ਚੰਡੀਗੜ•/25ਫਰਵਰੀ: ਕਾਂਗਰਸ ਸਰਕਾਰ ਵੱਲੋਂ ਅੰਮ੍ਰਿਤਸਰ ਰੇਲ ਹਾਦਸਾ ਪੀੜਤਾਂ ਪ੍ਰਤੀ ਅਪਣਾਏ ਲਾਪਰਵਾਹੀ ਭਰੇ ਵਤੀਰੇ ਅਤੇ ਉਹਨਾਂ ਨਾਲ ਕੀਤੇ ਵਾਅਦੇ ਨਾ ਨਿਭਾਉਣ ਵਿਰੁੱਧ ਪ੍ਰਦਰਸ਼ਨ ਕਰਨ ਲਈ ਅੱਜ ਸਵੇਰੇ ਵਿਧਾਨ ਸਭਾ ਦੇ ਬਾਹਰ ਇਕੱਠੇ ਹੋਏ ਸੈਕੜੇ ਅੰਮ੍ਰਿਤਸਰ ਰੇਲ ਹਾਦਸਾ ਪੀੜਤਾਂ ਦੇ ਪਰਿਵਾਰਾਂ ਨੂੰ ਸਾਬਕਾ ਉਪ ਮੁੱਖ ਮੰਤਰੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਅਕਾਲੀ-ਭਾਜਪਾ ਨੇ ਸਮਰਥਨ ਦਿੰਦਿਆਂ ਕਿਹਾ ਕਿ ਪੀੜਤ ਪਰਿਵਾਰਾਂ ਦੀ ਹੱਕੀ ਮੰਗਾਂ ਨੂੰ ਤੁਰੰਤ ਪੂਰਾ ਕੀਤਾ ਜਾਵੇ।
ਪਰੰਤੂ ਸਰਕਾਰ ਨੇ ਇਸ ਮੁੱਦੇ ਉੱਤੇ ਢੀਠਤਾਈ ਭਰੀ ਖਾਮੋਸ਼ੀ ਧਾਰੀ ਰੱਖੀ, ਜਿਸ ਕਰਕੇ ਅਕਾਲੀ-ਭਾਜਪਾ ਗਠਜੋੜ ਨੂੰ ਰੋਸ ਵਜੋਂ ਸਦਨ ਵਿਚੋਂ ਵਾਕ ਆਊਟ ਕਰਨਾ ਪਿਆ।
ਤਿੰਨ ਮਹੀਨੇ ਪਹਿਲਾਂ ਵਾਪਰੇ ਭਿਆਨਕ ਰੇਲ ਹਾਦਸੇ ਵਿਚ ਆਪਣੇ ਸਕੇ-ਸੰਬੰਧੀਆਂ ਨੂੰ ਗੁਆ ਚੁੱਕੇ ਇਹ ਪੀੜਤ ਪਰਿਵਾਰ ਇੰਨੀ ਸਰਦੀ ਵਿਚ ਚੰਡੀਗੜ• ਇਹ ਦੱਸਣ ਲਈ ਆਏ ਸਨ ਕਿ ਹਾਦਸੇ ਤੋਂ ਤੁਰੰਤ ਬਾਅਦ ਉਹਨਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਗਿਆ ਹੈ। ਜਿਸ ਕਰਕੇ ਇਹ ਪਰਿਵਾਰ ਦੁੱਖ ਦੇ ਨਾਲ ਨਾਲ ਗਰੀਬੀ ਅਤੇ ਭੁੱਖਮਰੀ ਨਾਲ ਜੂਝਦੇ ਹੋਏ ਆਪਣੇ ਜ਼ਖ਼ਮੀ ਪਰਿਵਾਰਕ ਜੀਆਂ ਦਾ ਇਲਾਜ ਕਰਵਾਉਣ ਲਈ ਮਜ਼ਬੂਰ ਹਨ।
ਅਸੰਬਲੀ ਵਿਚ ਭਾਗ ਲੈਣ ਜਾਂਦੇ ਸਮੇਂ ਸਰਦਾਰ ਸੁਖਬੀਰ ਬਾਦਲ ਨੇ ਇਹਨਾਂ ਪੀੜਤਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਠਰੰਮੇ ਨਾਲ ਸੁਣਿਆ ਅਤੇ ਉਹਨਾਂ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਤਕਲੀਫਾਂ ਉਹ ਸਦਨ ਵਿਚ ਉਠਾਉਣਗੇ।
ਬਾਅਦ ਵਿਚ ਰੇਲ ਹਾਦਸਾ ਪੀੜਤਾਂ ਦੀਆਂ ਤਕਲੀਫਾਂ ਬਾਰੇ ਬੋਲਦਿਆਂ ਪਾਰਟੀ ਦੇ ਜਨਰਲ ਸਕੱਤਰ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਇਹਨਾਂ ਪੀੜਤ ਪਰਿਵਾਰਾਂ ਨੂੰ ਇਨਸਾਫ ਦਿਵਾਉਣ ਲਈ ਆਪਣੀ ਪੂਰੀ ਵਾਹ ਲਾਵੇਗਾ। ਇਸ ਮੌਕੇ ਪੀੜਤਾਂ ਨੇ ਦੱਸਿਆ ਕਿ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੀੜਤ ਪਰਿਵਾਰਾਂ ਦੇ ਇੱਕ ਜੀਅ ਨੂੰ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤਕ ਕਿਸੇ ਕੋਈ ਨੌਕਰੀ ਦੀ ਪੇਸ਼ਕਸ਼ ਨਹੀਂ ਦਿੱਤੀ ਗਈ। ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸੀ ਆਗੂ ਸਿਰਫ ਝੂਠੇ ਵਾਅਦੇ ਕਰਦੇ ਹਨ।
ਪੀੜਤ ਪਰਿਵਾਰਾਂ ਨੇ ਇਸ ਮੌਕੇ ਨਵਜੋਤ ਸਿੱਧੂ ਅਤੇ ਉਹਨਾਂ ਦੀ ਪਤਨੀ ਨੂੰ ਰੇਲ ਹਾਦਸੇ ਲਈ ਮੁੱਖ ਜ਼ਿੰਮੇਵਾਰ ਕਰਾਰ ਦਿੰਦਿਆਂ ਕਿਹਾ ਕਿ ਬੇਸ਼ੱਕ ਉਹਨਾਂ ਨੇ ਖੁਦ ਨੂੰ ਕਲੀਨ ਚਿਟ ਦੇ ਦਿੱਤੀ ਹੈ, ਪਰੰਤੂ ਅਸਲੀ ਦੋਸ਼ੀ ਉਹੀ ਹਨ।
ਕਈ ਘੰਟੇ ਰੋਸ ਪ੍ਰਦਰਸ਼ਨ ਕਰਨ ਮਗਰੋਂ ਇਹ ਪੀੜਤ ਪਰਿਵਾਰ ਵਾਪਸ ਅੰਮ੍ਰਿਤਸਰ ਚਲੇ ਗਏ।