ਸ. ਬਲਵਿੰਦਰ ਸਿੰਘ ਭੂੰਦੜ (ਜਨਮ 20 ਸਤੰਬਰ, 1944) ਮੌਜੂਦਾ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਅਤੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਹਨ। ਓਹਨਾ ਨੇ 1977 ਤੋਂ 1980 ਤੱਕ ਖੇਤੀਬਾੜੀ ਲਈ ਕੈਬਨਿਟ ਮੰਤਰੀ, ਜੰਗਲਾਤ ਲਈ ਕੈਬਨਿਟ ਮੰਤਰੀ ਅਤੇ ਭੂਮੀ ਸੰਭਾਲ ਲਈ ਕੈਬਨਿਟ ਮੰਤਰੀ ਵਜੋਂ ਸੇਵਾ ਨਿਭਾਈ। ਸ. ਬਲਵਿੰਦਰ ਸਿੰਘ ਭੂੰਦੜ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ, ਆਲ ਇੰਡੀਆ ਕਿਸਾਨ ਸਭਾ ਦੇ ਪ੍ਰਧਾਨ ਅਤੇ ਵਿਧਾਨ ਸਭਾ ਦੇ ਮੈਂਬਰ ਦੇ ਸਾਬਕਾ ਅਹੁਦਿਆਂ 'ਤੇ ਰਹੇ ਹਨ।
ਸਰਦੂਲਗੜ੍ਹ, ਮਾਨਸਾ ਜ਼ਿਲ੍ਹੇ ਤੋਂ ਬਲਵਿੰਦਰ ਸਿੰਘ ਭੂੰਦੜ ਨੇ ਆਪਣਾ ਸਿਆਸੀ ਜੀਵਨ ਉਦੋਂ ਸ਼ੁਰੂ ਕੀਤਾ ਜਦੋਂ ਉਹ 1964 ਤੋਂ 1972 ਤੱਕ ਪਿੰਡ ਦੇ ਸਰਪੰਚ ਚੁਣੇ ਗਏ। ਫਿਰ ਉਹ ਲਗਾਤਾਰ 4 (1972-1977, 1977-1980, 1980-1982 ਅਤੇ 1982-1987) ਵਾਰ ਸਰਦੂਲਗੜ੍ਹ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਸ. ਬਲਵਿੰਦਰ ਸਿੰਘ ਭੂੰਦੜ ਨੇ ਉਸ ਸਮੇਂ ਦੀ ਕਾਂਗਰਸ ਸਰਕਾਰ ਦੀਆਂ ਐਮਰਜੈਂਸੀ ਅਤੇ ਤਾਨਾਸ਼ਾਹੀ ਨੀਤੀਆਂ ਵਿਰੁੱਧ ਅੰਦੋਲਨ ਕਰਦੇ ਹੋਏ 8 ਸਾਲ ਜੇਲ੍ਹ ਵਿਚ ਬਿਤਾਏ ਹਨ।
1997 ਤੋਂ 1999 ਤੱਕ, ਸ. ਬਲਵਿੰਦਰ ਸਿੰਘ ਭੂੰਦੜ ਨੇ ਖੇਤੀਬਾੜੀ ਮੰਡੀਕਰਨ ਬੋਰਡ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ, 1998 ਵਿੱਚ, ਉਹ ਭਾਰਤ ਦੀ ਸੰਸਦ ਦੇ ਉਪਰਲੇ ਸਦਨ, ਰਾਜ ਸਭਾ ਲਈ ਚੁਣੇ ਗਏ। 2002 ਤੋਂ 2007 ਤੱਕ, ਭੂੰਦੜ ਮੁੜ 5ਵੀਂ ਵਾਰ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ। ਭੂੰਦੜ 2010 ਅਤੇ 2016 ਵਿੱਚ ਵੀ ਮੁੜ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਨ।