਿਤਾ ਅਤੇ ਭੈਣ ਸਮੇਤ ਰਾਜਪਾਲ ਨੂੰ ਮਿਲੇ।
ਇਸ ਬਾਰੇ ਰਾਜਪਾਲ ਨੂੰ ਜਾਣਕਾਰੀ ਦਿੰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਇਹ ਮਾਮਲਾ ਜਾਂਚ ਲਈ ਸੀਬੀਆਈ ਨੂੰ ਸੌਂਪੇ ਜਾਣ ਮਗਰੋਂ 18 ਸਾਲ ਮਗਰੋਂ ਦਸੰਬਰ 2014 ਵਿਚ ਸੀਬੀਆਈ ਦੇ ਵਿਸ਼ੇਸ਼ ਜੱਜ ਨੇ ਇਹਨਾਂ ਚਾਰ ਪੁਲਿਸ ਕਰਮੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਹਨਾਂ ਕਿਹਾ ਕਿ ਇਹ ਦੱਸਣਾ ਜਰੂਰੀ ਹੈ ਕਿ ਦੋਸ਼ੀਆਂ ਨੇ ਸੀਬੀਆਈ ਦੇ ਵਿਸ਼ੇਸ਼ ਜੱਜ ਦੇ ਫੈਸਲੇ ਖ਼ਿਲਾਫ ਅਪੀਲ ਕੀਤੀ ਸੀ ਅਤੇ ਉਹ ਅਪੀਲ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਰਾਂਖਵੀ ਪਈ ਹੈ। ਉਹਨਾਂ ਕਿਹਾ ਕਿ ਜਿਹਨਾਂ ਕੇਸਾਂ ਦੀ ਅਪੀਲ ਰਾਂਖਵੀ ਪਈ ਹੁੰਦੀ ਹੈ, ਉੁਹਨਾਂ ਵਿਚ ਮੁਆਫੀ ਨਹੀਂ ਦਿੱਤੀ ਜਾ ਸਕਦੀ। ਉਹਨਾਂ ਰਾਜਪਾਲ ਨੂੰ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਇਸ ਮੁਆਫੀ ਦੀ ਸਿਫਾਰਿਸ਼ ਬੇਹੱਦ ਗਲਤ ਸੀ ਅਤੇ ਇਹ ਰਾਜਪਾਲ ਨੂੰ ਗੁੰਮਰਾਹ ਕਰਨ ਦੇ ਸਮਾਨ ਸੀ।
ਇਸ ਕੇਸ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਕੇਸ ਬਾਰੇ ਰਾਜਪਾਲ ਨੂੰ ਸਹੀ ਜਾਣਕਾਰੀ ਨਾ ਦੇ ਕੇ ਆਪਣੀ ਸੰਵਿਧਾਨਿਕ ਜ਼ਿੰਮੇਵਾਰੀ ਨਹੀਂ ਨਿਭਾਈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਵਾਸਤੇ ਕੇਂਦਰੀ ਗ੍ਰਹਿ ਮੰਤਰਾਲੇ ਦੀ ਲੋੜੀਂਦੀ ਆਗਿਆ ਵੀ ਨਹੀਂ ਲਈ, ਜਿਹੜੀ ਕਿ ਸੀਬੀਆਈ ਵੱਲੋਂ ਜਾਂਚੇ ਸਾਰੇ ਗੰਭੀਰ ਅਪਰਾਧਿਕ ਮਾਮਲਿਆਂ ਵਿਚ ਲਾਜ਼ਮੀ ਹੁੰਦੀ ਹੈ। ਸਰਕਾਰ ਨੂੰ ਇਸ ਬਾਰੇ ਵਧੀਕ ਮੁੱਖ ਸਕੱਤਰ ਵੱਲੋਂ ਵੀ ਸਲਾਹ ਦਿੱਤੀ ਗਈ ਸੀ।
ਸਰਦਾਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੁਲਿਸ ਕਰਮੀਆਂ ਦੀਆਂ ਅਪਰਾਧਿਕ ਕਾਰਵਾਈਆਂ ਨੂੰ ਵੀ ਧਿਆਨ ਵਿਚ ਨਹੀਂ ਰੱਖਿਆ। ਉਹਨਾਂ ਕਿਹਾ ਕਿ ਸੀਬੀਆਈ ਅਦਾਲਤ ਨੇ ਪੁਲਿਸ ਕਰਮੀਆਂ ਖ਼ਿਲਾਫ ਆਪਣੇ ਫੈਸਲੇ ਵਿਚ ਦੱਸਿਆ ਸੀ ਕਿ ਉਹਨਾਂ ਨੇ ਸਿਰਫ ਤਰੱਕੀਆਂ ਅਤੇ ਇਨਾਮ ਲੈਣ ਦੇ ਮਕਸਦ ਨਾਲ ਸਿੱਖ ਨੌਜਵਾਨ ਦਾ ਕਤਲ ਕੀਤਾ ਸੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਪੀੜਤ ਪਰਿਵਾਰ ਦੁਆਰਾ ਇਨਸਾਫ ਲੈਣ ਲਈ ਲੜੀ ਲੰਬੀ ਲੜਾਈ ਨੂੰ ਵੀ ਧਿਆਨ ਵਿਚ ਨਹੀਂ ਰੱਖਿਆ। ਉਹਨਾਂ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਵੱਲੋਂ ਸਿਰਫ ਦੋ ਸਾਲ ਦੀ ਸਜ਼ਾ ਕੱਟਣ ਮਗਰੋਂ ਹੀ ਸੂਬਾ ਸਰਕਾਰ ਦੁਆਰਾ ਉਹਨਾਂ ਦੀ ਮੁਆਫੀ ਵਾਸਤੇ ਅਰਜ਼ੀ ਦੇਣਾ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਸਰਕਾਰ ਨੂੰ ਇਹਨਾਂ ਕਾਤਿਲ ਪੁਲਿਸ ਅਧਿਕਾਰੀਆਂ ਨੂੰ ਬਚਾਉਣ ਦੀ ਕਿੰਨੀ ਕਾਹਲ ਮੱਚੀ ਸੀ।
ਅਕਾਲੀ ਵਫ਼ਦ ਨੇ ਰਾਜਪਾਲ ਨੂੰ ਇਹਨਾਂ ਤੁਰੰਤ ਪੁਲਿਸ ਕਰਮੀਆਂ ਨੂੰ ਦਿੱਤੀ ਮੁਆਫੀ ਵਾਪਸ ਲੈਣ ਦੀ ਅਪੀਲ ਕੀਤੀ। ਉਹਨਾਂ ਇਹ ਵੀ ਕਿਹਾ ਕਿ ਇਸ ਮੁਆਫੀ ਲਈ ਸਿਫਾਰਿਸ਼ ਕਰਦਿਆਂ ਕਾਨੂੰਨ ਦੀ ਭਾਰੀ ਉਲੰਘਣਾ ਹੋਈ ਹੈ, ਇਸ ਲਈ ਇਸ ਸਮੁੱਚੀ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਲਈ ਇਸ ਮਾਮਲੇ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ।
ਬਾਅਦ ਵਿਚ ਪੀੜਤ ਪਰਿਵਾਰ ਵਿਚੋਂ ਪਿਤਾ ਮਹਿੰਦਰ ਸਿੰਘ ਅਤੇ ਭੈਣ ਹਰਜੀਤ ਕੌਰ ਸਮੇਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਹਰਜੀਤ ਲਈ ਇਨਸਾਫ ਲੈਣ ਵਾਸਤੇ ਪਾਰਟੀ ਵੱਲੋਂ ਨਿਆਂਪਾਲਿਕਾ ਤਕ ਪਹੁੰਚ ਕਰਨ ਸਮਤੇ ਸਾਰੇ ਵਿਕਲਪ ਤਲਾਸ਼ੇ ਜਾਣਗੇ। ਇਸ ਵਫ਼ਦ ਵਿਚ ਸਰਦਾਰ ਬਲਵਿੰਦਰ ਸਿੰਘ ਭੂੰਦੜ, ਜਥੇਦਾਰ ਤੋਤਾ ਸਿੰਘ, ਚਰਨਜੀਤ ਸਿੰਘ ਅਟਵਾਲ, ਨਿਰਮਲ ਸਿੰਘ ਕਾਹਲੋਂ, ਹਰੀ ਸਿੰਘ ਜ਼ੀਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਬੀਬੀ ਜਗੀਰ ਕੌਰ, ਡਾਕਟਰ ਦਲਜੀਤ ਸਿੰਘ ਚੀਮਾ, ਗੁਲਜ਼ਾਰ ਸਿੰਘ ਰਣੀਕੇ ਅਤੇ ਬਲਦੇਵ ਸਿੰਘ ਮਾਨ ਵੀ ਸ਼ਾਮਿਲ ਸਨ।